ਮਣਕੇ

ਮਣਕੇ

Build People they will build you

09/02/2024

ਮੇਰੀ ਪੰਜਾਬ ਫੇਰੀ( ਯਾਦਾਂ)
ਇਸ ਵਾਰ ਜਦੋਂ ਨਵੰਬਰ 2023 ਪੰਜਾਬ ਗਏ ਤਾਂ ਮੌਸਮ ਇੰਗਲੈਂਡ ਦੇ ਮੁਕਾਬਲੇ ਗਰਮ ਸੀ । ਮੈਂ ਆਪਣੀ ਭੈਣ ਰਮਨਦੀਪ ਨੂੰ ਦੱਸਿਆ ਕਿ ਗਰਮ ਕੱਪੜੇ ਨਾ ਲੈ ਕੇ ਆਵੀਂ ਇੱਥੇ ਗਰਮੀ ਹੈ ਉਹਨੇ ਅਠਾਰਾਂ ਤਾਰੀਕ ਨੂੰ ਮਾਨਚੈਸਟਰ ਤੋਂ ਫਲਾਈਟ ਲੈਣੀ ਸੀ । ਪਰ ਮੈਂ ਸੋਲਾਂ ਨੂੰ ਪੰਜਾਬ ਦੀ ਮਿੱਟੀ ਤੇ ਪੈਰ ਰੱਖੇ । ਗੱਲ ਤਾਂ ਕੋਈ ਹੈ ਜਿੱਥੇ ਮਰਜ਼ੀ ਘੁੰਮ ਲਓ ਪਰ ਮਾਪਿਆਂ ਦਾ ਘਰ ਧਰਮ ਨਾਲ ਵਾਹਲਾ ਸੋਹਣਾ ਲੱਗਦਾ ਹੈ ਜਿੱਥੇ ਜਾਣਾ ਦੁਆਰਾ ਜਨਮ ਲੈਣ ਵਾਂਗ ਹੀ ਲੱਗਦਾ ਹੈ । ਜਾਂਦੀ ਸਾਰ ਦਹੀਂ ਖਾਣ ਲੱਗ ਗਈ ਪਤਾ ਹੀ ਉਸ ਦਹੀਂ ਵਿੱਚ ਕੀ ਹੈ ਕਿ ਵੱਡੀਆਂ ਕੌਲੀਆਂ ਦਹੀਂ ਦੀਆਂ ਖਾਧੀਆਂ ਗਈਆਂ । ਕਿਤੇ ਗੋਦੀ ਚੁੱਕ ਕੇ ਖਿਡਾਉਣ ਵਾਲੇ ਚਾਚਾ ਜੀ ਨੂੰ ਮਿਲਣ ਦੀ ਖੁਸ਼ੀ ਤੇ ਕਿਤੇ ਨਾਲ ਰਲ ਕੇ ਜੰਮੇ ਤਾਏ ਦੇ ਪੁੱਤ ਦੇ ਜਵਾਨੀ ਵਿੱਚ ਜਾਣ ਦੇ ਦੁੱਖ ਨੇ ਵੀ ਰੁਆਇਆ -ਖਾਸ ਕਰਕੇ ਜਦੋਂ ਉਹਦੀ ਕੋਠੇ ਜਿੱਡੀ ਧੀ ਦੇਖੀ ।
ਪਿੰਡ ਦੀਆਂ ਗਲੀਆਂ ਮੈਂ ਕਈ ਦਿਨ ਇਕੱਲੀ ਹੀ ਘੁੰਮਦੀ ਰਹੀ ਸੀ । ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਮੈਂ ਇੰਗਲੈਂਡ ਤੋਂ ਆਈ ਸੀ ਕਿਉਕਿਂ ਮੈਂ ਪੁਰਾਣੇ ਸਲਵਾਰ ਕਮੀਜ਼ ਪਾ ਕੇ ਸਿਰ ਤੇ ਚੁੰਨੀ ਲੈ ਕੇ ਆਪਣੇ ਪਿੰਡ ਦੀਆਂ ਔਰਤਾਂ ਵਾਂਗ ਹੀ ਵਿਚਰਨਾ ਚਾਹੁੰਦੀ ਸੀ ਤਾਂ ਕਿ ਮੈਂ ਉਹਨਾਂ ਨੂੰ ਉਹਨਾਂ ਵਾਂਗੂੰ ਹੀ ਲੱਗਾਂ । ਮੇਰੇ ਪਿੰਡ ਦੀਆਂ ਰਵਿਦਾਸੀਏ ਤੇ ਬਾਲਮੀਕੀ ਔਰਤਾਂ ਵੀ ਰੱਜ-ਰੱਜ ਕੇ ਮਿਲੀਆਂ । ਜਿੱਥੇ ਉਹਨਾਂ ਦੇ ਪਿੰਡੇ ਵਿੱਚੋਂ ਆਉਂਦੀ ਮਿਹਨਤ ਦੇ ਪਸੀਨੇ ਦੀ ਮਹਿਕ ਨੂੰ ਮਹਿਸੂਸ ਕੀਤਾ ਓਥੇ ਉਹਨਾਂ ਦੇ ਹੱਥਾਂ ਦੀ ਮਿੱਟੀ ਨੂੰ ਵੀ ਛੂਹਿਆ ।
ਪੰਜਾਬ ਵੀ ਨਾ ਪੰਜਾਬ ਦੇ ਜੰਮਿਆਂ ਨੂੰ ਹੀ ਸਮਝ ਆਉਂਦਾ ਹੈ ਅਤੇ ਉਹਨਾਂ ਨੂੰ ਪੰਜਾਬ ਦੀ ਮਿੱਟੀ ਹੀ ‘ਆਪਣੀ’ ਲੱਗਦੀ ਹੈ ਜਿਵੇਂ ਸਿੱਧੂ ਮੂਸੇਵਾਲਾ ਪੂਰੇ ਵਰਲਡ ਦਾ ਸੁਪਰ ਸਟਾਰ ਸੀ ਪਰ ਆਪਣੇ ਪੰਜਾਬੀਆਂ ਵੱਲੋਂ ਬਾਈ-ਬਾਈ ਸੁਣਨਾ ਉਹਨੂੰ ਬੇਹੱਦ ਚੰਗਾ ਲੱਗਦਾ ਸੀ ਤਾਂਹੀ ਤਾਂ ਉਹ ਆਪਣੇ ਇੱਕ ਗੀਤ ਵਿੱਚ ਕਹਿੰਦਾ ਹੈ
“ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਦੇਖ ਬਾਈ ਬਾਈ ਕਹਿੰਦੀ ਦੁਨੀਆਂ !”
ਇਸੇ ਤਰ੍ਹਾਂ ਮੈਨੂੰ ਵੀ ਪੰਜਾਬ ਜਾ ਕੇ ਆਪਣਿਆਂ ਨੂੰ ਮਿਲ ਕੇ ਆਪਣਾਪਣ ਦੇਖ ਕੇ ਵਾਰੇ-ਵਾਰੇ ਜਾਣ ਨੂੰ ਚਿੱਤ ਕਰਦਾ ਰਿਹਾ ਸੀ ।ਮੋਹ ਦਾ ਪਿਆਲਾ ਭਰ ਨਹੀ ਰਿਹਾ ਸੀ । ਇੱਕ ਪਲ ਵੀ ਗੁਆਉਣਾ ਨਹੀਂ ਚਾਹੁੰਦੀ ਸੀ ਜਿਸ ਕਰਕੇ ਸਵੇਰੇ ਪੰਜ ਵਜੇ ਉੁੱਠ ਕੇ ਆਪਣੇ ਚਾਚਾ ਜੀ ਦੇ ਘਰ ਮੋਟਰ ਵੱਲ ਚਲੀ ਜਾਂਦੀ ਸੀ ।
ਪਹਿਲੇ ਦਿਨ ਖੰਨੇ ਗਏ ਤਿੰਨ ਪਹੀਆ ਭੂੰਡ ਵਿੱਚ ਬੈਠ ਕੇ, ਚਾਅ ਇੰਨਾ ਚੜਿਆ ਕਿ ਕੋਈ ਰੇਹੜੀ ਨੀ ਛੱਡੀਂ ਜਿੱਥੇ ਖਾਧਾ ਨਾ ਹੋਵੇ -ਗਜਰੇਲਾ,ਚਾਟਾਂ,ਮਿਲਕਬਦਾਮ, ਅਮਰੂਦ ! ਚੱਲਣ ਦੇ ਜੋ ਵੀ ਦਿਸਿਆ ਖਾ ਲਿਆ । ਸ਼ਾਮ ਦੇ ਛੇ ਵੱਜ ਗਏ ਤੁਰਦੇ-ਤੁਰਦੇ ਲਲਹੇੜੀ ਰੋਡ ਦੇ ਸਾਹਮਣੇ ਲਾਲੇ ਦੀ ਰੇਹੜੀ ਤੋਂ ਮੂੰਗਫਲੀ ਲੈ ਕੇ ਸਮਾਧੀ ਰੋਡ ਵੱਲ ਨੂੰ ਚੱਲ ਪਏ । ਪਰ ਕੱਪੜਿਆਂ ਵਾਲਾ ਲਿਫ਼ਾਫ਼ਾ ਓਥੇ ਹੀ ਭੁੱਲ ਗਏ ਤੇ ਸਮਾਧੀ ਰੋਡ ਪਹੁੰਚ ਕੇ ਯਾਦ ਆਇਆ ਕਿ ਲਿਫ਼ਾਫ਼ਾ ਗਾਇਬ ਸੀ ਜਿਸ ਵਿੱਚ ਮੇਰੀ ਭਾਣਜੀ ਅਨਮੋਲਰੂਪ ਕੌਰ ਦੇ ਕੱਪੜੇ ਸੀ । ਉਨ੍ਹੀਂ ਪੈਰੀਂ ਪੈਦਲ ਭੱਜੀ ਜਿੱਥੇ-ਜਿੱਥੇ ਵੀ ਰੁਕੇ ਸੀ ।ਆਖ਼ਿਰ ਲਾਲੇ ਦੀ ਰੇਹੜੀ ਤੇ ਪਹੁੰਚੀ ਤੇ ਦੇਖਿਆ ਕਿ ਲਿਫ਼ਾਫ਼ਾ ਸੰਭਾਲ ਕੇ ਮੂੰਗਫ਼ਲੀ ਵਾਲੀ ਬੋਰੀ ਤੇ ਰੱਖਿਆ ਹੋਇਆ ਸੀ ਪਰ ਲਾਲਾ ਓਥੇ ਨਹੀਂ ਸੀ ਪਰ ਉਸਦਾ ਮੂੰਗਫਲੀ ਭੁੰਨਣ ਵਾਲਾ ਮਾੜਕੂ ਜਿਹਾ ਨੌਕਰ ਮੇਰੇ ਵੱਲ ਭੱਜ ਕੇ ਆਇਆ । ਮੈਨੂੰ ਦੇਖ ਕੇ ਹੋਰ ਦੁਕਾਨਾਂ ਵਾਲੇ ਵੀ ਇਕੱਠੇ ਹੋ ਗਏ ਸੀ ਸ਼ਾਇਦ ਲਾਲੇ ਦੀ ਗਵਾਹੀ ਪਾਉਣ ਲਈ ਕਿ ਲਿਫ਼ਾਫ਼ਾ ਕਿਸੇ ਨੇ ਖੋਲ੍ਹਿਆ ਨਹੀ ਸੀ । ਖੈਰ ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਨੀ ਰਹੀ ਸੀ ਕਿਉਕਿਂ ਰਸਤੇ ਵਿੱਚ ਤੁਰਦੀ ਹੋਈ ਰੱਬ-ਰੱਬ ਕਰਦੀ ਜੁ ਆਈ ਸੀ । ਇਸੇ ਕਰਕੇ ਮੈਂ ਲਾਲੇ ਦੇ ਨੌਕਰ ਨੂੰ ਪੰਜ ਸੌ ਰੁਪਏ ਇਮਾਨਦਾਰੀ ਲਈ ਦੇ ਦਿੱਤੇ ਸੀ ਅਤੇ ਸਾਹਮਣੇ ਵਾਲੀ ਦੁਕਾਨ ਤੇ ਬੈਠ ਕੇ ਰਮਨ ਤੇ ਅਨਮੋਲਰੂਪ ਦੀ ਉਡੀਕ ਕਰਨ ਲੱਗ ਗਈ ਸੀ । ਅਜੇ ਓਥੇ ਬੈਠੀ ਹੀ ਸੀ ਕਿ ਲਾਲਾ ਗੁੱਸੇ ਨਾਲ ਭਰਿਆ ਹੋਇਆ ਆਪਣੇ ਨੌਕਰ ਨੂੰ ਘੂਰਦਾ ਹੋਇਆ ਮੇਰੇ ਕੋਲ ਲੈ ਆਇਆ ਅਤੇ ਬੁੜਕ ਕੇ ਬੋਲਿਆ,” ਮੋੜ ਗੁੜੀਆ ਕਾ ਪਾਂਚ ਸੌ ਕਾ ਰੁਕੜਾ ।” ਉਹ ਕਹੇ ਮੈਂ ਮੋੜਨਾ ਨਹੀ ਇਹਨੇ ਮੈਨੂੰ ਆਪ ਦਿੱਤਾ ਹੈ ਪੈਸਾ । ਮੈਂ ਵੀ ਕਿਹਾ ਕਿ ਮੈਂ ਹੁਣ ਇਹ ਪੈਸੇ ਵਾਪਸ ਨਹੀ ਲੈਣੇ ਲਾਲਾ ਤੂੰ ਇਹਨੂੰ ਜਾਣ ਦੇ । ਲਾਲਾ ਮੰਨੇ ਨਾ ਤਾਂ ਮੈਂ ਨਾਲ ਵਾਲੇ ਦੁਕਾਨਦਾਰਾਂ ਨੂੰ ਸਮਝਾਇਆ ਕਿ ਮਾੜਕੂ ਦਾ ਲਾਲੇ ਤੋਂ ਖਹਿੜਾ ਛੁਡਾ ਦਿਓ । ਸੋ ਅਖੀਰੀ ਦੁਕਾਨਾਂ ਵਾਲਿਆ ਨੇ ਲਾਲੇ ਨੂੰ ਠੰਡਾ ਕਰ ਦਿੱਤਾ ਸੀ ।ਏਨੇ ਨੂੰ ਰਮਨਦੀਪ ਦਾ ਫ਼ੋਨ ਆ ਗਿਆ ਸੀ ਕਿ ਅਸੀਂ ਅੱਧੇ ਘੰਟੇ ਵਿੱਚ ਤੇਰੇ ਕੋਲ ਪਹੁੰਚ ਰਹੇ ਹਾਂ ਅਤੇ ਜੇ ਤੇਰੇ ਕੋਲ ਟਾਈਮ ਹੈ ਤੂੰ A-One ਵਾਲਿਆਂ ਤੋਂ ਹਰਜਾਪ ਦੀਆਂ ਪੱਗਾਂ ਫੜ ਲੈ । ਮੈਂ ਲਾਲੇ ਦੀ ਦੁਕਾਨ ਤੋਂ ਸੁਭਾਸ਼ ਬਜ਼ਾਰ ਵਾਲੀ ਗਲੀ ਵੱਲ ਨੂੰ ਮੁੜ ਪਈ । ਅੱਗੇ ਸਲਾਣੇ ਵਾਲਿਆਂ ਦੀ ਦੁਕਾਨ ਲੰਘ ਕੇ ਮੋੜ ਤੇ ਗਈ ਤਾਂ ਹਰਜਾਪ ਦਾ ਫ਼ੋਨ ਆ ਗਿਆ ਇਹ ਪੁੱਛਣ ਲਈ ਕਿ ਮੈਂ ਕਿੱਥੇ ਹਾਂ ? ਮੈਂ ਫ਼ੋਨ ਚੁੱਕਦੀ ਸਾਰ ਉੁੱਚੀ ਆਵਾਜ਼ ਵਿੱਚ ਬੋਲੀ ਕਿ ਮੈਂ ਪੰਜ-ਸੱਤ ਮਿੰਟ ਵਿੱਚ ਕਰਨੈਲ ਸਿੰਘ ਰੋਡ ਤੇ ਪਹੁੰਚਣ ਵਾਲੀ ਹਾਂ । ਮੇਰੀ ਇਹ ਗੱਲ ਸੁਣ ਕੇ ਕੋਲ਼ੋਂ ਕਾਇਨੈਟਿਕ ਤੇ ਜਾ ਰਹੀ ਕੁੜੀ ਰੁਕ ਗਈ ਤੇ ਬੋਲੀ ਕਿ ਪਿੱਛਲੀ ਸੀਟ ਤੇ ਬੈਠ ਜਾਓ ਮੈਂ ਓਧਰ ਹੀ ਜਾ ਰਹੀ ਹਾਂ । ਇੰਡੀਆ ਵਿੱਚ ਖਾਸ ਕਰ ਕੇ ਫ਼ੋਨ ਕਰਨ-ਸੁਣਨ ਲਈ ਉੁੱਚੀ ਬੋਲਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਗੱਲ ਸੁਣਦੀ ਹੈ ।ਪਰ ਮੈਨੂੰ ਉੱਚੀ ਬੋਲਣ ਦਾ ਫ਼ਾਇਦਾ ਹੋ ਗਿਆ ਸੀ ਕਾਇਨੈਟਿੱਕ ਦੀ ਰਾਈਡ ਜੋ ਮਿਲ ਗਈ ਸੀ ।ਉਸ ਕੁੜੀ ਨੇ ਆਪਣਾ ਨਾਮ ਪੂਜਾ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹ ਹਰਿਆਣੇ ਦੀ ਹੈ ਅਤੇ ਖੰਨੇ ਵਿਆਹੀ ਹੋਈ ਹੈ । ਉਸਨੇ ਕਿਹਾ ਕਿ ਉਹ ਗੁਰੂ ਅਮਰਦਾਸ ਮਾਰਕਿਟ ਵਿੱਚ ਜੁਰਾਬਾਂ,ਕੋਟੀਆਂ ਅਤੇ ਟੋਪੀਆਂ ਆਦਿ ਦੀ ਰੇਹੜੀ ਲਾਉਂਦੇ ਹਨ ।ਸ਼ਾਮ ਨੂੰ ਘਰ ਜਾ ਕੇ ਦੋ ਗੱਲਾਂ ਸੋਚਦੀ ਰਹੀ ਸੀ ਇੱਕ ਜਿਵੇਂ ਕਿਸੇ ਫ਼ਿਲਮ ਦੇ ਸੈੱਟ ਤੋਂ ਆਈ ਹੋਵਾਂ ! ਦੂਜੀ ਇਹ ਕਿ ਦੀਪੋ ਵਿਦੇਸ਼ ਲਈ ਬਣੀ ਨਹੀ ਸੀ ਪਰ ਉਸਨੂੰ ਵਿਦੇਸ਼ ਨੇ ਕਈ ਪੱਖਾਂ ਤੋਂ ਅਮੀਰ ਜ਼ਰੂਰ ਬਣਾ ਦਿੱਤਾ ਹੈ ਜਿਸ ਕਰਕੇ ਲਾਲੇ ਤੇ ਪੂਜਾ ਨੂੰ ਇੰਗਲੈਂਡ ਆ ਕੇ ਵੀ ਭੁੱਲ ਨੀ ਸਕੀ ਸੀ ਅਤੇ ਸ਼ਾਇਦ ਕਦੇ ਵੀ ਨਾ ।
ਰਾਰਾ ਰੀਰੀ ਰਾਰਾ

