punjabi.kalam
This page is dedicated to promote Punjabi poetry. Please share the page and promote us.
ਇਸ ਚਿਹਰੇ ਤੋਂ ਮੁਨਕਰ ਹੋਣਾ ਚਾਹੁੰਦਾ ਹੈ ।
ਬੁੱਤ ਦੁਬਾਰਾ ਪੱਥਰ ਹੋਣਾ ਚਾਹੁੰਦਾ ਹੈ ।
ਬੋਲਣ ਲਗਿਆਂ ਜਿਸਦੀ ਹੋਂਦ ਗਵਾਚੇ ਨਾ,
ਮਾਤਰ ਤੋਂ ਉਹ ਅੱਖਰ ਹੋਣਾ ਚਾਹੁੰਦਾ ਹੈ ।
ਤੇਰਾ ਰੂਪ ਦਿਖਾਈ ਦੇਵੇ ਜਿਸ ਅੰਦਰ,
ਉਹ ਇਕ ਐਸਾ ਚਿੱਤਰ ਹੋਣਾ ਚਾਹੁੰਦਾ ਹੈ ।
ਮੇਟ ਮਿਟਾ ਕੇ ਅਪਣੀ ਹਸਤੀ ਰੂਪ ਅਕਾਰ,
ਕਿਉਂ ਇਕ ਤਾਰਾ ਅੰਬਰ ਹੋਣਾ ਚਾਹੁੰਦਾ ਹੈ ।
ਚੌਵੀ ਘੰਟੇ ਸ਼ੋਰ ਸ਼ਰਾਬਾ ਸ਼ੋਰੋ ਗੁਲ,
ਪੂਜਾ ਘਰ ਹੁਣ ਖੰਡਰ ਹੋਣਾ ਚਾਹੁੰਦਾ ਹੈ ।
ਜਾਤਾਂ ਰੰਗ ਨਸਲ ਵਿਚ ਫਸਿਆ ਇਹ ਬੰਦਾ,
ਇਕ ਦੂਜੇ ਤੋਂ ਬਿਹਤਰ ਹੋਣਾ ਚਾਹੁੰਦਾ ਹੈ ।
'ਲਾਲੀ' ਨੂੰ ਹੁਣ ਤਾਂਘ ਨਹੀਂ ਕੁਝ ਬਣਨੇ ਦੀ,
ਸਰਵਣ ਵਰਗਾ ਪੁੱਤਰ ਹੋਣਾ ਚਾਹੁੰਦਾ ਹੈ ।
ਰਾਜ ਲਾਲੀ ਬਟਾਲਾ
ਤੇਰੀ ਯਾਦ ਕੋਲ ਬਿਠਾਕੇ ਤਰਜ਼ਾਂ ਮੈਂ ਲਿਖੀਆਂ ਨੇ
ਮਿੱਠੀਆਂ ਗੱਲਾਂ ਦੇ ਮੂਹਰੇ ਚਾਹਵਾਂ ਵੀ ਫਿੱਕੀਆਂ ਨੇ
ਹੋ ਸਕੇ ਤਾਂ ਫਿਰ ਤੋਂ ਆਵੀਂ ਜ਼ਿੰਦਗੀ ਬਹਾਰ ਬਣਕੇ
ਅਗਲੇ ਜਨਮ 'ਚ ਆਵੀਂ ਮੇਰਾ ਤੂੰ ਯਾਰ ਬਣਕੇ
ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
ਜਦ ਪੈਣ ਕਪਾਹੀ ਫੁੱਲ
ਵੇ ਧਰਮੀ ਬਾਬਲਾ ।
ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।
ਇਸੇ ਰੁੱਤੇ ਮੇਰਾ ਗੀਤ ਗਵਾਚਾ
ਜਿਦ੍ਹੇ ਗਲ ਬਿਰਹੋਂ ਦੀ ਗਾਨੀ
ਮੁੱਖ 'ਤੇ ਕਿੱਲ ਗ਼ਮਾਂ ਦੇ
ਨੈਣੀਂ ਉੱਜੜੇ ਖੂਹ ਦਾ ਪਾਣੀ
ਗੀਤ ਕਿ ਜਿਸਨੂੰ ਹੋਂਠ ਛੁਹਾਇਆਂ
ਜਾਏ ਕਥੂਰੀ ਘੁਲ
ਵੇ ਧਰਮੀ ਬਾਬਲਾ
ਸਾਨੂੰ ਗੀਤ ਉਹ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।
ਇਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ
ਬੀਜੇ ਸੁਪਨੇ ਸੁੱਚੇ
ਲੱਖ ਨੈਣਾਂ ਦੇ ਪਾਣੀ ਸਿੰਜੇ
