Surjit Sirdi /ਸੁਰਜੀਤ ਸਿਰੜੀ /सुरजीत सिरड़ी
ਪੰਜਾਬੀ ਕਵਿਤਾ ,ਕਹਾਣੀ ,ਮਿੰਨੀ ਕਹਾਣੀ
Shout out to my newest followers! Excited to have you onboard! Shout out to my newest followers! Excited to have you onboard! Aman Sama, Maan Jagdish
ਖ਼ਤਰਾ
ਮਰੂਥਲ ਹੀ ਮਰੂਥਲ
ਦੁਮੇਲ ਤੀਕ ਰੇਤ ਹੀ ਰੇਤ
ਪਿਆਸੀਆਂ ਰੂਹਾਂ
ਦੀ ਭਟਕਣ
ਪਾਣੀ ਦੀ ਆਸ
ਨਾ ਕੋਈ ਧਰਵਾਸ
ਮਿਲਦਾ ਹੈ ਤਾਂ ਬੱਸ ਰੇਤਛੱਲ
ਤਪਦੀ ਰੇਤ ਸੋਖ ਰਹੀ ਹੈ
ਦਿਲ-ਦਰਿਆ
ਅੱਖਾਂ ਦਾ ਪਾਣੀ
ਪਾਣੀ-ਵਿਹੂਣੇ ਦਿਲ
ਮੁੱਠੀਆਂ ਹੋ ਰਹੇ ਹਨ
ਮਨੁੱਖਤਾ ਖ਼ਤਰੇ ਵਿੱਚ ਹੈ...
©ਸੁਰਜੀਤ ਸਿਰੜੀ
ਮੂਲ ਨਾਲੋਂ ਪਿਆਰਾ - ਸੁਰਜੀਤ ਸਿਰੜੀ
ਉਸ ਕਦੇ ਪੈਸੇ ਵਿਆਜੂ ਨਹੀਂ ਦਿੱਤੇ
ਹੁੰਦੇ ਤਾਂ ਦੇਂਦਾ
ਕਿਵੇਂ ਜਾਣਦਾ ਵਿਆਜ ਮੂਲ ਨਾਲੋਂ ਪਿਆਰਾ ਹੁੰਦਾ
ਆਪਣੇ ਬੱਚਿਆਂ ਨੂੰ ਬਹੁਤਾ ਪਿਆਰ ਨਹੀਂ
ਦੇ ਸਕਿਆ
ਭਜਿਆ ਰਿਹਾ ਬਸ ਰੋਟੀ ਦੇ ਆਹਰ ਵਿੱਚ
ਸਮਾਂ ਹੀ ਨਹੀਂ ਲੱਗਿਆ
ਬੱਚਿਆਂ ਸੰਗ ਬੱਚੇ ਹੋਣ ਦਾ
ਹੁਣ ਬਾਪੂ ਨਿੱਕੀ ਜਿਹੀ ਪੋਤੀ ਨਾਲ ਖ਼ੂਬ
ਖੇਡਦਾ
ਆਪਣਾ ਤੇ ਆਪਣੇ ਬੱਚਿਆਂ ਦਾ ਬਚਪਨ
ਭਾਲਦਾ
ਜਿਵੇਂ ਉਸ ਜਾਣ ਲਿਆ ਹੋਵੇ
ਰੇਤ ਵਿੱਚ ਕਣ ਕਣ ਬਿਖਰਿਆ ਸੋਨਾ
ਕਿਸਰਾਂ ਚੁਗੀਦਾ ਹੈ
ਇਸ ਉਮਰੇ ਹੀ ਸਮਝ ਪੈਂਦੀ
ਵਿਆਜ ਮੂਲ ਨਾਲੋਂ ਪਿਆਰਾ ਹੁੰਦਾ
ਦੋਸਤੋ ਹਾਜ਼ਰੀ ਪ੍ਰਵਾਨ ਕਰੋ...