ਮਨਦੀਪ ਕੌਰ ਭੰਡਾਲ

27/01/2024

ਪੰਜਾਬ ਫੇਰੀ ਦਿੱਲੀ ਏਅਰਪੋਰਟ-(ਇੱਕ ਯਾਦ )-ਭਾਗ ਦੂਜਾ
29 ਨਵੰਬਰ,2023 ਨੂੰ ਮੇਰੀ ਭੈਣ ਰਮਨਦੀਪ, ਉਸਦੀ ਬੇਟੀ ਅਨਮੋਲਰੂਪ ਕੌਰ ਅਤੇ ਉਸਦੇ ਡੈਡ ਹਰਜਾਪ ਸਿੰਘ ਨੇ ਦਿੱਲੀ ਏਅਰਪੋਰਟ ਤੋਂ ਫਲਾਈਟ ਲੈਣੀ ਸੀ । ਉਹਨਾਂ ਕੋਲ ਕੁੱਲ ਨੌਂ ਵੱਡੇ ਛੋਟੇ ਸੂਟਕੇਸ ਸੀ । ਪਤਾ ਨੀ ਕਾਹਲ਼ੀ ਵਿੱਚ ਜਾਂ ਗਲਤੀ ਨਾਲ ਉਹਨਾਂ ਦਾ ਇੱਕ ਸੂਟਕੇਸ ਦਿੱਲੀ ਚੈੱਕ-ਇੰਨ ਤੇ ਰਹਿ ਗਿਆ ਸੀ । ਇਹ ਗੱਲ ਉਹਨਾਂ ਨੂੰ ਇੰਗਲੈਂਡ ਜਾ ਕੇ ਪਤਾ ਲੱਗੀ ਸੀ । ਰਮਨਦੀਪ ਨੇ ਏਅਰਪੋਰਟ ਤੇ ਲੌਸਟ ਐਂਡ ਫਾਉਂਡ ਵਾਲਿਆਂ ਨਾਲ ਰਾਬਤਾ ਕਰਕੇ ਫਾਰਮ ਭਰ ਦਿੱਤਾ ਸੀ ਅਤੇ ਉਹਨਾਂ ਨੂੰ ਦਿੱਲੀ ਪਹੁੰਚਾਉਣ ਵਾਲੇ ਡਰਾਈਵਰ ਦੇ ਨਾਮ ਅਥੌਰਟੀ ਲੈਟਰ ਵੀ ਜਾਰੀ ਕਰਾ ਲਿਆ ਸੀ । ਪਰ ਉਹ ਡਰਾਈਵਰ ਕਿਸੇ ਵਜ੍ਹਾ ਨਾਲ ਨਾ ਜਾ ਸਕਿਆ । ਮੈਂ ਤੇਰਾਂ ਤਾਰੀਕ ਨੂੰ ਪੰਜਾਬ ਤੋਂ ਵਾਪਿਸ ਯੂ. ਕੇ. ਜਾਣਾ ਸੀ ਤਾਂ ਗੱਲ ਮੇਰੇ ਤੇ ਆ ਗਈ ਕਿ ਸੂਟਕੇਸ ਦੀ ਅਥੌਰਟੀ ਲੈਟਰ ਮੇਰੇ ਨਾਮ ਤੇ ਕੀਤੀ ਜਾਵੇ । ਵੈਸੇ ਵੀ ਇਹ ਕੰਮ ਕਰਨ ਲਈ ਸਾਡੇ ਕੋਲ ਦੋ ਹੀ ਜ਼ਿੰਮੇਵਾਰ ਬੰਦੇ ਸੀ , ਇੱਕ ਮੈਂ ਤੇ ਦੂਜੇ ਪਾਪਾ ਜੀ । ਪਾਪਾ ਜੀ ਨੂੰ ਭੇਜਣ ਦਾ ਮੇਰਾ ਮਨ ਨਹੀਂ ਸੀ ਕਿਉਂਕਿ ਸਿਆਣੇ ਹੋਣ ਕਰਕੇ ਮੈਨੂੰ ਲੱਗਦਾ ਕਿ ਕਾਹਨੂੰ ਬੇਅਰਾਮੀ ਦੇਣੀ ਹੈ ਪਹਿਲਾਂ ਛੇ-ਸੱਤ ਘੰਟੇ ਵਿੱਚ ਪਹੁੰਚਣਗੇ ਅਤੇ ਐਨੇ ਹੀ ਸਮੇਂ ਵਿੱਚ ਵਾਪਿਸ ਆਉਣਗੇ । ਪਰ ਪਾਪਾ ਜੀ ਨੂੰ ਵੀ ਮੇਰੇ ਵਾਂਗ ਚੈਲੇਂਜ ਬੜੇ ਮਿਲਦੇ ਹਨ ਅਤੇ ਉਹ ਪੂਰੇ ਵੀ ਕਰਦੇ ਦਿੰਦੇ ਹਨ । ਇਹੀ ਸੇਮ ਗੱਲ ਮੇਰੇ ਨਾਲ ਵੀ ਹੁੰਦੀ ਹੈ । ਚਲੋ ਜੀ ਕਰ ਕਰਾ ਕੇ ਸਲਾਹ ਬਣੀ ਕਿ ਮੈਂ ਇੱਕ ਦਿਨ ਪਹਿਲਾਂ ਜਾਵਾਂਗੀ ਤੇ ਸੂਟਕੇਸ ਲੈ ਕੇ ਲੱਗਭੱਗ 22 ਘੰਟੇ ਏਅਰਪੋਰਟ ਤੇ ਕੱਟ ਕੇ ਸਵੇਰੇ ਸਾਢੇ ਅੱਠ ਵਜੇ ਤੋਂ ਪਹਿਲਾਂ ਏਅਰਪੋਰਟ ਦੇ ਅੰਦਰ ਚੈੱਕ-ਇੰਨ ਕਰਾ ਲਵਾਂਗੀ । ਪਹਿਲਾਂ ਤਾਂ ਔਖਾ ਲੱਗਾ ਫੇਰ ਸੋਚ ਲਿਆ ਕਿ ਕੋਈ ਗੱਲ ਨਹੀ । ਇਸ ਤਰਾਂ 12 ਦਸੰਬਰ ਨੂੰ ਦੀਪੋ 12 ਵਜੇ ਟਰਮੀਨਲ ਤਿੰਨ ਤੇ ਜਾ ਖੜ੍ਹੀ ਹੋਈ । ਓਥੋਂ ਸਿੱਧਾ ਲੌਸਟ ਐਂਡ ਫਾਊਂਡ ਦਫ਼ਤਰ ਵਿੱਚ ਪਹੁੰਚੀ ਜਿੱਥੇ ਕੋਈ ਭੀੜ ਨਹੀਂ ਸੀ । ਮੇਰੇ ਤੋਂ ਪਹਿਲਾਂ ਇੱਕ ਸਾੜੀ ਵਾਲੀ ਔਰਤ ਆਪਣੀ ਬੇਟੀ ਨਾਲ ਆਪਣੇ ਖੋਏ ਹੋਏ ਸ਼ਾਲ ਦੀ ਪੁੱਛ-ਗਿੱਛ ਕਰ ਰਹੀ ਸੀ ਜਿਹੜਾ ਉਸਨੂੰ ਕਿਸੇ ਨੇ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਹੋਇਆ ਸੀ । ਵਿਚਾਰੀ ਮੇਰੇ ਵਾਂਗ ਕਾਫ਼ੀ ਫ਼ੀਲ ਜਿਹਾ ਕਰ ਰਹੀ ਸੀ । ਚਲੋ ਮੇਰੀ ਵਾਰੀ ਆਈ ਮੈਨੂੰ ਕਹਿੰਦੇ ਕਿ ਤੇਰਾ ਸੂਟਕੇਸ ਟਰਮੀਨਲ ਦੋ ਤੇ ਭੇਜ ਦਿੱਤਾ ਕਿਉਂਕਿ ਟਰਮੀਨਲ ਤਿੰਨ ਤੇ ਸਿਰਫ਼ ਪੰਜ ਦਿਨ ਰੱਖਦੇ ਹਨ । ਹੁਣ ਮੈਨੂੰ ਟਰਮੀਨਲ ਦੋ ਦਾ ਨਾ ਪਤਾ ਨਾ ਸਤਾ । ਪਹਿਲਾਂ ਸੋਚਿਆ ਕਿ ਟੈਕਸੀ ਕਰ ਲੈਂਦੀ ਹਾਂ ਅਤੇ ਜਦੋਂ ਓਥੇ ਸਕਿਊਰਟੀ ਵਾਲੇ ਤੋਂ ਪੁੱਛਿਆ ਤਾਂ ਉਹਨੇ ਦੱਸ ਦਿੱਤਾ ਕਿ ਦੂਰ ਨਹੀ ਹੈ ਤੂੰ ਇੱਥੋਂ ਲ਼ਿਫਟ ਰਾਂਹੀ ਉੁੱਤਰ ਜਾਹ ਤੇ ਓਥੋਂ ਸੱਜੇ ਪਾਸੇ ਵੱਲ ਤੁਰੀ ਜਾਈਂ । ਇੰਝ ਮੈਂ ਟਰਮੀਨਲ ਦੋ ਤੇ ਗਈ ਜਿੱਥੇ ਡੋਮੈਸਟਿਕ ਫਲਾਇਟਸ ਦਾ ਸਿਲਸਿਲਾ ਚੱਲਦਾ ਹੈ । ਹੈਰਾਨੀ ਦੀ ਗੱਲ ਓਥੇ ਕੋਈ ਵੀ ਪੰਜਾਬੀ ਬੰਦਾ/ ਬੀਬੀ ਨਾ ਦਿਸੇ । ਖੂੰਜੇ ਜਿਹੇ ਵਿੱਚ ਪੌੜੀਆਂ ਉੁੱਤਰ ਕੇ ਲੌਸਟ ਅਤੇ ਫਾਊਂਡ ਵਾਲਿਆਂ ਦਫ਼ਤਰ ਸੀ ਅਤੇ ਦਫ਼ਤਰ ਦੇ ਮੂਹਰੇ ਇੱਕ ਮੇਜ਼ ਕੁਰਸੀ ਤੇ ਸਕਿਊਰਟੀ ਵਾਲਾ ਬੈਠਾ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਮੈਡਮ ਆਪ ਕਹਾਂ ਜਾਨਾ ਹੈ । ਮੈਂ ਦੱਸ ਦਿੱਤਾ ਤਾਂ ਕਹਿੰਦਾ ਕਿ ਆਪ ਸਮਾਨ ਵਾਲੀ ਟਰਾਲੀ ਕੇ ਸਾਥ ਅੰਦਰ ਨਹੀ ਜਾ ਸਕਤੇ । ਹੁਣ ਮੇਰੇ ਕੋਲ ਵਾਲੀ ਟਰਾਲੀ ਉੁੱਤੇ ਮੇਰੇ ਦੋ ਵੱਡੇ ਸੂਟਕੇਸ,ਲਿਫ਼ਾਫ਼ਾ , ਚੂੜੀਆਂ ਵਾਲਾ ਵੱਡਾ ਡੱਬਾ,ਵੱਡਾ ਗਰਮ ਕੋਟ ਅਤੇ ਤੁੰਨ-ਤੁੰਨ ਕੇ ਸਮਾਨ ਨਾਲ ਭਰਿਆ ਵੱਡਾ ਕਾਲਾ ਬੈਗ ਸੀ । ਟਰਾਲੀ ਕੀਹਦੇ ਕੋਲ ਛੱਡਾਂ ਸਮਝ ਨਾ ਆਵੇ ਫਿਰ ਦੁਆਰਾ ਉਹਨਾਂ ਉਸ ਮੇਜ਼ ਕੁਰਸੀ ਤੇ ਬੈਠੇ ਮੁਲਾਜ਼ਮ ਨੂੰ ਪੁੱਛਿਆ ਕਿ ਮੈਨੂੰ ਇੱਥੇ ਟਰਾਲੀ ਰੱਖ ਲੈਣ ਦੇ ਮੈਂ ਓਥੇ ਬਹੁਤਾ ਚਿਰ ਨਹੀ ਲਾਉਣਾ । ਉਹ ਬੋਲਿਆ ਕਿ ਜੇ ਓਹ ਉੱਚੀ ਚੌਂਕੀ ਤੇ ਬੈਠਾ ਦਿੱਲੀ ਪੁਲਿਸ ਦੀ ਡਿਊਟੀ ਦੇ ਰਿਹਾ ਮੁਲਾਜ਼ਮ ਮੰਨ ਗਿਆ ਤਾਂ ਮੈਂ ਟਰਾਲੀ ਰੱਖ ਸਕਦਾ ਹਾਂ । ਜਦੋਂ ਉਹਨੂੰ ਪੁੱਛਿਆ ਪਹਿਲਾਂ ਤਾਂ ਮੰਨਿਆ ਨਾ ਫੇਰ ਉਹਨੇ ਵਾਇਰਲੈੱਸ ਕਰਕੇ ਆਪਣੇ ਵੱਡੇ ਅਫਸਰ ਨੂੰ ਪੁੱਛਿਆ ਤਾਂ ਉਹਨੇ ਇੱਕ ਬੰਦਾ ਭੇਜ ਦਿੱਤਾ ਜੀਹਦੇ ਉੁੱਤੇ ਮੈਨੂੰ ਯਕੀਨ ਜਿਹਾ ਨਾ ਆਵੇ । ਲੱਗਦਾ ਤਾਂ ਉਹ ਵੀ ਕੋਈ ਸਿਵਲ ਕੱਪੜਿਆਂ ਵਿੱਚ ਸਕਿਊਰਟੀ ਵਾਲਾ ਹੀ ਸੀ ਪਰ ਮੈਨੂੰ ਪੱਕਾ ਪਤਾ ਨਹੀ ਕਿ ਉਹ ਕੌਣ ਸੀ । ਉਸ ਨੇ ਦੱਸਿਆ ਕਿ ਉਹ ਲੁਧਿਆਣੇ ਦਾ ਹੈ ਅਤੇ ਥੋੜੀ ਦੇਰ ਟਰਾਲੀ ਕੋਲ ਖੜ ਸਕਦਾ ਹੈ । ਇਸ ਤੋਂ ਇਲਾਵਾ ਟਰਮੀਨਲ ਦੋ ਤੇ ਪਹੁੰਚਣ ਸਾਰ ਹੀ ਮੇਰੇ ਆਲੇ-ਦੁਆਲੇ ਦੋ ਮੁੰਡੂ ਜਿਹੇ ਫਿਰੀ ਜਾ ਰਹੇ ਸੀ । ਉਹ ਵੀ ਮੈਨੂੰ ਕਹੀ ਜਾਣ ਕਿ ਆਪ ਹਮੇਂ ਸਮਾਨ ਦੇ ਦਿਓ ਹਮ ਦੇਖ ਲੇਂਗੇਂ । ਮੈਨੂੰ ਉਹਨਾਂ ਤੇ ਬਿਲਕੁਲ ਵੀ ਯਕੀਨ ਨਾ ਆਵੇ ।
ਜਦੋਂ ਮੈਂ ਦਫ਼ਤਰ ਦੇ ਅੰਦਰ ਗਈ ਤਾਂ ਓਥੇ ਦਾ ਸਾਰਾ ਸਟਾਫ਼ ਗੱਲਾਂ ਦੇ ਨਾਲ-ਨਾਲ ਲੰਚ ਕਰ ਰਿਹਾ ਸੀ । ਪੂਰੇ ਪੱਚੀ ਮਿੰਟ ਓਥੇ ਖੜ੍ਹੀ ਰਹੀ ਸੀ ਅਤੇ ਨਾ ਹੀ ਮੇਰੇ ਕੋਲ ਕੋਈ ਫ਼ੋਨ ਸੀ ਨਾ ਕੋਈ ਫੋਨ ਨੰਬਰ ਯਾਦ ਸੀ । ਪੱਚੀ ਮਿੰਟ ਬਾਅਦ ਉਹ ਲੁਧਿਆਣੇ ਵਾਲਾ ਦਫ਼ਤਰ ਦੇ ਗੇਟ ਤੱਕ ਆ ਕੇ ਕਹਿੰਦਾ ਕਿ ਮੈਂ ਵੀ ਜਾਣਾ ਹੈ ਤੁਸੀ ਸਮਾਨ ਸਾਂਭੋ । ਮੈਂ ਫੇਰ ਓਥੇ ਆ ਗਈ ਜਿੱਥੋਂ ਗਈ ਸੀ ਅਤੇ ਉਹ ਦੋ ਮੁੰਡੂੰ ਹੁਣ ਫੇਰ ਵੀ ਮੇਰੇ ਅੱਗੇ-ਪਿੱਛੇ ਭਿਣਕਣ ਲੱਗ ਗਏ ।ਆਖ਼ਿਰ ਮੈਂ ਸੋਚਿਆ ਕਿ ਘੁੰਮ-ਫਿਰ ਕੇ ਕੋਈ ਪੰਜਾਬੀ ਬੇਬੇ ਬਾਪੂ ਲੱਭ ਕੇ ਲਿਆਉਂਦੀ ਹਾਂ । ਪਰ ਓਥੇ ਕੋਈ ਪੰਜਾਬੀ ਬੇਬੇ ਬਾਪੂ ਤਾਂ ਕੀ ਕੋਈ ਪੰਜਾਬੀ ਚਿੜੀ ਜਨੌਰ ਵੀ ਨਹੀ ਸੀ । ਦੋ ਕੁੜੀਆਂ ਨੂੰ ਪੁੱਛਿਆ ਗੱਲ ਨਾ ਬਣੀ । ਫੇਰ ਇੱਕ ਹਰਿਆਣਵੀ ਜੋੜਾ ਬੈਠਾ ਸੀ , ਨੂੰ ਪੁੱਛਿਆ ਬੀਵੀ ਮੰਨ ਗਈ ਪਰ ਸ਼ੌਹਰ ਬੋਲਿਆ ਕਿ ਨਹੀ , ਕਿਆ ਪਤਾ ਤੰਨੇ ਕਿਤਨਾ ਟੈਮ ਲਗੇ ।
ਓਹਨਾਂ ਕੋਲ਼ੋਂ ਟਰਾਲੀ ਮੋੜੀ ਉਹ ਅੱਗੇ-ਪਿੱਛੇ ਫਿਰਨ ਵਾਲੇ ਮੁੰਡੂ ਕਹਿਣ ਲੱਗੇ ,” ਹਮ ਹਮਾਰੇ ਬੌਸ ਕੋ ਲਾਤੇ ਹੈਂ ,ਆਪ ਉਸ ਕੋ ਪਾਂਚ ਸੌ ਕੇ ਰਸੀਦ ਲੇ ਲਓ ਹਮਾਰੀ ਆਈ ਡੀ ਕੀ ਫੋਟੋ ਲੇ ਲਓ, ਹਮਾਰੀ ਪੋਰਟਿੰਗ ਕੰਪਨੀ ਹੈ ਮੈਡਮ “ ਉਹਨਾਂ ਦਾ ਬੌਸ ਆਇਆ ਉਸਨੇ ਪੈਸੇ ਲੈ ਕੇ ਰਸੀਦ ਦਿੱਤੀ ਤੇ ਨਾਲ ਹੀ ਦੱਸਿਆ ਕਿ ਮੈਡਮ ਯੇ ਲੜਕਾ ਅਗਰ ਪੂਰਾ ਦਿਨ ਵੀ ਰੁਕਨਾ ਪੜਾ ਤੋ ਆਪ ਕੇ ਸਮਾਨ ਕੇ ਪਾਸ ਬੈਠੇਗਾ ਆਪ ਚਿੰਤਾ ਨਹੀ ਕਰਨਾ । ਇਸ ਤਰਾਂ ਜਕਾਂ-ਤਕਾਂ ਵਿੱਚ ਸਮਾਨ ਪੋਰਟਰ ਕੋਲ ਛੱਡ ਕੇ ਮੈਂ ਦਫ਼ਤਰ ਜਾ ਕੇ ਰੈਂਫਰੈਸ ਨੰਬਰ ਦਿੱਤਾ ਅਤੇ ਨਾਲ ਹੀ ਆਪਣਾ ਪਾਸਪੋਰਟ ਮੂਹਰੇ ਕਰ ਦਿੱਤਾ । ਕੰਪਿਊਟਰ ਕੋਲ ਬੈਠੀ ਔਰਤ ਨੇ ਗੁਆਚੇ ਸੂਟ ਕੇਸ ਦੀ ਫੋਟੋ ਦਿਖਾਈ ਪਰ ਉਹ ਸੂਟਕੇਸ ਤੇ ਰਮਨਦੀਪ ਵੱਲੋਂ ਸੂਟਕੇਸ ਦੀ ਭੇਜੀ ਫੋਟੋ ਮੈਚ ਨਾ ਕਰੇ । ਔਰਤ ਕਹਿੰਦੀ ਕਿ ਯੇ ਆਪਕਾ ਸੂਟ ਕੇਸ ਨਹੀ ਹੈ ਆਪ ਜਾਓ !” ਫੇਰ ਮੈਂ ਓਥੇ ਖੜ੍ਹੇ ਇੱਕ ਮੁੰਡੇ ਤੋਂ ਫ਼ੋਨ ਮੰਗ ਕੇ ਰਮਨਦੀਪ ਨੂੰ ਕਈ ਫ਼ੋਨ ਕੀਤੇ ਕਿ ਫੋਟੋ ਵਾਲਾ ਤੇ ਇਹ ਸੂਟਕੇਸ ਅਲੱਗ ਹਨ । ਜਦੋਂ ਮੈਂ ਓਥੋਂ ਤੁਰਨ ਲੱਗੀ ਰਮਨਦੀਪ ਮੈਨੂੰ ਕਹਿੰਦੀ ਇੱਕ ਵਾਰ ਸੂਟਕੇਸ ਖੋਲ੍ਹ ਕੇ ਦੇਖ । ਜਦੋਂ ਭਾਈ ਮੈਂ ਸੂਟਕੇਸ ਖੋਲ਼੍ਹ ਕੇ ਦੇਖਿਆ ਤਾਂ ਉਹਦੇ ਵਿੱਚ ਰਮਨਦੀਪ ਤੇ ਉਸਦੀ ਬੇਟੀ ਅਨਮੋਲਰੂਪ ਦੇ ਕੱਪੜੇ ਸਨ । ਮੈਂ ਸਟਾਫ਼ ਨੂੰ ਵਿਆਹ ਦੀਆਂ ਫੋਟੋਆਂ ਦਿਖਾਈਆਂ ਕਿ ਦੇਖੋ ਇਹ ਸਾਡਾ ਸੂਟਕੇਸ ਹੈ ਇਸ ਵਿਚਲੇ ਕੱਪੜੇ ਅਸੀਂ ਵਿਆਹ ਵਿੱਚ ਪਾਏ ਸੀ । ਔਰਤ ਫੋਟੋਆਂ ਦੇਖ ਕੇ ਕੰਨਵਿਨਸ ਹੋ ਗਈ ਤੇ ਰਮਨਦੀਪ ਨੂੰ ਦੁਬਾਰਾ ਫਾਰਮ ਭਰ ਲਈ ਕਿਹਾ ਤੇ ਸੂਟਕੇਸ ਮਿਲ ਗਿਆ । ਬਾਹਰ ਆਈ ਤਾਂ ਪੋਰਟਰ ਮੇਰੇ ਨਾਲ ਟਰਮੀਨਲ ਤਿੰਨ ਵੱਲ ਨੂੰ ਸਮਾਨ ਲੈ ਕੇ ਤੁਰ ਪਿਆ ।