ਪਰ ਨਾ ਲੱਗੇ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਇਕ ਫੁੱਲ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।
ਕਿਹੜੇ ਕੰਮ ਇਹ ਮਿਲਖ਼ ਜਗੀਰਾਂ
ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨ ਸਰੋਵਰ
ਹੰਸਣੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ
ਚੋਗ ਮੋਤੀਆਂ ਤੁੱਲ
ਵੇ ਧਰਮੀ ਬਾਬਲਾ
ਜੇ ਰੁੱਤ ਨਾ ਲੈ ਦਏਂ ਮੁੱਲ
ਵੇ ਧਰਮੀ ਬਾਬਲਾ ।
ਜਦ ਪੈਣ ਕਪਾਹੀ ਫੁੱਲ
ਵੇ ਧਰਮੀ ਬਾਬਲਾ ।
ਸ਼ਿਵ ਕੁਮਾਰ ਬਟਾਲਵੀ
ਯਾਦ ਕਰਕੇ ਤੈਂਡੜੇ
ਠੁਕਰਈ ਹਾਸੇ ਦੀ ਆਵਾਜ਼
ਜਿਗਰ ਮੇਰਾ ਹਿਜਰ ਦੇ
ਸੱਕਾਂ ਦੀ ਅੱਗ ਵਿਚ ਸੜੇਗਾ
ਪਰਦੇਸ ਵੱਸਣ ਵਾਲਿਆ l
ਸ਼ਿਵ ਕੁਮਾਰ ਬਟਾਲਵੀ
ਸਾਂਝੇ ਪੰਜਾਬ ਦੀ ਧੀ, ਅਮ੍ਰਿਤਾ ਪ੍ਰੀਤਮ ਦਾ ਜਨਮ ਦਿਨ ਸਭ ਨੂੰ ਮੁਬਾਰਕ ਹੋਵੇ। ਪੰਜਾਬ ਦੀ ਤਕਸੀਮ ਬਾਰੇ ਉਸਦੀ ਨਜ਼ਮ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਹਰ ਸੁਹਿਰਦ ਪੰਜਾਬੀ ਦੇ ਦਿਲ ਦੀ ਹੂਕ ਹੈ
ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ
ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿੱਛੀਆਂ
ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿਚ
ਦਿੱਤੀ ਜ਼ਹਿਰ ਮਿਲਾ।
ਤੇ ਉਹਨਾਂ ਪਾਣੀਆਂ ਧਰਤ ਨੂੰ
ਦਿੱਤਾ ਪਾਣੀ ਲਾ।
ਇਸ ਜ਼ਰਖ਼ੇਜ਼ ਜ਼ਮੀਨ ਦੇ
ਲੂੰ ਲੂੰ ਫੁੱਟਿਆ ਜ਼ਹਿਰ।
ਗਿੱਠ ਗਿੱਠ ਚੜ੍ਹੀਆਂ ਲਾਲੀਆਂ
ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ ਵਲਿੱਸੀ ਵਾ ਫਿਰ
ਵਣ ਵਣ ਵੱਗੀ ਜਾ।
ਉਹਨੇ ਹਰ ਇਕ ਬਾਂਸ ਦੀ ਵੰਝਲੀ
ਦਿੱਤੀ ਨਾਗ ਬਣਾ।
ਪਹਿਲਾ ਡੰਗ ਮਦਾਰੀਆਂ
ਮੰਤਰ ਗਏ ਗੁਆਚ।
ਦੂਜੇ ਡੰਗ ਦੀ ਲੱਗ ਗਈ
ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਕ ਮੂੰਹ
ਬਸ ਫਿਰ ਡੰਗ ਹੀ ਡੰਗ।
ਪਲੋ ਪਲੀ ਪੰਜਾਬ ਦੇ
ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ
ਤ੍ਰਕਲਿਉਂ ਟੁੱਟੀ ਤੰਦ।
ਤ੍ਰਿਜੰਣੋਂ ਟੁੱਟੀਆਂ ਸਹੇਲੀਆਂ
ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ,
ਲੁੱਡਣ ਦਿੱਤੀਆਂ ਰੋੜ।
ਸਣੇ ਡਾਲੀਆਂ ਪੀਂਘ ਅੱਜ
ਪਿੱਪਲਾਂ ਦਿੱਤੀ ਤੋੜ।
ਜਿਥੇ ਵਜਦੀ ਫੂਕ ਪਿਆਰ ਦੀ
ਉਹ ਵੰਝਲੀ ਗਈ ਗੁਆਚ।
ਰਾਂਝੇ ਦੇ ਸਭ ਵੀਰ ਅੱਜ
ਭੁੱਲ ਗਏ ਉਸਦੀ ਜਾਚ।
ਧਰਤੀ 'ਤੇ ਲਹੂ ਵੱਸਿਆ
ਕਬਰਾਂ ਪਈਆਂ ਚੋਣ।
ਪ੍ਰੀਤ ਦੀਆਂ ਸਹਿਜ਼ਾਦੀਆਂ
ਅੱਜ ਵਿਚ ਮਜ਼ਾਰਾਂ ਰੋਣ।
ਅੱਜ ਸਭੇ ਕੈਦੋਂ ਬਣ ਗਏ
ਹੁਸਨ ਇਸ਼ਕ ਦੇ ਚੋਰ।
ਅੱਜ ਕਿਥੋਂ ਲਿਆਈਏ ਲੱਭ ਕੇ
ਵਾਰਿਸ ਸ਼ਾਹ ਇਕ ਹੋਰ।
ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।
ਉਹਦਾ ਚੇਤਾ ਨਾਲ ਹੁੰਦਾ ਏ।
ਇੱਕ ਇੱਕ ਸ਼ਿਅਰ ਕਮਾਲ ਹੁੰਦਾ ਏ।
ਕਿਸੇ ਵੀ ਗੱਲ ’ਤੇ ਅੜ ਜਾਂਦਾ ਏ,
ਦਿਲ ਤੇ ਜ਼ਿੱਦੀ ਬਾਲ ਹੁੰਦਾ ਏ।
ਆ ਜਾਂਦਾ ਏ ਚੰਦਰਾ ਸਾਵਣ,
ਫਿਰ ਜੋ ਮੇਰਾ ਹਾਲ ਹੁੰਦਾ ਏ।
ਹਿਜਰ ਨੂੰ ਕੁਸ਼ਤਾ ਕਰਦੀ ਪਈ ਆਂ,
ਵੇਖੋ ਕਦੋਂ ਵਿਸਾਲ ਹੁੰਦਾ ਏ।
ਧੀ ਨੂੰ ਕਿਉਂ ਤੂੰ ਭੈੜਾ ਆਖੇਂ,
ਧੀਆਂ ਲੁੱਟ ਦਾ ਮਾਲ ਹੁੰਦਾ ਏ?
ਅੱਧੇ ਘੰਟੇ ਬਾਅਦ ਆਵੇਂਗਾ,
ਅੱਧਾ ਘੰਟਾ ਸਾਲ ਹੁੰਦਾ ਏ!
ਕੱਚੇ ਦੁੱਧ ਦੇ ਵਾਂਗ ਇਹ ਅੱਥਰੂ,
ਕੜ੍ਹ ਕੜ੍ਹ ਗਾੜ੍ਹਾ ਲਾਲ ਹੁੰਦਾ ਏ।
ਗੱਲ ਤਾਂ ਸਿਜਦਿਆਂ ਦੀ ਸੜਕ ਤੇ ਚੱਲਣ ਦੀ ਹੈ,
ਉਂਝ ਮਿੱਤਰਾਂ ਨੂੰ ਕਿਹੜਾ ਲਾਵਾਂ 'ਤੇ ਬਹਿਣਾ ਨਹੀਂ ਆਉਂਦਾ।
ਪਾਸ਼
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ
ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ
ਇਸ਼ਕ ਮੇਰੇ ਦੀ ਸਾਲ-ਗਿਰ੍ਹਾ 'ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ
'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
ਪੈਰਾਂ ਨੂੰ ਲਗਾ ਕੇ ਮਹਿੰਦੀ, ਮੇਰੀ ਕਬਰ ਤੇ ਕੋਈ,
ਕਲੀਆਂ ਚੜਾਉਣ ਆਇਆ, ਪਰ ਅੱਗ ਲਗਾ ਗਿਆ |
ਡਾ. ਜਗਤਾਰ
.