ਮਾਂ ਨੇ ਕਿਹਾ ਕਰਨਾ
ਪੁੱਤ ਮਿੱਠੇ! ਔਹ ਵੇਖ
ਅੰਬਰ ਤੇ ਲਿਸ਼ਕਦਾ ਤਾਰਾ
ਜੋ ਸਭ ਤੋਂ ਪਿਆਰਾ
ਤੇਰਾ ਨਾਨਾ ਆ
ਪਿਤਾ ਨੇ ਆਖਣਾ
ਪੁੱਤ ਨਿੱਕਿਆ!ਔਹ ਵੇਖ
ਅੰਬਰ ਤੇ ਚਮਕਦਾ ਤਾਰਾ
ਜੋ ਸਭ ਤੋਂ ਨਿਆਰਾ
ਤੇਰਾ ਬਾਪੂ ਆ
ਮੈਂ ਪੁੱਛਿਆ
ਨਾਨੀ ਮਾਂ ਤੇ ਦਾਦੀ ਮਾਂ
ਉਹ ਕਿੱਥੇ ਨੇ
ਉਹ ਧਰਤੀ ਹੇਠ ਸੁੱਤੀਆਂ ਨੇ
ਦੋਹਾਂ ਨੇ ਇਕੱਠੇ ਆਖਣਾ
ਤਾਹੀਓਂ ਧਰਤੀ ਮੈਨੂੰ ਡਿਗਦੇ ਨੂੰ
ਹਰ ਵਾਰ
ਬੋਚ ਲੈਂਦੀ ਹੈ
©ਸੁਰਜੀਤ ਸਿਰੜੀ
27.02.2023
ਆਪਣੇ ਮੂਹਰੇ ਆਪ ਖੜ੍ਹਾ ਹਾਂ।
ਪੁੰਨ ਦੇ ਸਾਹਵੇਂ ਪਾਪ ਖੜ੍ਹਾ ਹਾਂ।
ਨ੍ਹੇਰਿਆਂ ਆਪਣੇ ਰਾਹ ਨ ਰੋਕੇ,
ਅਮਲ ਦੇ ਰਾਹ ਵਿਚ ਜਾਪ ਖੜ੍ਹਾ ਹਾਂ।
ਜੋੜਿਆਂ ਵਿੱਚ ਹਾਂ ਲੁੱਕਿਆ ਮੈਂ ਵੀ,
ਸੀਤ ਜਖ਼ ਹਾਂ ਕਿਤੇ ਤਾਪ ਖੜ੍ਹਾ ਹਾਂ।
ਮੇਰੀਆਂ ਪਰਤਾਂ ਮੈਥੋਂ ਨ ਖੁੱਲੀਆਂ,
ਜੇਹਾ ਹਉਮੈ ਤੇਹਾ ਪ੍ਰਤਾਪ ਖੜ੍ਹਾ ਹਾਂ।
ਕਿੰਨੇਂ ਡਰ ਕਿੰਨੀਆਂ ਉਲਝਣਾਂ ਅੰਦਰ,
ਕੀ ਪਤਾ ਵਰ ਕੋਈ ਸ੍ਰਾਪ ਖੜ੍ਹਾ ਹਾਂ।
©ਸੁਰਜੀਤ ਸਿਰੜੀ
13.02.2023
ਲੋਕ ਕਿਤਾਬਾਂ ਵਰਗੇ ਜਿੱਥੇ ,
ਜ਼ਿੰਦਗੀ ਹੋਵੇ ਅਰਥਾਂ ਵਰਗੀ।
ਤਕਸੀਮ ਹੋਵਣ ਦੁਖ ਤਕਲੀਫ਼ਾਂ,
ਖੁਸ਼ੀ ਹੋ ਜਾਵੇ ਜ਼ਰਬਾਂ ਵਰਗੀ।
ਓਧਰ ਏਧਰ ਦਾ ਝੇੜਾ ਕੀ,
ਹਿੰਦੂ ਮੁਸਲਿਮ ਦਾ ਵਿਹੜਾ ਕੀ,
ਮਰਦਾਨਾ ਛੋਹੇ ਧੁਨ ਜੇ ਕਰ,
ਅੱਜ ਵੀ ਉਹਨਾਂ ਤਰਬਾਂ ਵਰਗੀ।
ਕਿੰਨੇਂ ਪੜਾਵਾਂ 'ਚੋਂ ਲੰਘ ਆਇਆਂ,
ਕਿੰਨੇਂ ਹਾਲੇ ਲੰਘਣੇ ਬਾਕੀ
ਧਰਤੀ ਉੱਤੇ ਸਫ਼ਰ ਦੀ ਝਾਕੀ,
ਮੈਨੂੰ ਲਗਦੀ ਸ੍ਵਰਗਾਂ ਵਰਗੀ।
ਮੈਨੂੰ ਆਖਣ ਪੁੱਤ ਨਿਹਾਲੇ,
ਆ ਬਹਿ ਜਾ ਅੱਜ ਕੋਲ ਅਸਾਡੇ,
ਇਕ ਇਕ ਗੱਲ ਬਜੁਰਗਾਂ ਆਖੀ,
ਮੈਨੂੰ ਜਾਪੀ ਅਰਗਾਂ ਵਰਗੀ।
ਦਿਲ ਦੀ ਬਾਤ ਨ ਜਾਣੇ ਝੱਲਾ,
ਮੁਹੱਬਤ ਤੋਂ ਵੱਖ ਕਦੋਂ ਅੱਲਾ,
ਕੌਡੀ ਵਰਗੇ ਕੋਠੀ ਬੰਗਲੇ,
ਮੁਹੱਬਤ ਮੇਰੀ ਖਰਬਾਂ ਵਰਗੀ।
©ਸੁਰਜੀਤ ਸਿਰੜੀ
11.02.2023