ਉੱਥੇ ਪਹੁੰਚ ਕੇ ਮੈਂ ਸਾਰੇ ਸਮਾਨ ਸਮੇਤ ਏਅਰਪੋਰਟ ਦੇ ਅੰਦਰ ਜਾਣ ਵਾਲੀ ਲਾਈਨ ਵਿੱਚ ਲੱਗ ਗਈ ਪਰ 18 ਘੰਟੇ ਕੌਣ ਦੀਪੋ ਨੂੰ ਚੈੱਕ-ਇੰਨ ਕਰਨ ਦਿੰਦਾ । ਤੁਰਦੀ-ਤੁਰਦੀ ਇੱਕ ਪੀਲੀ ਜੈਕਿਟ ਵਾਲੇ ਏਅਰਪੋਰਟ ਓਪਰੇ਼ਸ਼ਨ ਵਾਲੇ ਅਧਿਕਾਰੀ ਕੋਲ ਆ ਕੇ ਖੜ ਗਈ ਜਦੋਂ ਉਹਨੂੰ ਬੁਲਾਇਆ ਤਾਂ ਉਹਨੇ ਪੰਜਾਬੀ ਵਿੱਚ ਦੱਸਿਆ ਕਿ ਐਨੇ ਘੰਟੇ ਪਹਿਲਾਂ ਅੰਦਰ ਨਹੀ ਜਾ ਸਕਦੇ । ਮੈਂ ਪੁੱਛਿਆ ,” ਏਅਰਪੋਰਟ ਲਾਊਂਜ ?” ਕਹਿੰਦਾ ਜੀ ਉਹ ਤੋਂ ਛੇ ਮਹੀਨੇ ਤੋਂ ਬੰਦ ਹੈ ਪਰ ਹੇਠਾਂ ਇੱਕ ਸਰਾਂ ਹੈ ਜਿੱਥੇ ਤੁਹਾਨੂੰ ਸਮਾਨ ਦਾ ਬਹੁਤ ਧਿਆਨ ਰੱਖਣਾ ਪੈਣਾ ਹੈ । ਸੋਚਿਆ ਕਿ ਸਮਾਨ ਪਿੱਛੇ ਤਾਂ ਐਨੀਆਂ ਟੱਕਰਾਂ ਮਾਰੀਆਂ ਨੇ ਜੇ ਫਿਰ ਸਮਾਨ ਨੂੰ ਕੁਛ ਹੋ ਗਿਆ ਤਾਂ ਹੋਰ ਔਖਾ ਹੋਵੇਗਾ । ਏਅਰਪੋਰਟ ਓਪਰੇਸ਼ਨ ਦਾ ਅਧਿਕਾਰੀ ਪੁੱਛਣ ਤੇ ਮੋਗੇ ਵੱਲ ਦਾ ਨਿਕਲਿਆ ਜਿਸ ਦਾ ਨਾਮ ਮਨਦੀਪ ਸਿੰਘ ਮਨੀ ਸੀ । ਮੈਂ ਦੱਸਿਆ ਕਿ ਮੇਰਾ ਨਾਮ ਵੀ ਮਨਦੀਪ ਹੈ । ਫੇਰ ਓਹਨੂੰ ਮੈਂ ਸੂਟਕੇਸ ਵਾਲੀ ਗੱਲ ਦੱਸੀ ਤੇ ਉਹਦਾ ਫ਼ੋਨ ਮੰਗ ਕੇ ਰਮਨਦੀਪ ਨੂੰ ਫ਼ੋਨ ਕਰਕੇ ਸਾਰੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਮਨੀ ਕਹਿੰਦਾ ਹੈ ਕਿ ਏਅਰਪੋਰਟ ਦੇ ਅੰਦਰ ਹੌਲੀਡੇ ਇੰਨ ਹੋਟਲ ਹੈ ਉਹ ਬੁੱਕ ਕਰ ਲਓ । ਮੇਰੇ ਕੋਲ ਕੋਈ ਫੋਨ ਜਾਂ ਇੰਟਰਨੈੱਟ ਨਹੀ ਹੈ ਇਸ ਕਰਕੇ ਉਹ ਹੋਟਲ ਦਾ ਨੰਬਰ ਸਰਚ ਕਰਕੇ ਜਾਂ ਵੈੱਬਸਾਈਟ ਤੇ ਜਾ ਕੇ ਬੁੱਕ ਕਰ ਦੇਵੇ । ਉਹ ਮੰਨ ਗਈ ਪਰ ਬੁਕਿੰਗ ਨੂੰ ਵੀਹ-ਪੱਚੀ ਮਿੰਟ ਲੱਗ ਗਏ ਸੀ ਪਰ ਮੈਂ ਇਹ ਸਾਰਾ ਸਮਾਂ ਮਨੀ ਦੇ ਕੋਲ ਹੀ ਖੜੀ ਰਹੀ ਸੀ ਜੇ ਕੋਈ ਫੋਨ ਰਮਨਦੀਪ ਕਰਦੀ ਸੀ ਤਾਂ ਮਨੀ ਦੇ ਫ਼ੋਨ ਤੇ ਹੀ ਆਉਂਦਾ ਸੀ । ਵਿੱਚ -ਵਿੱਚ ਮਨੀ ਨੇ ਆਪ ਵੀ ਕਈ ਚੀਜ਼ਾਂ ਫ਼ੋਨ ਤੇ ਦੇਖ ਕੇ ਮੇਰੀ ਬਹੁਤ ਮੱਦਦ ਕੀਤੀ । ਉਹਦੀ ਜੌਬ ਓਥੇ ਖੜ੍ਹ ਕੇ ਏਅਰਪੋਰਟ ਦੇ ਅੰਦਰ ਜਾਣ ਵਾਲਿਆਂ ਨੂੰ ਦੱਸਣਾ ਸੀ ਕਿ ਕਿਹੜੇ ਗੇਟ ਤੇ ਜਾਣਾ ਹੈ ਨਹੀ ਤਾਂ ਲੋਕ ਇੱਕੋ ਗੇਟ ਤੇ ਹੀ ਇਕੱਠੇ ਹੋਣ ਲੱਗ ਜਾਂਦੇ ਸੀ । ਭੀੜ ਬਹੁਤ ਸੀ ਮਨੀ ਸਪੀਕਰ ਵਿੱਚ ਬੋਲਦਾ ਸੀ ,” ਸਭੀ ਯਾਤਰੀਂਓ ਕੋ ਨਿਵੇਦਨ ਹੈ ਕਿ ਗੇਟ ਨੰਬਰ ਸਿਕਸ ਐਂਡ ਸੈਵਨ ਕੀ ਅੋਰ ਪ੍ਰਸਥਾਨ ਕਰੇਂ । ਇਹ ਫ਼ਿਕਰਾ ਓਹ ਹਰ ਦੋ ਮਿੰਟ ਬਾਅਦ ਬੋਲਦਾ ਸੀ ਨਹੀ ਤਾਂ ਫੇਰ ਭੀੜ ਇਕੱਠੀ ਹੋ ਜਾਂਦੀ ਸੀ । ਵਿੱਚ-ਵਿੱਚ ਮਨੀ ਮੈਨੂੰ ਫ਼ੋਨ ਸੁਣਨ ਲਈ ਜਾਂ ਕਰਨ ਲਈ ਫ਼ੋਨ ਦਾ ਲੌਕ ਖੋਲ੍ਹ ਕੇ ਦਿੰਦਾ ਜਾਂ ਕੁਝ ਦੇਖਣ ਲੱਗ ਜਾਂਦਾ ਜਾਂ ਮੇਰੀ ਗੱਲ ਸੁਣਨ ਜਾਂ ਦੱਸਣ ਲੱਗ ਜਾਂਦਾ ਤਾਂ ਭੀੜ ਫੇਰ ਮੂੰਹ ਨੂੰ ਆ ਜਾਂਦੀ ਸੀ । ਇਹ ਦੇਖ ਕੇ ਮਨੀ ਦਾ ਸੁਪਰਵਾਈਜ਼ਰ ਆ ਕੇ ਪੁੱਛਣ ਲੱਗਾ ਕਿ ਇਹ ਕੁੜੀ ਕੌਣ ਹੈ ਤਾਂ ਉਹ ਕਹਿੰਦਾ ਕਿ ਯੇ ਲੜਕੀ ਮੇਰੇ ਗਾਂਓ ਕੀ ਹੈ । ਮਨੀ ਨੇ ਮੈਨੂੰ ਵੀ ਕਹਿ ਦਿੱਤਾ ਕਿ ਜੇ ਤੈਨੂੰ ਕੋਈ ਪੁੱਛੇ ਕਿ ਤੂੰ ਕੌਣ ਹੈਂ ਤਾਂ ਕਹਿ ਦੇਈਂ ਕਿ ਮੈਂ ਇਸਕੇ ਗਾਂਓ ਕੀ ਹੂੰ । ਮੈਂ ਸਮਝ ਗਈ ਸੀ । ਜਦੋਂ ਵੀ ਮਨੀ ਫ਼ੋਨ ਤੇ ਲੱਗ ਜਾਂਦਾ ਤਾਂ ਉਹਦੀ ਡਿਊਟੀ ਮੈਂ ਕਰਦੀ ,”ਕਰਿੱਪਿਆ ਸਭੀ ਯਾਤਰੀ ਗੇਟ ਨੰਬਰ ਸਿਕਸ ਐਂਡ ਸੈਵਨ ਪਰ ਜਾਂਏ । ਜਦੋਂ ਮਨੀ ਫੋਨ ਤੇ ਵਿਜੀ ਹੁੰਦਾ ਭੀੜ ਇਕੱਠੀ ਹੋਣ ਲੱਗਦੀ ਤਾਂ ਮੈਂ ਵੀ ਉੱਚੀ ਆਵਾਜ਼ ਵਿੱਚ ਬੋਲਦੀ,” ਕਰਿੱਪਿਆ ਸਭੀ ਯਾਤਰੀ ਗੇਟ ਨੰਬਰ ਸਿਕਸ ਔਰ ਸੈਵਨ ਕੀ ਅੋਰ ਪ੍ਰਸਥਾਨ ਕਰੇਂ । ਹੁਣ ਕਦੇ ਮੈਂ ਤੇ ਕਦੇ ਮਨੀ ਜਿਹੜਾ ਵੀ ਫ਼ੋਨ ਤੋਂ ਵਿਹਲਾ ਹੁੰਦਾ ਭੀੜ ਦਾ ਰੁਖ ਬਦਲ ਦਿੰਦਾ । ਮੇਰੀ ਵੀ ਜਿਵੇਂ ਮਨੀ ਵਾਲਾ ਫ਼ਿਕਰਾ ਬੋਲਣ ਦੀ ਆਦਤ ਜਿਹੀ ਬਣ ਗਈ ਸੀ ਫ਼ਰਕ ਸਿਰਫ਼ ਇੰਨਾ ਸੀ ਕਿ ਉਹ ਮੂੰਹ ਦੇ ਇੱਕ ਪਾਸੇ ਲੱਗੇ ਉਂਗਲ ਕੁ ਦੇ ਸਪੀਕਰ ਵਿੱਚ ਬੋਲਦਾ ਸੀ ਤੇ ਮੈਂ ਆਪਣੀ ਆਵਾਜ਼ ਸਪੀਕਰ ਤੋਂ ਵੀ ਉੁੱਚੀ ਕੱਢ ਕੇ ਬੋਲਦੀ ਸੀ । ਇੱਕ ਵਾਰ ਮਨੀ ਨੇ ਅਜੇ ਬੋਲਣ ਲਈ ਮੂੰਹ ਹੀ ਖੋਲ੍ਹਿਆ ਸੀ ਕਿ ਮੈਂ ਪਹਿਲਾਂ ਹੀ ਬੋਲ ਪਈ ” ਸਭੀ ਯਾਤਰੀ ਕਰਿੱਪਪਿਆ ਗੇਟ ਨੰਬਰ ਛੇ ਔਰ ਸਾਤ ਪਰ ਜਾਂਏ !” ਮੈਨੂੰ ਬੋਲਦੀ ਦੇਖ ਕੇ ਮਨੀ ਇੱਕਦਮ ਹੈਰਾਨ ਤੇ ਚੁੱਪ !!! ਮੇਰੇ ਵੱਲ ਦੇਖ ਕੇ ਉਹ ਹੱਸਦਾ-ਹੱਸਦਾ ਬੋਲਿਆ “ ਤੁਸੀਂ ਬੜੀ ਛੇਤੀ ਸਿੱਖ ਗਏ ਬੋਲਣਾ,ਕੋਈ ਨੀ ਬੋਲਦਾ ਐਨੀ ਛੇਤੀ ਤੁਹਾਡੇ ਵਾਂਗ !” ਓਹੀ ਗੱਲ ਹੋਈ ,”ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ...!”
ਮੇਰੇ ਲਈ ਤਾਂ ਇਹ ਅੰਨਾ ਕੀ ਭਾਲੇ ਦੋ ਅੱਖਾਂ ਵਾਂਗ ਸੀ ਕਿਉਂਕਿਂ ਇਸ ਤਰਾਂ ਬੋਲਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ । ਮੇਰਾ ਤਾਂ ਓਥੋਂ ਜਾਣ ਨੂੰ ਦਿਲ ਨਾ ਕਰੇ । ਉਂਝ ਇਸ ਤਰ੍ਹਾਂ ਦੇ ਕੰਮ ਮੈਨੂੰ ਬਹੁਤ ਥਰਿੱਲਿੰਗ ਲੱਗਦੇ ਹਨ ਅਤੇ ਜਿਵੇਂ ਇਹ ਮੇਰੀ ਰੂਹ ਦੀ ਖ਼ੁਰਾਕ ਹੋਣ । ਇੱਕ ਵਾਰ ਮੈਨੂੰ ਕਿਸੇ ਨੇ ਕਿਹਾ ਵੀ ਸੀ ਕਿ ਲੰਬੀ ਗਰਦਨ ਵਾਲੇ ਬੋਲਣ ਵਿੱਚ ਚੰਗੇ ਬੁਲਾਰੇ ਹੁੰਦੇ ਹਨ ।
ਐਨੇ ਨੂੰ ਰਮਨ ਦਾ ਫ਼ੋਨ ਆ ਗਿਆ ਕਿ ਹੋਟਲ ਰੂਮ ਬੁੱਕ ਹੋ ਗਿਆ ਪਰ ਹੋਟਲ ਦਾ ਫ਼ੋਨ ਥਰੂ ਨਹੀ ਹੋ ਰਿਹਾ ਸੀ ਕਿਉਕਿਂ ਉਹਨਾ ਦੇ ਸਟਾਫ਼ ਨੇ ਮੈਨੂੰ ਏਅਰਪੋਰਟ ਦੇ ਬਾਹਰੋਂ ਸਾਰੀ ਸਕਿਊਰਟੀ ਵਗੈਰਾ ਚੈੱਕ ਕਰਾ ਕੇ ਆਪ ਹੋਟਲ ਦੇ ਅੰਦਰ ਲੈ ਕੇ ਜਾਣਾ ਸੀ । ਮਨੀ ਨੇ ਮੈਨੂੰ ਸੁਝਾਅ ਦਿੱਤਾ ਕਿ ਗੇਟ ਨੰਬਰ ਇੱਕ ਤੇ ਜਾ ਕੇ ਸ਼ੀਸ਼ੇ ਦੇ ਕਾਊਂਟਰ ਕੇ ਜਾ ਕੇ ਦੱਸ ਦੇਈਂ ਅਤੇ ਉਹ ਹੋਟਲ ਵਾਲਿਆਂ ਨੂੰ ਮੇਰੇ ਬਾਰੇ ਇੰਨਫੋਰਮ ਕਰ ਦੇਣਗੇ । ਓਥੋਂ ਮਨੀ ਦਾ ਧੰਨਵਾਦ ਕਰਦੀ ਹੋਈ ਮੈਂ ਸ਼ੀਸ਼ੇ ਕਾਊਂਟਰ ਕੇ ਜਾ ਕੇ ਗੱਲ ਕੀਤੀ ਤੇ ਉਹਨਾਂ ਨੇ ਮੇਰੀ ਹੋਟਲ ਵਿੱਚ ਐਂਟਰੀ ਅਰੇਂਜ ਕਰ ਦਿੱਤੀ । ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੀ ਸੀ ਕਿ ਇਹ ਸਾਰੇ ਨਵੇਂ ਤਜਰਬੇ,ਵੱਖਰੇ ਜਿਹੇ ਰੋਲ ਘਰ ਵਿੱਚ ਮੇਰੇ ਹਿੱਸੇ ਹੀ ਕਿਉਂ ਆਉਂਦੇ ਨੇ ਅਤੇ ਜਾਂ ਮੈਂ ਹੀ ਇਹਨਾਂ ਚੈਲੇਂਜਜ਼ ਨੂੰ ਐਟਰੈਕਟ ਕਰਦੀ ਹਾਂ ਜਾਂ ਫੇਰ ਚੈਲੇਜ਼ ਆਪ ਮੈਨੂੰ ਹੀ ਚੁਣਦੇ ਹਨ ਅਤੇ ਮੇਰਾ ਪਿੱਛਾ ਕਰਦੇ ਰਹਿੰਦੇ ਹਨ ਕਿਉਂਕਿ ਜਿੱਥੇ ਵੀ ਜਾਂਦੀ ਹਾਂ ਮੂਹਰੇ ਖੜ੍ਹੇ ਰਹਿੰਦੇ ਹਨ । ਚਲੋ ਕੁਝ ਸਮੇਂ ਲਈ ਮੈਂ ਵੀ ਏਅਰਪੋਰਟ ਓਪਰੇਸ਼ਨਜ਼ ਅਧਿਕਾਰੀ ਦੀ ਨੌਕਰੀ ਕਰ ਲਈ ਸੀ ।ਪਰ ਹੋਟਲ ਦੀ ਫ਼ੀਸ ਨੇ ਸਣੇ ਡਿਨਰ ਬਰੇਕਫਾਸਟ ਇੱਕ ਰਾਤ ਦਾ ਸੋਲਾਂ ਹਜ਼ਾਰ ਨੌ ਸੌ ਸਤੰਨਵੇਂ ਦਾ ਟੀਕਾ ਲਾ ਦਿੱਤਾ । ਦੂਸਰੇ ਦਿਨ ਹੋਟਲ ਦੇ ਅੰਦਰੋਂ ਹੀ ਸਵੇਰੇ ਅੱਠ ਵਜੇ ਚੈੱਕ-ਇੰਨ ਹੋ ਗਈ ਸੀ ਅਤੇ ਸਾਢੇ ਅੱਠ ਵਜੇ ਫਲਾਈਟ ਸੀ । ਚੈੱਕ-ਇੰਨ ਵਾਲੇ ਅਧਿਕਾਰੀ ਨੇ ਮੇਰੇ ਦੋ ਵੀਹ-ਵੀਹ ਕਿੱਲੋ ਦੇ ਸੂਟਕੇਸ ਜਮ੍ਹਾ ਕਰ ਲਏ ਅਤੇ ਕਹਿੰਦਾ ਤੀਸਰਾ ( ਰਮਨਦੀਪ) ਵਾਲਾ ਸੱਤ ਕਿੱਲੋ ਵਾਲਾ ਸੂਟਕੇਸ ਵੀ ਜਮ੍ਹਾ ਕਰਾ ਦੇ । ਮੈਂ ਕਿਹਾ ਨਾ ਭਰਾਵਾ ਇਹ ਮੈਂ ਆਪਣੇ ਕੋਲ ਰੱਖਣਾ ਹੈ । ਪੁੱਛਣ ਲੱਗਾ ਕਿਉਂ ਮੈਂ ਕਿਹਾ ਇਹ ਮੈਂ ਆਪਣੇ ਕੋਲ ਰੱਖਣਾ ਹੈ ਉਹ ਜ਼ਿੱਪ ਲੌਕ ਕੱਢ ਕੇ ਲਿਆਇਆ ਤੇ ਕਹਿੰਦਾ,” Do not worry madam, I will put zip lock to this bag !” ਮੇਰੀ ਦੁਆਰਾ ਨਾਂਹ ਦਾ ਕਾਰਨ ਪੁੱਛਣ ਲੱਗਾ ਤਾਂ ਮੈਂ ਕਿਹਾ ਇਹ ਮੇਰੀ ਬਹਨ ਕਾ ਸੂਟਕੇਸ ਹੈ । ਬਾਅਦ ਵਿੱਚ ਓਹੀ ਮੁੰਡਾ ਜਹਾਜ਼ ਵਿੱਚ ਸਮਾਨ ਸੈੱਟ ਕਰਦਾ ਫਿਰੇ ਅਤੇ ਮੈਨੂੰ ਦੇਖ ਕੇ ਹੱਸ ਪਿਆ ਤੇ ਕਹਿਣ ਲੱਗਾ ” ਯੇ ਸੂਟਕੇਸ ਆਪਕੀ ਬਹਨ ਕਾ ਹੈ ! “ ਮੈਂ ਰਮਨਦੀਪ ਵਾਲਾ ਸੂਟਕੇਸ ਆਪਣੀ ਸੀਟ ਦੇ ਉੁੱਪਰ ਬਣੇ ਕੈਬਿਨ ਵਿੱਚ ਰੱਖ ਕੇ ਜਹਾਜ਼ ਦੀ ਨਿੱਕੀ ਜਿਹੀ ਖਿੜਕੀ ਵਿੱਚੋਂ ਬਾਹਰ ਨੂੰ ਵੇਖਣ ਲੱਗ ਗਈ ਸੀ ।
ਮਨਦੀਪ ਕੌਰ ਭੰਡਾਲ