ਮੇਰੇ ਜਿਗਰ ਦੇਆ ਮਾਲੀਆ ਵੇ
ਫੁੱਲ ਗੇਂਦੇ ਦਾ ਬਾਗੀ ਉਗਾਉਣਾ
ਓਹ ਕਸਮਾਂ ਪਿਆਰ ਦੀਆਂ
ਪਾਣੀ ਤੇ ਲਿਖੀਆਂ ਸੀ
ਸੋਨੇ ਦੇ ਰੰਗ ਦੀਆਂ
ਲੋਹੇ ਮੁੱਲ ਵਿਕੀਆਂ ਸੀ।
ਵਸਿਮ ਸ਼ਹਿਰ ਮੇਂ
ਅਗਰ ਸੱਚਾਈਯੋਂ ਕੇ ਲਭ ਹੋਤੇ
ਤੋ ਖ਼ਬਰੋਂ ਮੇਂ
ਸਬ ਖੈਰੀਅਤ ਨਹੀਂ ਹੋਤੀ
ਵਸਿਮ ਬਰੇਲਵੀ
ਪਹਿਲੇ ਲਗਤਾ ਥਾ,
ਤੁਮ ਹੀ ਦੁਨੀਆ ਹੋ।
ਅਬ ਲਗਤਾ ਹੈ,
ਤੁਮ ਭੀ ਦੁਨੀਆ ਹੋ।
ਫਹਿਮੀ ਬਦਾਉਣੀ
ਤੱਪੜਾਂ ਤੇ ਬੈਠਣ ਵਾਲੇ
ਪੜ੍ਹ ਗਏ ਨੇ ਇੱਕੀਵੀਂ (PhD)
ਮਨਵਿੰਦਰ ਮਾਨ
Please leave a review about the page.
ਵੋਹ ਭੀ ਸ਼ਾਇਦ ਰੋ ਪੜੇ
ਵੀਰਾਨ ਕਾਗਜ਼ ਦੇਖ ਕਰ
ਮੈਨੇ ਉਸ ਕੋ ਆਖ਼ਿਰੀ ਖ਼ਤ ਮੈਂ
ਲਿਖਾ ਕੁਛ ਭੀ ਨਹੀਂ
ਜ਼ੁਹੂਰ ਨਜ਼ਰ
ਪਿਆਰ ਕਰਨਾ ਤੇ ਜੀਣਾ
ਉਨ੍ਹਾਂ ਨੂੰ ਕਦੇ ਨਹੀਂ ਆਉਣਾ,
ਜਿਨ੍ਹਾਂ ਨੂੰ ਜ਼ਿੰਦਗੀ ਨੇ
ਬਾਣੀਏ ਬਣਾ ਦਿਤਾ |
ਪਾਸ਼
ਜੇ ਨਾ ਹੋਈ ਦੀਦ ਤੇ
ਕੀ ਕਰਾਂਗੇ ਈਦ ’ਤੇ
ਰੋਜ਼ ਮਰਨਾ ਪੈ ਗਿਆ
ਜੀਣ ਦੀ ਉਮੀਦ ’ਤੇ.
ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਬੁੱਲਾ ਮਿਲਿਆ ਏਸੇ ਵਿਚੋਂ,
ਏਸੇ ਵਿਚੋਂ ਵਾਰਿਸ ਵੀ ।
ਧਾਰਾਂ ਮਿਲੀਆਂ ਏਸੇ ਵਿਚੋਂ,
ਮੇਰੀ ਮਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਬੋਲ ਕੰਨਾਂ ਵਿਚ ਪੈਂਦੇ,
ਦਿਲ ਮੇਰੇ ਦੇ ਵਿਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ,
ਇਕ ਠੰਡੀ ਛਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਇਹਦੇ ਦੁੱਧਾਂ ਦੇ ਵਿਚ ਮੱਖਣੀ,
ਮੱਖਣਾਂ ਵਿਚ ਘਿਓ ਦੀ ਚੱਖਣੀ ।
ਡੱਬ ਖੜੱਬੀ ਦੁੱਧਲ ਜੇਹੀ,
ਇਕ ਸਾਡੀ ਗਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।
ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ,
ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ ।
ਵਾਰਿਸ ਸ਼ਾਹ
ਸਾਨੂੰ ਪ੍ਰਭ ਜੀ,ਇਕ ਅੱਧ ਗੀਤ ਉਧਾਰਾ ਹੋਰ ਦਿਉ
ਸਾਡੀ ਬੁੱਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਉ
ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ
ਗੀਤ ਦਿਉ ਮੇਰੇ ਜੋਬਨ ਵਰਗਾ
ਸੌਲਾ ਟੁਣੇ-ਹਾਰਾ
ਦਿਨ ਚੜਦੇ ਦੀ ਲਾਲੀ ਦਾ ਜਿਉਂ
ਭਰ ਸਰਵਰ ਲਿਸ਼ਕਾਰਾ
ਰੁੱਖ-ਵਿਹੂਣੇ ਥਲ ਵਿਚ ਜੀਕਣ
ਪਹਿਲਾ ਸੰਝ ਦਾ ਤਾਰਾ
ਸੰਝ ਹੋਈ ਸਾਡੇ ਵੀ ਥਲ ਥੀਂ
ਇਕ ਅੱਧ ਤਾਰਾ ਹੋਰ ਦਿਉ
ਜਾਂ ਸਾਨੂੰ ਵੀ ਲਾਲੀ ਵਾਕਣ
ਭਰ ਸਰਵਰ ਵਿਚ ਖੋਰ ਦਿਉ
ਪ੍ਰਭ ਜੀ ਦਿਹੁੰ, ਬਿਨ ਮੀਤ ਤਾਂ ਬੀਤੇ
ਗੀਤ ਬਿਨਾਂ ਨਾ ਬੀਤੇ
ਅਉਧ ਹੰਢਾਣੀ ਹਰ ਕੋਈ ਜਾਣੇ
ਦਰਦ ਨਸੀਬੇ ਸੀਤੇ
ਹਰ ਪੱਤਨ ਦੇ ਪਾਣੀ ਪ੍ਰਭ ਜੀ
ਕਿਹੜੇ ਮਿਰਗਾਂ ਪੀਤੇ
ਸਾਡੇ ਵੀ ਪੱਤਨਾਂ ਦੇ ਪਾਣੀ
ਅਣਪੀਤੇ ਹੀ ਰੋੜ ਦਿਉ
ਜਾਂ ਜੋ ਗੀਤ ਲਿਖਾਏ ਸਾਥੋਂ
ਉਹ ਵੀ ਪ੍ਰਭ ਜੀ ਮੋੜ ਦਿਉ
ਪ੍ਰਭ ਜੀ ਰੂਪ ਨਾ ਕਦੇ ਸਲਾਹੀਏ
ਜਿਹੜਾ ਅੱਗ ਤੋਂ ਊਣਾ
ਓਸ ਅੱਖ ਦੀ ਸਿਫਤ ਨਾ ਕਰੀਏ
ਜਿਸ ਦਾ ਹੰਝ ਅਲੂਣਾ
ਦਰਦ-ਵਿਛੁੰਨਾ ਗੀਤ ਨਾ ਕਹੀਏ
ਬੋਲ ਨਾ ਮਹਿਕ ਵਿਹੂਣਾ
ਬੋਲ ਜੇ ਸਾਡੇ ਮਹਿਕ-ਵਿਹੂਣਾ
ਤਾਂ ਡਾਲੀ ਤੋਂ ਤੋੜ ਦਿਉ
ਜਾਂ ਸਾਨੂੰ ਸਾਡੇ ਜੋਬਨ ਵਰਗਾ
ਗੀਤ ਉਧਾਰਾ ਹੋਰ ਦਿਉ
ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ ll