26/11/2023
Photos from ਮਣਕੇ's post 15/09/2023

My Leo - morning mate !
These creatures are wonderful on this earth !

28/08/2023

ਮਸਤਾਨੇ
ਬਹੁ-ਚਰਚਿਤ ਪੰਜਾਬੀ ਫ਼ਿਲਮ ਮਸਤਾਨੇ ਅੱਜ ਦੇਖ ਲਈ ਹੈ । ਬਾਕਮਾਲ ਕੌਨਸੈਪਟ, ਬਾਕਮਾਲ ਪੇਸ਼ਕਾਰੀ ਅਤੇ ਬਾਕਮਾਲ ਐਕਟਿੰਗ ।
ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਪਹਿਲਾਂ ਗੱਲ ਕਰਾਂਗੀ ਤਰਸੇਮ ਜੱਸੜ ਬਾਈ ਦੀ -ਕਾਬਲ-ਏ -ਤਾਰੀਫ਼ ਅਦਾਕਾਰੀ ਅਤੇ ਸਭ ਤੋਂ ਵਧੀਆ ਲੱਗਾ ਉਸਦਾ ਡਾਂਸ ਅਤੇ ਉੱਪਰੋਂ ਸਰੀਰਕ ਫਿਟਨੈੱਸ ਅਤੇ flexibity ਦੇਖ ਮੈਂ ਅਸ਼-ਅਸ਼ ਕਰ ਉੁੱਠੀ ।ਗੁਰਪ੍ਰੀਤ ਘੁੱਗੀ ਵਾਹ-ਵਾਹ - ਇਹਨਾਂ ਨੇ ਕਿਰਦਾਰ ਦੇ ਸ਼ਿਖਰ ਨੂੰ ਜਾ ਛੂਹਿਆ ਹੈ । ਘੁੱਗੀ ਬਾਈ ਦੀ ਕਾਮੇਡੀ ਦੀ ਇਮੇਜ ਹੋਣ ਕਰਕੇ ਕਿਤੇ ਵੀ ਨਹੀਂ ਲੱਗਿਆ ਕਿ ਇਹ ਗੁਰਪ੍ਰੀਤ ਘੁੱਗੀ ਹੈ । ਇਸ flawless Acting ਲ਼ਈ ਗੁਰਪ੍ਰੀਤ ਘੁੱਗੀ ਨੂੰ ਬਹੁਤ ਵੱਡਾ ਮਾਣ ਸਨਮਾਨ ਬਣਦਾ ਹੈ । ਹੁਣ ਵਾਰੀ ਹੈ ਕਰਮਜੀਤ ਅਨਮੋਲ ਦੀ -ਇਹ ਅਦਾਕਾਰ ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਹੈ ਜਿਹੜਾ ਸੱਚਮੁੱਚ ਹੀ ਸੰਭਾਲ ਕੇ ਰੱਖਣ ਵਾਲਾ ਹੈ । ਰਾਹੁਲ ਦੇਵ ਵੀ ਨਾਦਰਸ਼ਾਹ ਦੇ ਰੋਲ ਵਿੱਚ ਬਹੁਤ ਸਜਿਆ ਹੈ ਅਤੇ ਇਸ ਤੋਂ ਇਲਾਵਾ ਰਾਹੁਲ ਦੇਵ ਦੀ ਅਦਾਕਾਰੀ ਤੇ ਆਵਾਜ਼ ਬਹੁਤ ਹੀ ਖ਼ਾਸ ਲੱਗੀ ਹੈ । ਵਿਸ਼ੇਸ਼ ਕਰਕੇ ਉਸਦੀ ਆਵਾਜ਼ ਵਿੱਚ ਕਿਤੇ ਵੀ ਨਜ਼ਲਾ ਨਹੀਂ ਸੁਣਾਈ ਦਿੱਤਾ । ਅਵਤਾਰ ਗਿੱਲ ਨੂੰ ਕੌਣ ਨਹੀਂ ਜਾਣਦਾ ਇਹ ਤਾਂ ਹੈ ਹੀ ਪੰਜਾਬੀਆਂ ਦਾ ਅਮਰੀਸ਼ ਪੁਰੀ ।
ਸਿੰਮੀ ਚਾਹਲ ਦੀ ਗੱਲ ਕਰੇ ਬਿਨਾ ਗੱਲ ਪੂਰੀ ਨਹੀ ਹੋ ਸਕਦੀ । ਬਹੁਤ ਸੁੰਦਰ ਦਿੱਖ ਦੇ ਨਾਲ ਨਾਲ ਕਿਰਦਾਰ ਵਿੱਚ ਪੂਰੀ ਭਿੱਜੀ ਹੋਈ ਦਿਖਾਈ ਦੇ ਰਹੀ ਹੈ ।
ਲਾਸਟ ਵੱਟ ਨੌਟ ਦ ਲੀਸਟ ਹਨੀ ਮੱਟੂ ਅਤੇ ਬਨਿੰਦਰ ਬਨੀ ਨੂੰ ਮੈਂ ਪਹਿਲੀ ਵਾਰ ਦੇਖਿਆ ਪਰ ਮੈਨੂੰ ਕਿਤੇ ਵੀ ਨਹੀਂ ਲੱਗਾ ਕਿ ਇਹ ਨਵੇਂ ਚਿਹਰੇ ਹਨ ਪਰ ਲੱਗਦਾ ਹੈ ਇਹ ਜ਼ਰੂਰ ਹੀ ਭਵਿੱਖ ਵਿੱਚ ਬਹੁਤ ਜ਼ਿਆਦਾ ਜਲਵੇ ਦਿਖਾਉਣ ਵਾਲੇ ਹਨ ।
ਅੰਤ ਵਿੱਚ ਇਹ ਕਿ ਮੈਨੂੰ ਫਿਲਮ ਦੇ ਸ਼ੁਰੂ ਵਿੱਚ ਇੰਨਰੋਡਕਸ਼ਨ ਦੇਣ ਵਾਲੀ ਆਵਾਜ਼ ਥੋੜੀ ਜਿਹੀ ਹੌਲੀ ਲੱਗੀ । ਬਾਕੀ ਸਾਰੀ ਫ਼ਿਲਮ ਪੰਜਾਬੀ ਸਿਨੇਮਾ ਦਾ ਇੱਕ ਸੁਨਿਹਰਾ ਮੀਲ ਪੱਥਰ ਹੋਣ ਦਾ ਪੂਰਾ ਦਮ ਭਰਦੀ ਹੈ ।

ਸ਼ਰਨ ਆਰਟ , ਮਨਪ੍ਰੀਤ ਜੌਹਲ ਅਤੇ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ।
ਕੋਈ ਰਿਹੋ ਨਾ …….।


ਮਨਦੀਪ ਕੌਰ ਭੰਡਾਲ

27/07/2023

ਜੁਆਬ

ਮਾਨਾ ਕੇ ਹਮ ਅਦਬ ਸੇ ਬਾਤ ਨਹੀਂ ਕਰਤੇ.,
ਪਰ ਯੇ ਮਾਨੋ ਮਤਲਵ ਸੇ ਬਾਤ ਨਹੀਂ ਕਰਤੇ.,
ਯੇ ਨਰਮ ਲਹਿਜਾ,ਪਿਆਰੀ ਬਾਤੇਂ, ਤੇਰੇ ਲੀਏ ਹੈਂ
ਹਮ ਇਸ ਲਹਿਜੇ ਮੇਂ ਸਬ ਸੇ ਬਾਤ ਨਹੀਂ ਕਰਤੇ .।

ਵੋ ਅਦਬ ਹੀ ਕੈਸਾ, ਜਿਸ ਮੇਂ ਲਫ਼ਜ਼ ਨਾ ਡਰਤੇ.,
ਔਰ ਵੋ ਬਾਤ ਹੀ ਕਿਆ,ਜਿਸ ਪਰ ਲੋਗ ਨਾ ਮਰਤੇ ,
ਯੂੰ ਨ ਚਾਹੀਏ ਵੋ ਫਖ਼ਰ,ਜੋ ਤਹਿਜ਼ੀਬ ਨਾ ਵਰਤੇ ,
ਬੇਲਿਹਾਜ਼ਾ ਮੁਵੱਕਲ ,ਹਮਾਰੇ ਜਹਾਂ ਨਾ ਪਰਤੇ ।

12/07/2023

ਔਰਤ ਕਾਇਆ,ਔਰਤ ਛਾਇਆ ਔਰਤ ਹੈ ਇੱਕ ਮਾਇਆ ,
ਔਰਤ ਸ਼ਕਤੀ ,ਔਰਤ ਭਗਤੀ, ਔਰਤ ਧਨ ਪਰਾਇਆ,
ਇੱਕ ਔਰਤ ਮੇਰੇ ਅੰਦਰ ਵੱਸਦੀ ਇੱਕ ਔਰਤ ਨੇ ਜਾਇਆ ,
ਹਰ ਦਿਨ ਜੀਵਾਂ ਨਵਾਂ-ਨਵਾਂ ,ਜਨਮ ਦਿਨ ਅੱਜ ਆਇਆ ।
ਮਨਦੀਪ ਕੌਰ ਭੰਡਾਲ

25/06/2023

Power of letting it go !

ਅੱਜ ਦੀ ਦੁਨੀਆਂ ਵਿੱਚ ਹਰ ਕੋਈ ਮਾਨਸਿਕ ਤਣਾਓ ਨਾਲ ਜੂਝ ਰਿਹਾ ਹੈ -ਕੋਈ ਵੀ ਗੱਲ ਦਿਨਾਂ , ਮਹੀਨਿਆਂ ਤੇ ਸਾਲਾਂ ਤੱਕ ਮਨੁੱਖ ਦੇ ਅੰਦਰ ਮੱਕੜੀ ਦੇ ਜਾਲੇ ਵਾਂਗ ਲਟਕਦੀ ਰਹਿੰਦੀ ਹੈ ਜਿਸ ਨੇ ਮਨੁੱਖ ਦੀ ਖ਼ੁਦ ਦੀ ਜ਼ਿੰਦਗੀ ਨੂੰ ਅੰਦਰੋਂ ਟਾਈਟ ਕੀਤਾ ਹੋਇਆ ਹੈ । ਗੁੱਸੇ ਨੂੰ ਪਕੜ ਕੇ ਰੱਖਣਾ ਵੀ ਗਰਮ ਕੋਲੇ ਨੂੰ ਹੱਥ ਵਿੱਚ ਫੜਨ ਦੇ ਬਰਾਬਰ ਹੈ ।ਜ਼ਿੰਦਗੀ ਵਿੱਚ ਘਟਨਾਵਾਂ , ਉਹਨਾਂ ਨਾਲ ਸੰਬੰਧਤ ਲੋਕਾਂ ਤੇ ਚੀਜ਼ਾਂ ਨੂੰ let go ਕਰਨਾ ਸਾਨੂੰ ਅੰਦਰੋਂ ਕਿਵੇਂ ਬੇਚੈਨ ਕਰ ਦਿੰਦਾ ਹੈ -ਇਸੇ ਗੱਲ ਨਾਲ ਸਬੰਧਿਤ ਇੱਕ ਕਹਾਣੀ ਸ਼ੇਅਰ ਕਰਦੀ ਹਾਂ :-

ਇੱਕ ਵਾਰ ਇੱਕ ਭਿਕਸ਼ੂ ਤੇ ਉਸਦਾ ਸਾਥੀ ਭਿਕਸ਼ੂ ਯਾਤਰਾ ਕਰ ਰਹੇ ਸੀ ।ਤੁਰਦੇ-ਤੁਰਦੇ ਉਹ ਇੱਕ ਦਰਿਆ ਤੇ ਪਹੁੰਚੇ ਜਿਸ ਵਿੱਚ ਬਹੁਤ ਤੇਜ਼ ਵਹਾਓ ਆਇਆ ਹੋਇਆ ਸੀ । ਜਿਉਂ ਹੀ ਉਹ ਦਰਿਆ ਨੂੰ ਪਾਰ ਕਰਨ ਦੀ ਤਿਆਰੀ ਕਰ ਰਹੇ ਸੀ , ਉਹਨਾਂ ਨੂੰ ਇੱਕ ਸੁੰਦਰ ਅਤੇ ਨੌਜਵਾਨ ਔਰਤ ਦਿਖਾਈ ਦਿੱਤੀ ਜਿਹੜੀ ਕਿ ਦਰਿਆ ਨੂੰ ਪਾਰ ਕਰਨ ਦੇ ਲਈ ਖੜ੍ਹੀ ਸੀ ।ਔਰਤ ਨੇ ਉਹਨਾਂ ਤੋਂ ਦਰਿਆ ਪਾਰ ਕਰਨ ਲਈ ਮੱਦਦ ਮੰਗੀ ।
ਦੋਵੇਂ ਭਿਕਸ਼ੂ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਕਿਉਂਕਿ ਉਹਨਾਂ ਨੇ ਕਸਮ ਖਾਧੀ ਸੀ ਕਿ ਕਦੇ ਵੀ ਔਰਤ ਨੂੰ ਛੂਹਣਾ ਨਹੀਂ ਸੀ । ਬਾਵਜੂਦ ਇਸਦੇ ਵੱਡੇ ਭਿਕਸ਼ੂ ਨੇ ਬਿਨਾ ਕੁਝ ਬੋਲੇ ਔਰਤ ਨੂੰ ਚੁੱਕ ਲਿਆ ਅਤੇ ਦਰਿਆ ਦੇ ਪਾਰ ਰੱਖ ਦਿੱਤਾ ਅਤੇ ਦੋਵੇਂ ਅੱਗੇ ਤੁਰ ਪਏ ।
ਸਾਥੀ ਛੋਟੇ ਭਿਕਸ਼ੂ ਨੂੰ ਜੋ ਵੀ ਹੋਇਆ ਸੀ ਉਸ ਤੇ ਯਕੀਨ ਨਹੀਂ ਹੋ ਰਿਹਾ ਸੀ ਅਤੇ ਸੋਚ-ਸੋਚ ਕੇ ਉਸ ਦੇ ਦੰਦ ਜੁੜ ਗਏ । ਇੱਕ ਘੰਟਾ ਬੀਤ ਗਿਆ ਉਹ ਦੋਵੇਂ ਇੱਕ ਦੂਜੇ ਨਾਲ ਕੁਝ ਵੀ ਨਾ ਬੋਲੇ ।
ਹੋਰ ਦੋ ਘੰਟੇ ਬੀਤ ਗਏ ਅਤੇ ਫੇਰ ਤਿੰਨ ਹੋਰ ਘੰਟੇ ਬੀਤ ਜਾਣ ਪਿੱਛੋਂ ਛੋਟਾ ਭਿਕਸ਼ੂ ਆਪਣੇ -ਆਪ ਨੂੰ ਹੋਰ ਰੋਕਣ ਤੋਂ ਅਸਮਰਥ ਹੋ ਗਿਆ ਅਤੇ ਪੁੱਛਣ ਲੱਗਾ ,”ਸਾਨੂੰ ਭਿਕਸ਼ੂਆਂ ਨੂੰ ਔਰਤ ਨੂੰ ਛੂਹਣ ਦੀ ਆਗਿਆ ਨਹੀਂ ਹੈ ਅਤੇ ਤੁਸੀਂ ਕਿਵੇਂ ਉਸ ਔਰਤ ਨੂੰ ਮੋਢਿਆਂ ਤੇ ਚੁੱਕ ਲਿਆ ਸੀ ?”
ਵੱਡੇ ਭਿਕਸ਼ੂ ਨੇ ਉਸ ਵੱਲ ਵੇਖਿਆ ਅਤੇ ਉੁੱਤਰ ਦਿੱਤਾ ,” ਮੇਰੇ ਸਾਥੀ ! ਮੈਂ ਉਸ ਨੂੰ ਦਰਿਆ ਦੇ ਦੂਸਰੇ ਕਿਨਾਰੇ ਰੱਖ ਆਇਆ ਹਾਂ ਅਤੇ ਤੂੰ ਉਸ ਨੂੰ ਹਾਲੇ ਵੀ ਚੁੱਕੀ ਫਿਰਦਾ ਏਂ ?”
ਇਸ ਕਹਾਣੀ ਵਿੱਚ ਬਹੁਤ ਖ਼ੂਬਸੂਰਤ ਸੁਨੇਹਾ ਹੈ ਕਿ ਕਈ ਵਾਰ ਸਾਡਾ “ ਵੀਲੀਫ਼ ਸਿਸਟਮ “ਸਾਡੇ ਰਸਤੇ ਵਿੱਚ ਖੜਾ ਹੋ ਜਾਂਦਾ ਅਤੇ ਸਾਨੂੰ ਅੰਦਰੂਨੀ ਤੌਰ ਤੇ ਆਜ਼ਾਦ ਨਹੀ ਹੋਣ ਦਿੰਦਾ ।ਕਿਸੇ ਗੱਲ ਨੂੰ ਮਨ ਵਿੱਚ ਰਿੜਕੀ ਜਾਣਾ ਸਾਨੂੰ ਅੱਗੇ ਵੱਧਣ ਨਹੀਂ ਦਿੰਦਾ । ਹਰ ਬੀਤੀ ਘਟਨਾ ਨਾਲ ਸਾਡਾ ਰਿਸ਼ਤਾ ,ਲਗਾਓ ਅਤੇ ਧਿਆਨ ਹੀ ਸਾਡੀ ਮਨੋ-ਦਿਸ਼ਾ ਤਹਿ ਕਰਦਾ ਹੈ ।

ਮਨਦੀਪ ਕੌਰ ਭੰਡਾਲ

29/05/2023

ਦਸਤਾਰ ( ਮਨੋਹਰ ਭਵਾਨੀ ਛੰਦ)
ਮੇਰੇ ਸੀਸ ਉੱਤੇ ਪੱਗ,
ਦਿਸਾਂ ਸਭ ਤੋਂ ਅਲੱਗ,
ਮੈਨੂੰ ਜਾਣਦਾ ਏ ਜੱਗ,
ਸੱਚਾ ਕਿਰਦਾਰ ਹਾਂ,
ਦੱਸਵੇਂ ਗੁਰੂ ਦਾ ਸਿੰਘ ਸਰਦਾਰ ਹਾਂ ।

ਮੇਰੇ ਪਿੱਛੇ ਇਤਿਹਾਸ,
ਕੀਤਾ ਜਾਬਰਾਂ ਦਾ ਨਾਸ,
ਗੱਲ ਇਹੇ ਬੜੀ ਖ਼ਾਸ ,
ਝੰਡਾ ਬਰਦਾਰ ਹਾਂ ,
ਦਸਵੇਂ ਗੁਰੂ ਦਾ ਸਿੰਘ ਸਰਦਾਰ ਹਾਂ ।

ਜਿੰਦ-ਜਾਨ ਦਸਤਾਰ,
ਮੇਰੇ ਮੁੱਖ ਦਾ ਸ਼ਿੰਗਾਰ,
ਨਿਭੇ ਗੁਰੂ ‘ਨਾ ਕਰਾਰ,
ਬੜਾ ਜੱਥੇਦਾਰ ਹਾਂ
ਦੱਸਵੇਂ ਗੁਰਾਂ ਦਾ ਸਿੰਘ ਸਰਦਾਰ ਹਾਂ ।

ਮੇਰੀ ਦੇਹੀ ਦਾ ਏ ਅੰਗ,
ਚਾਹੇ ਸ਼ਾਦੀ ਚਾਹੇ ਜੰਗ,
ਵੱਖੋ-ਵੱਖਰੇ ਨੇ ਰੰਗ ,
ਕੌਮੀ ਫ਼ੌਜਦਾਰ ਹਾਂ
ਦੱਸਵੇਂ ਗੁਰੂ ਦਾ ਸਿੰਘ ਸਰਦਾਰ ਹਾਂ ।

ਮਨਦੀਪ ਕੌਰ ਭੰਡਾਲ
ਇਹ ਕਵਿਤਾ ਸਿੱਧੂ ਮੂਸੇਵਾਲ ਨੂੰ ਸਮਰਪਿਤ ਕੀਤੀ ਹੈ ❤️

14/05/2023

ਮਾਂ ਦਿਵਸ ਵਿਸ਼ੇਸ਼ (ਦੋਹਰਾ ਛੰਦ)

ਧੀ ਦੇ ਵਿੱਚ ਮਾਂ ਦਿਸਦੀ,ਵਿੱਚ ਮਾਂਵਾਂ ਜਹਾਨ,
ਦੋਵੇਂ ਨਾਰੀ ਰੂਪ ਨੇ,ਜੱਗ ਜਨਣੀ ਮਹਾਨ ।

ਮਾਂ ਮਾਸਟਰ ਮਾਂ ਮਹਿਰਮ,ਮਾਂ ਤੀਰਥ ਇਸ਼ਨਾਨ,
ਮਾਂ ਦਿਲਬਰ ਅਤੇ ਰਹਿਬਰ,ਮਾਂ ਰੁਤਬਾ ਬਲਵਾਨ ।

ਮਾਂ ਮਮਤਾ ਦੀ ਮੂਰਤੀ,ਮਾਂ ਦਿਲ ਦਾ ਏ ਰਾਜ਼,
ਮਾਂ ਨਾਲ ਸਰਦਾਰੀਆਂ,ਮਾਵਾਂ ਸਿਰ ਦੇ ਤਾਜ ।

ਦੇਖ ਨਾ ਰੱਜੇ ਧੀ ਨੂੰ,ਮਾਂ ਐਸੀ ਏ ਅੱਖ,
ਦਰਸ਼ ਦੀਦਾਰੇ ਮਾਂ ਦੇ,ਹਰ ਰਿਸ਼ਤੇ ਤੋਂ ਵੱਖ ।

ਮਨਦੀਪ ਕੌਰ ਭੰਡਾਲ

14/04/2023

ਪੂਰੀ ਮਨੁੱਖਤਾ ਨੂੰ ਵਿਸਾਖੀ ਦੀਆਂ ਮੁਬਾਰਕਾਂ ❤️

19/03/2023

ਇਹਨੂੰ ਕਹਿੰਦੇ ਹਨ ਮਾਂ ਬੋਲੀ ਦੀ ਸੇਵਾ ।
ਇਹ ਵੀਡੀਓ ਬਹੁਤ ਵਾਇਰਲ ਹੋਈ ਹੈ ।

09/03/2023

ਸ਼ਾਮ ਸਿੰਘ ਅਟਾਰੀਵਾਲਾ ਸ਼ਹਾਦਤ 10 ਫਰਵਰੀ 1846 ਈਸਵੀ।(ਸਭਰਾਵਾਂ ਦੀ ਜੰਗ)

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ,ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।

ਸ. ਨਿਹਾਲ ਸਿੰਘ ਦੇ ਘਰ ਬੀਬੀ ਸ਼ਮਸ਼ੇਰ ਕੌਰ ਦੇ ਕੁੱਖੋਂ ਅਟਾਰੀ ਪਿੰਡ ਵਿੱਚ ਸ਼ਾਮ ਸਿੰਘ ਦਾ ਜਨਮ ਹੋਇਆ। 1803 ਈ: ਚ ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਇਆ। ਮੁਲਤਾਨ ਦੀ ਆਖਰੀ ਜੰਗ ਵਿੱਚ ਇਸ ਨੇ ਬੇਮਿਸਾਲ ਬਹਾਦਰੀ ਦਿਖਾਈ। ਮਹਾਰਾਜੇ ਦੀ ਲਾਰਡ ਵਿਲੀਅਮ ਬੈਂਟਿਕ ਨਾਲ ਹੋਈ ਮੁਲਾਕਾਤ ਵਿਚ ਇਸ ਦੀ ਅਹਿਮ ਭੂਮਿਕਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀ ਵਾਲੇ ਦੀ ਧੀ ਨਾਨਕੀ ਨਾਲ ਕੀਤਾ ।ਮਹਾਰਾਜੇ ਦੀ ਮੌਤ ਤੋਂ ਬਾਅਦ ਸਰਦਾਰ ਬਹੁਤਾ ਆਪਣੇ ਪਿੰਡ ਹੀ ਰਹਿੰਦਾ ਸੀ । ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਮੁਦਕੀ ਤੇ ਫੇਰੂ ਸ਼ਹਿਰ ਦੀ ਜੰਗ ਗਦਾਰਾਂ ਕਾਰਨ ਜਿੱਤ ਕੇ ਵੀ ਹਾਰਨ ਕਰ ਕੇ ਮਹਾਰਾਣੀ ਜਿੰਦਾਂ ਨੇ ਇਸ ਨੂੰ ਖ਼ਾਲਸਾ ਰਾਜ ਬਚਾਉਣ ਲਈ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਅਗਵਾਈ ਕਰਨ ਵਾਸਤੇ ਚਿੱਠੀ ਲਿਖੀ। ਢਾਡੀ ਸੀਤਲ ਜੀ ਲਿਖਦੇ ਨੇ:

ਚਿਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ
ਬੈਠ ਰਿਹੋ ਕੀ ਚਿੱਤ ਵਿੱਚ ਧਾਰ, ਸਿੰਘਾ !
ਦੋਵੇਂ ਜੰਗ 'ਮੁਦਕੀ' 'ਫੇਰੂ-ਸ਼ਹਿਰ' ਵਾਲੇ,
ਸਿੰਘ ਆਏ ਅੰਗਰੇਜ਼ਾਂ ਤੋਂ ਹਾਰ, ਸਿੰਘਾ !
ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦੇਂਦਾ?
ਜਿਉਂਦੀ ਹੁੰਦੀ ਜੇ ਅੱਜ 'ਸਰਕਾਰ' , ਸਿੰਘਾ !
ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀੰ ਹੋ ਗਈ,
ਐਪਰ ਆਪਣੇ ਹੋ ਗਏ ਗ਼ੱਦਾਰ, ਸਿੰਘਾ !

"ਦੇਸ਼-ਧਰੋਹੀ ਵਜ਼ੀਰ, ਜਰਨੈਲ ਰਲ ਕੇ,
ਵੇਖ, ਕੌਮ ਦਾ ਮੁੱਲ ਕੀ ਪਾ ਰਹੇ ਨੇ ।
ਚਾਈਂ ਚਾਈਂ ਗ਼ੁਲਾਮੀ ਦੀਆਂ ਬੇੜੀਆਂ ਪਾ,
ਉਹ ਪੰਜਾਬ ਦੀ ਅਣਖ਼ ਮਿਟਾ ਰਹੇ ਨੇ ।

"ਹੁਣ ਵੀ ਚਮਕੀ ਨਾ ਜੇ ਸਿੰਘਾ! ਤੇਗ ਤੇਰੀ
ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ ।
ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ,
ਕੱਲ੍ਹ ਨੂੰ ਗ਼ੈਰਾਂ ਦੇ ਝੰਡੇ ਝੁਲਾਏ ਜਾਸਨ ।
ਪੁੱਟ ਸ਼ੇਰੇ-ਪੰਜਾਬ ਦੀ ਮੜ੍ਹੀ ਤਾਈਂ
ਉਹਦੇ ਪੈਰਾਂ ਵਿਚ ਫੁੱਲ ਰਲਾਏ ਜਾਸਨ ।
ਬਦਲੀ ਜਿੰਨ੍ਹੇ ਤਕਦੀਰ ਪੰਜਾਬ ਦੀ ਸੀ
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ ।

"ਅਜੇ ਸਮਾਂ ਹਈ, ਵਕਤ ਸੰਭਾਲ ਸਿੰਘਾ,
ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ।
ਲਹਿੰਦੀ ਦਿੱਸੇ 'ਰਣਜੀਤ' ਦੀ ਪੱਗ ਮੈਨੂੰ
ਮੋਏ ਮਿੱਤਰ ਦੀ ਯੋਧਿਆ ! ਆਨ ਰੱਖ ਲੈ !

ਚਿੱਠੀ ਨੇ ਬੁੱਢੇ ਜਰਨੈਲ ਦੇ ਖੂਨ ਨੂੰ ਤੇਜ ਕਰਤਾ , ਉਸਦੀਆਂ ਅੱਖਾਂ ਵਿਚੋਂ ਭਬੱਕੇ ਨਿਕਲੇ , ਉਸਨੇ ਅਗੜਾਈ ਭਰੀ ਤੇ ਸਿੰਘਾਂ ਦੇ ਨਾਮ ਰੁਕੇ ਲਿਖ ਭੇਜੇ ਕਿ , ਆਓ ਰਣਜੀਤ ਦੀ ਮੜੀ ਦੀ ਲੱਜ ਪਾਲੀਏ। ਮਰਦ ਦਲੇਰ ਨੇ ਟੁਰਨ ਤੋਂ ਪਹਿਲਾਂ ਮਾਈ ਦੇਸਾਂ ਨੂੰ ਮਿਆਨ ਦੇ ਕੇ ਕਿਹਾ ' ਭਾਗਾਂ ਵਾਲੀਏ , ਜੇ ਤੇ ਮੈਦਾਨ ਫ਼ਤਹ ਹੋਇਆ ਤਾਂ ਇਸ ਖਾਲੀ ਮਿਆਨ ਵਿਚ ਆਕੇ ਜੇਤੂ ਕਿਰਪਾਨ ਪਾਵਾਂਗਾ ਜੇ ਮੈਦਾਨ ਨ ਹਥ ਆਇਆ ਤਾਂ ਮੈਂ ਜੂਝ ਕੇ ਸ਼ਹੀਦ ਹੋਵਾਂਗਾ ਤੇ ਤੂੰ ਆਉਣ ਵਾਲੀਆਂ ਨਸਲਾਂ ਨੂੰ ਇਹ ਖਾਲੀ ਮਿਆਨ ਵਿਖਾਕੇ , ਅਣਖ ਦੇ ਦੀਵੇ ਬਾਲ ਛੱਡੀ ।

ਚਿੱਠੀ ਪੜ੍ਹੀ ਤਾਂ ਦਿਲ'ਚ ਭੁਚਾਲ ਆਇਆ,
ਕਿਸੇ ਰੋਹ ਵਿਚ ਆਣ ਸਰਦਾਰ ਉਠਿਆ ।
ਚੜ੍ਹਿਆ ਖੂੰਨ ਨੇਤਰ ਲਾਲੋ ਲਾਲ ਹੋਏ
ਲੈ ਕੇ ਹੱਥ ਵਿਚ ਨੰਗੀ ਤਲਵਾਰ ਉਠਿਆ ।

ਸੌਂਦੇ ਜਾਂਦੇ ਪੰਜਾਬ ਦੇ ਭਾਗ ਤਾਈੰ
ਟੁੰਬਣ ਵਾਸਤੇ ਸ਼ੇਰ ਲਲਕਾਰ ਉੱਠਿਆ ।
ਕਾਂਟਾ ਬੁਰੀ ਤਕਦੀਰ ਦਾ ਬਦਲਨੇ ਨੂੰ,
ਕੌਮੀ ਅਣਖ ਦੇ ਤਾਈੰ ਵੰਗਾਰ ਉੱਠਿਆ ।
ਕੋਲ ਸੱਦ ਕੇ ਕਿਹਾ ਸਰਦਾਰਨੀ ਨੂੰ,
"ਲੈ ਮਿਆਨ ਆਹ ਉੱਚੀ ਲਟਕਾ ਛੱਡੀਂ ।
ਕਿਸੇ ਜ਼ਿੰਦਾ ਜਰਨੈਲ ਦੀ ਯਾਦ ਹੈ ਇਹ,
ਇਹਨੂੰ ਦਾਗ਼ ਨਾ ਲੱਗੇ, ਸਮਝਾ ਛੱਡੀੰ ।

"ਮਰਦੀ ਕੌਮ ਵਿੱਚ ਜ਼ਿੰਦਗੀ ਭਰਨ ਖਾਤਰ,
ਮੈਂ ਹੁਣ ਦੇਸ ਤੋਂ ਹੋਣ ਕੁਰਬਾਨ ਚੱਲਿਆ ।
ਜਿਹੜੇ ਕੌਮੀ-ਗ਼ਦਾਰਾਂ ਨੇ ਦਾਗ਼ ਲਾਏ ,
ਧੋ ਕੇ ਖੂੰਨ ਦੇ ਨਾਲ, ਮਿਟਾਣ ਚੱਲਿਆਂ ।
ਜਿਹੜੇ ਦੇਸ-ਧਰੋਹੀਆਂ ਨੇ ਲਾਏ ਲੰਬੂ,
ਛੱਟੇ ਰੱਤ ਦੇ ਮਾਰ ਬੁਝਾਣ ਚੱਲਿਆਂ ।
ਪਿੱਛੋਂ ਹੋਊ, ਸੋ ਵੇਖੇਗਾ ਜੱਗ ਸਾਰਾ,
ਮੈਂ ਤਾਂ ਆਪਣੀ ਤੋੜ ਨਿਭਾਣ ਚੱਲਿਆਂ ।
"ਨਾ ਮੈਂ ਹੋਵਾਂਗਾ, ਨਾ ਇਹ ਪੰਜਾਬ ਹੋਸੀ
ਐਪਰ ਦਿਲਾਂ ਵਿਚ ਦੋਹਾਂ ਦੀ ਯਾਦ ਰਹਿਸੀ ।
'ਸੀਤਲ' ਸੂਰਜ ਕੁਰਬਾਨੀ ਦਾ ਚਮਕਦਾ ਰਹੂ,
ਜਦੋਂ ਤੀਕ ਇਹ ਦੇਸ ਆਬਾਦ ਰਹਿਸੀ ।"

ਸਰਦਾਰ ਸ਼ਾਮ ਸਿੰਘ ਪੰਜਾਬ ਖਾਤਰ ਆਪਣੇ ਸਿਰ ਧੜ ਦੀ ਬਾਜ਼ੀ ਲਾਉਣ ਲਈ ਸਭਰਾਓਂ ਦੇ ਮੈਦਾਨ ਵਿੱਚ ਆ ਗਿਆ । ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਫਤਿਹ ਜਾਂ ਸ਼ਹਾਦਤੀ ਦੀ ਦਾਤ ਮੰਗੀ । ਤੇਜਾ ਸਿੰਘ ਗ਼ੱਦਾਰ ਇੱਥੇ ਵੀ ਧੋਖਾ ਦੇ ਗਿਆ। ਕਿਸ਼ਤੀਆਂ ਦਾ ਪੁਲ ਤੋੜ ਗਿਆ ਅਤੇ ਬਰੂਦ ਦੀਆਂ ਬੋਰੀਆਂ ਵਿਚੋਂ ਸਰ੍ਹੋਂ ਨਿਕਲੀ । ਸਰਦਾਰ ਸ਼ਾਮ ਸਿੰਘ ਆਪ ਤਲਵਾਰ ਲੈ ਕੇ ਇਸ ਲਹੂ ਵਹਿਣੀ ਜੰਗ ਵਿੱਚ ਅੱਗੇ ਹੋ ਕੇ ਜੂਝ ਰਿਹਾ ਸੀ । 10 ਫ਼ਰਵਰੀ , 1846 ਨੂੰ ਖ਼ਾਲਸਾ ਰਾਜ ਦੀ ਹੋਂਦ ਬਚਾਉਣ ਲਈ ਜੂਝਦਿਆਂ ਸਭਰਾਵਾਂ ਦੇ ਮੈਦਾਨ ਵਿੱਚ ਸਰਦਾਰ ਸ਼ਾਮ ਸਿੰਘ ਸੱਤ ਗੋਲੀਆਂ ਲੱਗਣ ਤੋਂ ਬਾਅਦ ਸ਼ਹੀਦ ਹੋ ਗਿਆ ।ਅੰਗਰੇਜ਼ ਕਮਾਂਡਰ ਇਨ ਚੀਫ ਨੇ ਲਿਖਿਆ ਹੈ ਕਿ 'ਸਿੱਖਾਂ ਨੂੰ ਖੁੱਲ ਦੇ ਦਿੱਤੀ ਗਈ ਕਿ ਉਹ ਆਪਣੇ ਚਲਾਣਾ ਕਰ ਚੁਕੇ ਜਰਨੈਲ ਦੀ ਲੋਥ ਮੈਦਾਨ ਵਿਚੋਂ ਢੂੰਡ ਕੇ ਲਿਜਾ ਸਕਦੇ ਹਨ।' ਸਰਦਾਰ ਦੀ ਲੋਥ , ਅੰਗਰੇਜ਼ਾਂ ਦੇ ਮੋਰਚਿਆਂ ਵਿਚ ਉਸ ਥਾਂ ਤੋਂ ਲੱਭੀ ਜਿਥੇ ਲੋਥਾਂ ਦਾ ਢੇਰ ਸਭ ਤੋਂ ਵੱਡਾ ਸੀ ।

ਸਰਦਾਰ ਦੇ ਆਖਰੀ ਮੈਦਾਨੀ ਕਰਤਬਾਂ ਬਾਰੇ ਕੁਝ ਲੇਖਕਾਂ ਦੇ ਬਿਆਂ

੧.ਕਵੀ ਮਟਕ ਲਿਖਦਾ :-

ਸ਼ਾਮ ਸਿੰਘ ਸਰਦਾਰ ਨੇ ਤੇਗ ਫੜੀ ,
ਅੰਗਰੇਜ਼ ਕੇ ਸੀਸ ਪੈ ਜਾਇ ਜੜੀ ਹੈ।
ਮੂੰਡ ਕਾਟ ਕੇ ਜਾਟ ਨੇ ਝਾਟ ਕੀਓ,
ਦਮਕੀ ਦਲਿ ਮੈਂ ਰਣਿ ਹੋਈ ਕਰੀ ਹੈ।
ਚਮਕੀ ਚੜ੍ਹਿ ਊਪਰ ਗੋਰਨ ਕੇ,
ਤਨ ਕਾਟਿ ਕੈ ਬਸਤ੍ਰ ਰੁਦ੍ਰ ਭਰੀ ਹੈ।
ਮਟਿ ਰਾਇ ਜੁਆਨ ਮਦਾਨ ਲੜਾ,
ਸਰਕਾਰ ਕੇ ਨਿਮਕ ਕੀ ਲਾਜ ਪੜੀ ਹੈ।

੨.ਮੂਤੋ ਲਿਖਦਾ :- ਭਾਂਵੇ ਖੱਬੇ ਪਾਸੇ ਉੱਤੇ ਜਿੱਥੇ ਸਰਦਾਰ ਸ਼ਾਮ ਸਿੰਘ ਕਮਾਨ ਕਰ ਰਿਹਾ ਸੀ , ਅੰਗਰੇਜ਼ਾਂ ਨੇ ਨਾ ਯਕੀਨ ਆਉਣ ਵਾਲੇ ਹੱਲੇ ਕੀਤੇ ਪਰ ਇਨ੍ਹਾ ਅਖ਼ੀਰ ਦਮ ਤਕ ਰੋਕੀ ਰਖਿਆ ਅਤੇ ਅੰਗਰੇਜ਼ ਕੇਵਲ ਉਸ ਵੇਲੇ ਇਨ੍ਹਾਂ ਦੀਆਂ ਬਾਤਰੀਆਂ ਤਕ ਪੁਜ ਸਕੇ ਜਦੋਂ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ ਤੇ ਉਸਦੇ ਸਾਰੇ ਸਾਥੀ ਸ਼ਹੀਦ ਹੋ ਚੁਕੇ ਸਨ।

੩.ਗ੍ਰਿਫ਼ਿਨ ਲਿਖਦਾ :- ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੱਟ ਬੰਸ ਦੇ ਸਭ ਤੋਂ ਚੰਗੇ ਪ੍ਰਤਿਨਿਧਾਂ ਵਿਚੋਂ ਇਕ ਸੀ , ਜੋ ਮਰਦਊਪੁਣੇ, ਈਮਾਨਦਾਰੀ , ਹਿੰਮਤ ਤੇ ਦਲੇਰੀ ਵਿਚ ਦੁਨੀਆਂ ਵਿਚ ਕਿਸੇ ਨਾਲੋਂ ਘੱਟ ਨਹੀਂ ਸੀ। ਉਹਨਾਂ ਦੀ ਮੌਤ ਨਾਲ ਇਕ ਬੜਾ ਵੱਡਾ ਘਾਟਾ ਪਿਆ, ਕਿਉਂਕਿ ਕੋਈ ਵੀ ਆਦਮੀ ਐਸਾ ਨਹੀਂ ਸੀ ਜੋ ਉਨ੍ਹਾਂ ਦੀ ਥਾਂ ਪੂਰੀ ਕਰ ਸਕਦਾ।......ਦਰਬਾਰ ਲਾਹੌਰ ਦੇ ਸਾਜ਼ਸ਼ੀ ਸਰਦਾਰਾਂ ਵਿਚੋਂ ਇਕ ਵੀ ਸਰਦਾਰ ਸ਼ਾਮ ਸਿੰਘ ਦੇ ਤੁਲ ਦਾ ਨਹੀਂ ਸੀ।

੪.ਮੁਹੰਮਦ ਲਤੀਫ ਲਿਖਦਾ :- ਬੁੱਢੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੰਮੀ ਦੁਧ ਚਿੱਟੀ ਦਾੜ੍ਹੀ ਵਰਗੀ ਸਫੈਦ ਪੁਸ਼ਾਕ ਪਾਈ , ਚੀਨੀ ਘੋੜੀ ਨੂੰ ਸਰਪਟ ਦੁੜਾਦਿਆਂ ਤੇ ਆਪਣੇ ਜੋਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦੇਂਦਿਆਂ ਉਹ ਅੱਗੇ ਵਧਿਆ ਤੇ ਅੰਤ ਤਕ ਮੌਤ ਨੂੰ ਟਿੱਚ ਜਾਣਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ।

੫.ਕਨਿੰਘਮ ਲਿਖਦਾ ਹੈ :- ਬਜ਼ੁਰਗ ਸ਼ਾਮ ਸਿੰਘ ਨੂੰ ਆਪਣਾ ਕੀਤਾ ਪ੍ਰਣ ਨ ਭੁਲਾ ।ਉਸਨੇ ਚਿਟੇ ਉਜਲੇ ਕਪੜੇ ਸਰੀਰ ਉਤੇ ਧਾਰਨ ਕੀਤੇ ਅਤੇ ਸਿਰ ਉਤੇ ਕਫ਼ਨ ਬੰਨ ਲਿਆ।ਉਸਨੇ ਆਪਣੇ ਸਾਥੀਆਂ ਨੂੰ ਆਖਿਆ ਜਿਹੜੇ ਆਪਣੇ ਗੁਰੂ ਲਈ ਸ਼ਹੀਦ ਹੋਣਾ ਚਾਹੁੰਦੇ ਹਨ ਉਹ ਮੇਰੇ ਨਾਲ ਚਲਣ।ਇਸ ਤਰ੍ਹਾਂ ਮਰਨ ਵਾਲਿਆਂ ਸਾਥੀਆਂ ਸਮੇਤ ਉਹ ਮੈਦਾਨ ਵਿਚ ਕੁੱਦਿਆ ਅਤੇ ਤਬਾਹ ਹੋਈਆਂ ਸਿੱਖ ਫੌਜਾਂ ਨੂੰ ਹੱਲਾਸ਼ੇਰੀ ਦੇ ਦੇ ਕੇ ਮੁੜ ਲੜਾਉਣ ਲੱਗਾ।ਅੰਤ ਲੜਦਾ ਲੜਦਾ ਉਹ ਵੀ ਮੈਦਾਨ ਜੰਗ ਵਿਚ ਸ਼ਹੀਦ ਹੋਕੇ ਆਪਣੇ ਵਤਨੀ ਭਰਾਵਾਂ ਦੇ ਢੇਰ ਉੱਤੇ ਢੇਰੀ ਹੋ ਗਿਆ।

੬.ਜਨਰਲ ਗੋਰਡਨ ਲਿਖਦਾ :- ਸਰਦਾਰ ਸ਼ਾਮ ਸਿੰਘ ਦੀ ਮੌਤ ਉਪਰ, ਜੋ ਮਹਾਰਾਜਾ ਰਣਜੀਤ ਸਿੰਘ ਦਾ ਸਾਥੀ ਰਿਹਾ ਅਤੇ ਬਹੁਤ ਤਜ਼ਰਬੇਕਾਰ ਤੇ ਬਹਾਦਰ ਸੀ, ਸਭ ਨੇ ਦੁਖ ਜਾਹਰ ਕੀਤਾ। ਉਹ ਅੰਗਰੇਜ਼ਾਂ ਨਾਲ ਲੜਾਈ ਦੇ ਵਿਰੁੱਧ ਸੀ , ਪਰ ਦਰਬਾਰ ਵਿਚ ਉਸ ਦੀ ਕਿਸੇ ਨ ਸੁਣੀ ।ਪਰ ਜਦ ਇਹ ਜੰਗ ਸ਼ੁਰੂ ਹੋ ਗਈ ਤਾਂ ਉਹ ਆਪਣੀ ਖਾਲਸਾ ਫ਼ੌਜ ਦਾ ਸਾਥ ਦੇਣ ਲਈ ਇਸ ਜੰਗ ਵਿਚ ਸ਼ਾਮਲ ਹੋ ਗਿਆ। ਚਿੱਟੇ ਬਾਣੇ ਵਿਚ ਵਿਚਰਦਾ ਹੋਇਆ, ਚਿੱਟੀ ਲੰਮੀ ਦਾੜ੍ਹੀ ਕਾਰਨ ਉਹ ਆਪਣੀ ਮੋਰਚਾਬੰਦੀ ਦੀ ਦੀਵਾਰ ਉਪਰੋਂ ਫ਼ੌਜਾਂ ਦੀ ਹੌਸਲਾ ਅਫ਼ਜਾਈ ਕਰਦਾ ਹੋਇਆ ਦੂਰ ਤੋਂ ਹੀ ਪਛਾਣਿਆ ਜਾ ਰਿਹਾ ਸੀ ਜੋ ਆਪਣੀ ਧਰਤੀ ਦੀ ਖਾਤਰ ਮਰ ਮਿਟਣ ਵਾਲੇ ਸਿੱਖ ਸਿਪਾਹੀਆਂ , ਸਵਾਰਾਂ ਤੇ ਮੁਸਲਮਾਨ ਤੋਪਚੀਆਂ ਨੂੰ ਹਦਾਇਤਾਂ ਜਾਰੀ ਕਰ ਰਿਹਾ ਸੀ।.....ਉਹ ਆਪਣੇ ਵਿਰੋਧੀਆਂ ਨਾਲ ਜੂਝਦਾ ਹੋਇਆ ਸਨਮਾਨ ਪੂਰਵਕ ਸ਼ਹਾਦਤ ਨੂੰ ਪ੍ਰਾਪਤ ਹੋਇਆ।

ਬਲਦੀਪ ਸਿੰਘ ਰਾਮੂੰਵਾਲੀਆ

07/03/2023

ਅੰਤਰਰਾਸ਼ਟਰੀ ਨਾਰੀ ਦਿਵਸ ਦੀਆਂ ਬਹੁਤ -ਬਹੁਤ ਮੁਬਾਰਕਾਂ !

24/02/2023

Bhangra Dance London on Instagram: "💃🏻LADIES GIDDHA💃🏻 Ending the week with nothing but some soulful Giddha. Sunday 25th Feb Confirm your attendance via DM See you then💃🏻 #bhangradancelondon #bdl #community #punjabi #dance #punjab #b 6 Likes, 1 Comments - Bhangra Dance London () on Instagram: "💃🏻LADIES GIDDHA💃🏻 Ending the week with nothing but some soulful Giddha. Sunday 25th Feb Confirm your attendance via DM See you then💃🏻 ...

30/01/2023

ਤਵਾਰੀਖ 22 ( ਕਬਿੱਤ)

ਖਿੱਚਦੋ ਲਕੀਰ ਵੀਰੋ ,ਸਿੰਘ ਬਾਬੇ ਦੀਪ ਵਾਲੀ,
ਦੀਪ ਸਿੱਧੂ ਆਖਦਾ ਸੀ,ਕੌਮ ਨੂੰ ਵੰਗਾਰ ਕੇ ।

ਲੜਨੀ ਲੜਾਈ ਪੈਣੀ,ਹੋਂਦ ਨੂੰ ਬਚਾਵਣੇ ਦੀ.,
ਦਾਵਾ ਲੈਣਾ ਪਾਤਸ਼ਾਹੀ,ਆਪਾਂ ਲਲਕਾਰ ਕੇ ।

ਚੱਲਦੇ ਨਾ ਰਾਜ ਬਿਨਾਂ,ਕੌਮ ਤੇ ਧਰਮ ਕਦੇ,
ਗੂੰਜਣ ਨਗਾਰੇ ਵੀਰੋ, ਤਖ਼ਤ ਸ਼ਿੰਗਾਰ ਕੇ .।

ਵੱਖਰੀ ਏ ਕੌਮ ਸਾਡੀ,ਖਾਲਸਾ ਨਿਆਰਾ ਜੱਗੋਂ.,
ਇਸੇ ਨੇ ਹੀ ਛਾਵਣਾ ਏ,ਆਕੀ ਨੂੰ ਨਕਾਰ ਕੇ ..।

ਮਨਦੀਪ ਕੌਰ ਭੰਡਾਲ

27/01/2023

ਬੂ ਵੇ ਜ਼ੈਲਦਾਰ ਮੈਂ ਨਾ ਬਚਦੀ !

ਉਪਰੋਕਤ ਸਿਰਲੇਖ 80ਵਿਆਂ ਦਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਜੀ ਦੁਆਰਾ ਲਿਖਿਆ ਹੋਇਆ ਅਤੇ ਪੰਜਾਬ ਦੀ ਖ਼ੂਬਸੂਰਤ ਗਾਇਕਾ ਬੀਬਾ ਰਣਜੀਤ ਕੌਰ ਜੀ ਦਾ ਗਾਇਆ ਇੱਕ ਖ਼ੂਬਸੂਰਤ ਗੀਤ ਹੈ । ਰਣਜੀਤ ਕੌਰ ਇੱਕ ਉਹ ਗਾਇਕਾ ਹੈ ਜਿਸ ਦੀਆਂ ਫੋਟੋਆਂ ਉਸ ਸਮੇਂ ਦੇ ਮੁੰਡੇ ਬਟੂਏ ਵਿੱਚ ਰੱਖਿਆ ਕਰਦੇ ਸੀ । ਮੇਰੇ ਨਾਨਕੇ ਰਣਜੀਤ ਕੌਰ ਦੇ ਸ਼ਹਿਰ ਰੋਪੜ ਦੇ ਨਜ਼ਦੀਕ ਹੋਣ ਕਰਕੇ ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ । ਇਹ ਗੀਤ ਰਣਜੀਤ ਕੌਰ ਜੀ ਦੀ ਆਵਾਜ਼ ਨਾਲ ਸੀਮਲੈੱਸਲੀ ਇੱਕ-ਮਿੱਕ ਹੋਣ ਦੇ ਨਾਲ-ਨਾਲ ਸੁਣਨ ਵਿੱਚ ਬੇਸ਼ੱਕ ਹਲਕਾ-ਫੁਲਕਾ ਹੈ , ਪਰ ਹੈ ਇੱਕ ਭਾਰੇ ਮਿਜ਼ਾਜ਼ ਦਾ ਰੁਦਨ । ਉਸ ਸਮੇਂ ਇਹ ਗੀਤ ਰੇਡੀਓ ਤੇ ਢਾਈ ਵਾਲੇ ਗੀਤਾਂ ਵਿੱਚ ਮੇਰੀ ਤਾਈ ਜੀ ਬਹੁਤ ਸੁਣਦੇ ਹੁੰਦੇ ਸੀ ਜਿੰਨ੍ਹਾਂ ਨੂੰ ਸੁਣਨ ਤੋਂ ਬਾਅਦ ਉਹ ਖੇਤਾਂ ਵਿੱਚ ਚਾਹ ਲੈ ਕੇ ਜਾਂਦੇ ਸੀ । ਜਦੋਂ ਗੀਤ ਦੇ ਬੋਲਾਂ ਦੀ ਚੋਣ ਨੂੰ ਡੂੰਘਾਈ ਨਾਲ ਸਮਝੀਏ ਤਾਂ ਇਹ ਪਤਾ ਲੱਗਦਾ ਕਿ ਇੱਕ ਸੁੰਦਰ ਔਰਤ ਆਪਣੇ ਅਮੀਰ ਅਤੇ ਅਸਰ ਰਸੂਖ ਵਾਲੇ ਪਤੀ ਨੂੰ ਪਿਆਰ ਦੀ ਤਾਂਘ ਦੱਸਦੀ ਹੋਈ ਅੰਦਰਲੇ ਦਿਲੀ ਦਰਦ ਨੂੰ ਅਸਿੱਧੇ ਢੰਗ ਨਾਲ ਦੱਸਣ ਦੀ ਕੌਸ਼ਿਸ਼ ਕਰਦੀ ਹੈ । ਇਸ ਤੋਂ ਇਲਾਵਾ ਪਤੀ ਨੂੰ ਜ਼ੈਲਦਾਰ ਸੰਬੋਧਿਤ ਹੋਣਾ ਦੱਸਦਾ ਹੈ ਕਿ ਉਹ ਅਸਰ-ਰਸੂਖ ਵਾਲਾ ਇੱਕ ਅਮੀਰ ਸਖ਼ਸ਼ ਹੈ ਜਿਸਨੂੰ ਦੱਸ ਰਹੀ ਹੈ ਕਿ ਉਹ ਮਾਨਸਿਕ ਤੌਰ ਤੇ ਬੇਹਾਲ ਹੈ । ਕੋਈ ਵੀ ਔਰਤ ਮਰਨ ਦੀ ਗੱਲ ਓਦੋਂ ਕਰਦੀ ਹੈ ਜਦੋਂ ਉਸਨੂੰ ਆਪਣੀ ਜ਼ਿੰਦਗੀ ਵਿੱਚੋਂ ਪਿਆਰ ਮਨਫੀਂ ਹੁੰਦਾ ਦਿੱਸਦਾ ਹੈ । ਇੱਕ ਔਰਤ ਸਾਰੇ ਦੁੱਖ ਸਹਾਰ ਸਕਦੀ ਹੈ ਪਰ ਜਦੋਂ ਇਹ ਕਹਿੰਦੀ ਹੈ ,” ਦੋਵੇਂ ਹੱਥ ਜੁੜਵਾ ਲੈ ਡਾਕਦਾਰ ਮੈਂ ਨਾ ਬਚਦੀ !” “,ਨੀ ਤੂੰ ਸੱਸੇ ਹੁਣ ਮਿਰਚਾਂ ਨਾ ਵਾਰ !” ਉਸਦੀ ਅੰਦਰਲੀ ਤੋੜ ਦਾ ਆਖ਼ਿਰੀ ਇਜ਼ਹਾਰ ਹੁੰਦਾ ਹੈ । ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਜੌਨ ਗਰੇ ਨੇ ਆਪਣੀ ਕਿਤਾਬ ,” ਮੈੱਨ ਆਰ ਫਰੌਮ ਮਾਰਜ਼ ਵਿਮੈਨ ਫਰੌਮ ਵੀਨਸ “ ਵਿੱਚ ਲਿਖਿਆ ਹੈ ਕਿ ਜੇਕਰ ਔਰਤ ਦੇ ਲਫ਼ਜਾਂ ਨੂੰ ਮਹਿਸੂਸ ਕੀਤਾ ਜਾਵੇ ਤਾਂ ਉਹਨਾਂ ਵਿੱਚ ਸਭ ਤੋਂ ਵੱਡੀ ਪਿਆਰ ਦੀ ਨਦੀ ਵਹਿੰਦੀ ਹੈ ਮੌਕਾ ਚਾਹੇ ਖੁਸ਼ੀ ਦਾ ਹੋਵੇ ਜਾਂ ਫੇਰ ਗ਼ਮੀ ਦਾ । ਇਸ ਤੋਂ ਇਲਾਵਾ ਉਸਨੇ ਲਿਖਿਆ ਹੈ ਮਰਦ ਔਰਤ ਦਾ “ਫੇਅਰ ਵੈਦਰ ਫ਼੍ਰੈਂਡ “ ਬਣ ਕੇ ਰਹਿੰਦਾ ਹੈ ਭਾਵ ਜਦੋਂ ਜਦੋਂ ਉਹ ਸਵੀਟ ਹੈ,ਉਹ ਉਸਦੇ ਨਾਲ ਹੈ ਅਤੇ ਜਦੋਂ ਕਦੇ ਚੁੱਪ ਤੇ ਨਿਰਾਸ਼ ਹੋ ਜਾਵੇ ਤਾਂ ਦੂਰ ਭੱਜਦਾ ਹੈ ।ਇਸੇ ਤਰਾਂ ਗੁਰਮੀਤ ਬਾਵਾ ਜੀ ਦਾ ਗੀਤ ,” ਡਿੱਗ ਪਈ ਵੇ ਗੋਰੀ ਸ਼ੀਸ਼ ਮਹੱਲ ਤੋਂ ।” ਵੀ ਫ਼ੌਜੀ ਪਤੀ ਨੂੰ ਮਿਲਣ ਦੀ ਰੀਝ ਨੂੰ ਲੈ ਕੇ ਸਿਰਜਿਆ ਗਿਆ ਹੈ । ਇਹ ਉਹ ਸਮਾਂ ਸੀ ਜਦੋਂ ਔਰਤ ਦੀ ਸੁਣਵਾਈ ਬਹੁਤ ਔਖੀ ਹੁੰਦੀ ਸੀ ਤਾਂਹੀ ਕਹਿ ਉੁੱਠਦੀ ਹੈ ,”
ਨਿੱਤ ਬੋਲਦਾ ਸੈਂ ਮੰਦਾ ਵੇ ਨਿੱਘਰ ਜਾਣਿਆ,
ਮੋਈ ਅੱਡੀਆਂ ਰਗੜ ਵੇ ਜੱਭਲ ਲਾਣਿਆ,
ਵੇ ਮੈਂ ਪਤਲੀ ਪਤੰਗ ਜਿਹੀ ਨਾਰ ,
ਮੈਂ ਨਾ ਬਚਦੀ ।”
ਬੇਸ਼ੱਕ ਜ਼ਮਾਨਾ ਬਦਲ ਗਿਆ ਹੈ ਪਰ ਮਨੁੱਖੀ ਸੁਭਾਅ ਦੇ ਸੂਖਮ ਅੰਦਾਜ਼ ਅੱਜ ਵੀ ਲੱਗਭੱਗ ਸੇਮ ਹੀ ਹਨ । ਔਰਤ ਦੀ ਸੂਖਮਤਾ ਨੂੰ ਨਕਾਰਨ ਦੇ ਲੱਖ ਬਹਾਨੇ ਹੋਣਗੇ ਪਰ ਬਿਨਾ ਸ਼ੱਕ ਔਰਤ ਹੀ ਸਮਾਜ ਦੀ ਇੱਕ ਸਿਰਕੱਢ ਕੜੀ ਹੈ ਅਤੇ ਰਹੇਗੀ । ਔਰਤ ਜਿੰਨੀ ਛੇਤੀ ਬਿਖਰਦੀ ਹੈ ਉਸ ਤੋਂ ਦੁੱਗਣੀ ਗਤੀ ਨਾਲ ਸੰਭਲ਼ ਵੀ ਜਾਂਦੀ ਹੈ । ਅੰਤ ਵਿੱਚ ਇਹੀ ਕਹਾਂਗੀ ਕਿ ਪ੍ਰਮਾਤਮਾ ਤੇਰਾ ਸ਼ੁੱਕਰ ਮੈਂ ਇੱਕ ਔਰਤ ਦੀ ਕਾਇਆ ਹਾਂ ।
ਮਨਦੀਪ ਕੌਰ ਭੰਡਾਲ

31/12/2022

ਨਵਾਂ ਸਾਲ (ਕਬਿੱਤ)

ਬੀਤੀ ਜਾਣ ਸਾਲ ਜਿੰਦੇ,ਰੁਕਣਾ ਨਾ ਸਦੀਆਂ ਨੇ,
ਘੜੀਆਂ ਨੇ ਸੂਈ ਸਦਾ,ਅੱਗੇ ਨੂੰ ਘੁਮਾਈ ਏ ।

ਦਿਨਾਂ ਵਾਂਗੂੰ ਲੰਘ ਗਏ,ਬਾਰਾਂ ਹੀ ਮਹੀਨੇ ਯਾਰੋ.,
ਤੇਈ ਦੀ ਉਮੀਦ ਲੈ ਕੇ,ਦੇਵਣੀ ਵਧਾਈ ਏ !

ਭੇਜਣੇ ਸੁਨੇਹੇ ਫੇਰ, ਰੈਡੀਮੇਡ ਫ਼ੋਨ ਉੁੱਤੇ….,
ਪੜ੍ਹ-ਪੜ੍ਹ ਮਿੱਤਰਾਂ ਨੇ,ਹੋਵਣਾ ਸ਼ੁਦਾਈ ਏ .।

ਰੰਗਲੇ ਨੇ ਚਾਅ ਵੀਰੋ, ਸੱਜਰੀ ਸਵੇਰ ਜਿਹੇ,
ਨਵੇਂ ਪਹਿਰਾਵਿਆਂ ਦੀ,ਰੁੱਤ ਬੀਬਾ ਆਈ ਏ.।

ਮਹਿਫ਼ਲਾਂ ਸਜਾਉਣਗੇ,’ਕੱਠੇ ਹੋ ਕੇ ਯਾਰ-ਬੇਲੀ,
ਗੀਤਾਂ ਵਾਲੀ ਕੈਸੱਟ ਵੀ,ਸੱਜਣਾਂ ਮੰਗਾਈ ਏ ।

ਹੋਣਗੇ ਨਿਸ਼ਾਨੇ ਮਿੱਥੇ,ਵੱਡੇ-ਵੱਡੇ ਬਲੀਆਂ ਨੇ,
ਕਰਨੇ ਨੂੰ ਸਰ ਅੱਖ,ਓਥੇ ਹੀ ਟਿਕਾਈ ਏ ।

ਵੱਜਣੇ ਪਟਾਕੇ ਓਦੋਂ,ਕਿਤੇ-ਕਿਤੇ ਓਸ ਦਿਨ .,
ਮੁੰਡੇ-ਖੁੰਡੇ ਰੁਕਣੇ ਨਾ,ਖ਼ੁਸ਼ੀ ਐਨੀ ਛਾਈ ਏ ।

ਖਾਣ-ਪੀਣ ਵਾਲਿਆਂ ਨੇ,ਮਜ਼ਾ ਲੈਣਾ ਪਾਰਟੀ ਦਾ,
ਗੱਲਾਂਬਾਤਾਂ ਮਾਰਨੇ ਨੂੰ,ਦੀਪ ਵੀ ਬੁਲਾਈ ਏ.।
ਮਨਦੀਪ ਕੌਰ ਭੰਡਾਲ

25/12/2022

ਸਾਕਾ ਸਰਹਿੰਦ ( ਦੋਹਰਾ ਛੰਦ)
ਬੱਚੇ ਦਸਵੇਂ ਗੁਰਾਂ ਨੇ,ਕੌਮ ਤੋਂ ਦਿੱਤੇ ਵਾਰ…,
ਗੂੰਜੇ ਵਿੱਚ ਸਰਹਿੰਦ ਦੇ,ਵੈਰੀ ਮੁੜੇ ਖ਼ੁਆਰ.।
ਦਾਦੀ ਹੱਥੀਂ ਤੋਰ ਤੇ,ਸੂਬੇ ਦੇ ਦਰਬਾਰ..,
ਡਟਗੇ ਹਿੱਕਾਂ ਤਾਣ ਕੇ,ਹਿੱਲ ਗਈ ਸਰਕਾਰ.।
ਈਨ ਨ ਮੰਨੀ ਅੱਤ ਦੀ,ਗਈ ਮੌਤ ਵੀ ਹਾਰ..,
ਵਿੱਚ ਨੀਂਵ ਦੇ ਖੜ੍ਹ ਗਏ,ਹਾਕਮ ਨੂੰ ਲਲਕਾਰ.।
ਡੋਲੇ ਨਾਹੀ ਸਿਦਕ ਤੋਂ,ਦੁਨੀਆਂ ਹੋਈ ਦੰਗ.,
ਲਾਲੀ ਚੜ੍ਹੀ ਅਕਾਸ਼ ਨੂੰ,ਬਦਲੇ ਧਰਤੀ ਰੰਗ.।
ਪੋਤੇ ਨੌਂਵੇਂ ਗੁਰਾਂ ਦੇ,ਲੜੇ ਦੀਨ ਕੇ ਹੇਤ .,
ਮੂੰਹ ਤੋੜਤਾ ਕਹਿਰ ਦਾ,ਜਾਬਰ ਕੀਤਾ ਰੇਤ.।
ਝੰਡਾ ਫੜ੍ਹ ਕੇ ਕੌਮ ਦਾ, ਗਏ ਜੈਕਾਰਾ ਬੋਲ…,
ਹੋਈ ਫ਼ਤਿਹ ਅਕਾਲ ਦੀ,ਖੁਰੀ ਮੁਗਲ ਦੀ ਸੋਲ.।
ਟੋਡਰ ਮੱਲ ਦਿਵਾਨ ਨੇ ,ਧਰਤੀ ਲੈ ਲੀ ਮੁੱਲ.,
ਦਿੱਤੇ ਸਿੱਕੇ ਠੋਕ ਕੇ ,ਸੰਸਕਾਰ ਦੇ ਤੁੱਲ…।
ਸੀਸ ਝੁਕਣ ਦੀਵਾਰ ਨੂੰ,ਸ਼ਰਧਾ ਐਸੀ ਖਿੱਚ.,
ਖ਼ਲਕਤ ਐਨੀ ਆਂਵਦੀ,ਦਿਸੇ ਦੀਪ ਨਾ ਵਿੱਚ.।
Mandeep Kaur Bhandaall

16/12/2022

ਜੇ ਤੂੰ ਮੇਰਾ ਹੋ ਜਾਏਗਾ, ਬੰਦਿਆ ਸਭ ਜੱਗ ਹੋ ਜਾਊ ਤੇਰਾ !

ਪਿਆਰੇ ਦੋਸਤੋ ਅੱਜ ਤੁਹਾਡੀ ਜਾਣ-ਪਹਿਚਾਣ ਬਹੁਤ ਹੀ ਸਤਿਕਾਰਯੋਗ ਸ਼ਖ਼ਸ਼ੀਅਤ ਜਿਹੜੇ ਕਿ ਇੰਗਲੈਂਡ ਵਿੱਚ ਪਹਿਲੇ ਅਤੇ ਵਡੇਰੀ ਉਮਰ ਦੇ ਸਿੱਖੀ ਸਰੂਪ ਵਾਲੇ ਲੌਲੀ ਪੌਪ ਮੈਨ ਹਨ , ਦੇ ਨਾਲ ਕਰਾ ਰਹੀ ਹਾਂ ।
ਭਾਈ ਸਾਹਿਬ ਭਾਈ ਅਜਮੇਰ ਸਿੰਘ ਸਹੋਤਾ ਜੀ , ਉਮਰ 83 ਸਾਲ ਈਸਟ ਲੰਡਨ ਦੇ ਸ਼ਹਿਰ ਈਸਟਮ ਵਿਖੇ ਰਹਿ ਰਹੇ ਹਨ । ਮੇਰੀ ਜਾਣ ਪਹਿਚਾਣ ਉਹਨਾਂ ਦੇ ਨਾਲ ਕਰੋਨਾ ਕਾਲ ਦੇ ਦੌਰਾਨ ਓਦੋਂ ਹੋਈ ਜਦੋਂ ਮੈ ਅਕਾਲ ਚੈਨਲ ਤੇ ਡਾਕਟਰ ਗੁਰਦੀਪ ਸਿੰਘ ਸੇਠੀ ਜੀ ਨਾਲ ਇੱਕ ਪ੍ਰੋਗਰਾਮ ਵਿੱਚ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਈ ਸੀ । ਭਾਈ ਸਾਹਿਬ ਜੀ ਨੇ ਡਾਕਟਰ ਸਾਹਿਬ ਤੋਂ ਮੇਰਾ ਫ਼ੋਨ ਨੰਬਰ ਲਿਆ ਅਤੇ ਉਸ ਤੋਂ ਬਾਅਦ ਵੱਟਸ ਐਪ ਤੇ ਲਗਾਤਾਰ ਗੁਰਬਾਣੀ ਦੇ ਹੁਕਮਨਾਮਿਆਂ ਦੇ ਜ਼ਰੀਏ ਬਿਨਾ ਨਾਗਾ ਹਾਜ਼ਰੀ ਲਗਾਉਂਦੇ ਰਹੇ ਹਨ । ਜ਼ਿੰਦਗੀ ਦੇ ਰੁਝੇਂਵਿਆ ਦੇ ਕਾਰਨ ਜਾਂ ਸਿਰ ਤੇ ਚੁੰਨੀ ਨਾ ਹੋਣ ਕਰਕੇ ਮੈਂ ਗੁਰਬਾਣੀ ਦੇ ਮੈਸੇਜ ਬਹੁਤ ਵਾਰ ਨਾ ਪੜਦੀ । ਖ਼ੈਰ ਇੱਕ ਦਿਨ ਮਨ ਵਿੱਚ ਆਇਆ ਕਿ ਇਨਸਾਨ ਕੋਲ ਜੋ ਵਰਤਮਾਨ ਵਿੱਚ ਹੁੰਦਾ ਹੈ , ਉਸ ਤੇ ਵਿਚਾਰ ਅਤੇ ਐਕਸ਼ਨ ਜ਼ਰੂਰੀ ਹੁੰਦਾ ਹੈ । ਆਲੇ -ਦੁਆਲੇ ਝਾਤੀ ਮਾਰਨ ਤੋਂ ਬਾਅਦ ਧਿਆਨ ਭਾਈ ਸਾਹਿਬ ਵੱਲ ਗਿਆ ਕਿ ਜਾਣਿਆ ਜਾਵੇ ਕਿ ਇਹਨਾਂ ਦੀ ਜ਼ਿੰਦਗੀ ਕਿਵੇਂ ਹੈ ਅਤੇ ਕੀ ਕਰ ਰਹੇ ਹਨ । ਮੈਂ ਤਾਂ ਸੋਚਦੀ ਸੀ ਵਿਹਲੇ ਹੀ ਹੋਣਗੇ ਕਿਉਂਕਿ 80 ਵਿਆਂ ਦੇ ਕਰੀਬ ਜ਼ਿਆਦਾਤਰ ਲੋਕ ਰਿਟਾਇਰ ਹੋ ਜਾਂਦੇ ਹਨ । ਪਿਛਲੇ ਐਤਵਾਰ ਮੈਂ ਭਾਈ ਸਾਹਿਬ ਜੀ ਨੂੰ ਫ਼ੋਨ ਕਰਕੇ ਕਾਫ਼ੀ ਕੁਝ ਪੁੱਛਿਆ ਅਤੇ ਨਾਲ ਹੀ ਪੁੱਛਿਆ ਕਿ ਤੁਸੀ ਕੰਮ ਕੀ ਕਰਦੇ ਹੁੰਦੇ ਹੋ ਤਾਂ ਭਾਈ ਸਾਹਿਬ ਦਾ ਜੁਆਬ ਸੀ ਕਿ ਉਹ ਸਕੂਲ ਵਿੱਚ ਲੌਲੀ ਪੌਪ ਮੈਨ ਦੀ ਜੌਬ ਕਰਦੇ ਹਨ । ਪਤਾ ਤਾਂ ਮੈਨੂੰ ਪਹਿਲਾਂ ਹੀ ਸੀ ਕਿ ਇਹਨਾਂ ਦਾ ਧਿਆਨ ਬਾਣੀ ਵੱਲ ਬਹੁਤ ਜ਼ਿਆਦਾ ਹੈ ਇਸ ਕਰਕੇ ਇਹਨਾਂ ਦੀ ਜ਼ਿੰਦਗੀ ਜ਼ਰੂਰ ਬਹੁਤ ਹੀ ਰੌਚਕ ਹੋਵੇਗੀ । ਜੌਬ ਬਾਰੇ ਸੁਣ ਕੇ ਮੈਂ ਬਹੁਤ ਹੈਰਾਨ ਵੀ ਹੋਈ ਅਤੇ ਖ਼ੁਸ਼ ਵੀ । ਇਸ ਬਾਰੇ ਭਾਈ ਸਾਹਿਬ ਜੀ ਦੱਸਦੇ ਹਨ ਕਿ ਜਦੋਂ ਉਹ ਜੌਬ ਵਾਸਤੇ ਸਕੂਲ ਦੇ ਹੈੱਡ ਟੀਚਰ ਨੂੰ ਮਿਲੇ ਤਾਂ ਉਹ ਕਹਿੰਦੇ ਮੈਂ ਜੌਬ ਦੇ ਸਕਦਾ ਹਾਂ ਪਰ ਤੁਹਾਨੂੰ ਹੈਲਮਟ ਪਹਿਨਣਾ ਪਵੇਗਾ ! ਇਹ ਸੁਣ ਕੇ ਭਾਈ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਇਹ ਜੌਬ ਨਹੀਂ ਕਰਨੀ ਕਿਉਂਕਿ ਉਹ ਪੱਗ ਬਿਨਾ ਨਹੀਂ ਰਹਿ ਸਕਦੇ ! ਪਰ ਭਾਈ ਸਾਹਿਬ ਨੇ ਹੈੱਡ ਟੀਚਰ ਨੂੰ ਕਿਹਾ ਕਿ ਜੌਨ ! ਮੇਰੇ ਪਿਤਾ ਜੀ ਨੇ ਵਰਲਡ ਵਾਰ ਟੂਅ ਲੜੀ ਹੈ ਇਸ ਦੇਸ਼ ਦੇ ਲਈ , ਪੱਗ ਵਿੱਚ ਗੋਲੀਆਂ ਵੀ ਵੱਜੀਆਂ ਪਰ ਹੈਲਮਟ ਨਹੀਂ ਪਾਇਆ । ਇਹ ਸੁਣ ਕੇ ਹੈੱਡ ਟੀਚਰ ਬੋਲਿਆ ਕਿ ਉਹ ਵੀ ਆਰਮੀ ਦੇ ਪਰਿਵਾਰ ਵਿੱਚੋਂ ਹੈ ਅਤੇ ਅੱਜ ਤੋਂ ਬਾਅਦ ਉਹਨਾਂ ਨੂੰ ਹੈਲਮਟ ਬਾਰੇ ਨਹੀਂ ਕਹੇਗਾ ਉਹ ਕੱਲ੍ਹ ਤੋਂ ਕੰਮ ਤੇ ਆ ਜਾਣ ਅਤੇ ਨਾਲ ਹੀ ਉਸਨੇ ਭਾਈ ਸਾਹਿਬ ਤੋਂ ਮੁਆਫ਼ੀ ਵੀ ਮੰਗ ਲਈ । ਓਦੋਂ ਤੋਂ ਅੱਜ ਤੱਕ ਭਾਈ ਸਾਹਿਬ ਛੋਟੇ ਬੱਚਿਆਂ ਦੇ ਸਕੂਲ ਦੇ ਸਮੇਂ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਬਾਅਦ ਦੁਪਹਿਰ ਸਕੂਲ ਦੇ ਬਾਹਰ ਕੜਾਕੇ ਦੀ ਠੰਡ ਹੋਵੇ , ਮੀਂਹ ਹੋਵੇ , ਹਨੇਰੀ ਹੋਵੇ ਜਾਂ ਅੱਤ ਦੀ ਗਰਮੀ ਹੋਵੇ ਡਿਊਟੀ ਤੇ ਹਾਜ਼ਰ ਹੁੰਦੇ ਹਨ । ਆਪ ਜੀ ਇੱਕ ਗੋਲ ਸਿਰੇ ਵਾਲੇ ਪੋਲ ਨੂੰ ਫੜ੍ਹ ਕੇ ਖੜਦੇ ਹਨ ਅਤੇ ਆਉਣ -ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਬੱਚਿਆਂ ਨੂੰ ਸੜਕ ਪਾਰ ਕਰਾਉਂਦੇ ਹਨ । ਭਾਈ ਸਾਹਿਬ ਦੇ ਦੱਸਣ ਮੁਤਾਬਕ ਕੋਈ ਵੀ ਸਕੂਲ ਅਧਿਕਾਰੀ ਬੱਚਿਆਂ ਨੂੰ ਟੱਚ ਨਹੀਂ ਕਰ ਸਕਦਾ ਪਰ ਨਿੱਕੇ ਨਿਆਣੇ ਆਪ ਜੀ ਨੂੰ ਆ ਕੇ ਚੁੰਬੜ ਜਾਂਦੇ ਹਨ । ਇਹ ਗੱਲ ਭਾਈ ਸਾਹਿਬ ਨੇ ਹੈੱਡ ਟੀਚਰ ਨੂੰ ਦੱਸੀ ਤਾਂ ਉਸ ਨੇ ਇਸ ਗੱਲ ਦੀ ਵੀ ਛੋਟ ਦਿੱਤੀ । ਇਹ ਸੁਣ ਕੇ ਮੇਰੇ ਮਨ ਵਿੱਚ ਹੇਠ ਲਿਖੇ ਸ਼ਬਦ ਆਏ ਹਨ ।
ਜੇ ਤੂੰ ਮੇਰਾ ਹੋ ਜਾਏਗਾ , ਬੰਦਿਆ ਸਭ ਜੱਗ ਹੋ ਜੂ ਤੇਰਾ !”
ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ ਹੈ । ਜ਼ਿਕਰਯੋਗ ਹੈ ਕਿ ਭਾਈ ਸਾਹਿਬ ਜੀ ਇੰਗਲੈਂਡ ਵਿੱਚ ਕਾਰ ਵੀ ਚਲਾਉਂਦੇ ਹਨ , ਇਸ ਨੂੰ ਕਹਿੰਦੇ ਹਨ ਕਿਰਪਾ ਹੋਣਾ ।ਵਾਹਿਗੁਰੂ ਭਾਈ ਸਾਹਿਬ ਨੂੰ ਹੋਰ ਬਲ ਬਖ਼ਸ਼ੇ ਅਤੇ ਸਾਡਾ ਸਤਿਕਾਰਯੋਗ ਲੌਲੀ ਪੌਪ ਮੈਨ ਇਸੇ ਤਰਾਂ ਬੱਚਿਆਂ ਵਿੱਚ ਮਹਿਕਾਂ ਵੰਡਦਾ ਰਹੇ ।
ਮਨਦੀਪ ਕੌਰ ਭੰਡਾਲ

Videos (show all)

#PrePartitiontalk#undividedindia#MandeepKaurBhandaall
#Morning vibes
ਔਰਤ ਕਾਇਆ,ਔਰਤ ਛਾਇਆ ਔਰਤ ਹੈ ਇੱਕ ਮਾਇਆ ,ਔਰਤ ਸ਼ਕਤੀ ,ਔਰਤ ਭਗਤੀ, ਔਰਤ ਧਨ ਪਰਾਇਆ,ਇੱਕ ਔਰਤ ਮੇਰੇ ਅੰਦਰ ਵੱਸਦੀ,ਇੱਕ ਔਰਤ ਨੇ ਜਾਇਆ ।ਹਰ ਦਿਨ ਜੀਵ...
ਔਰਤ ਕਾਇਆ,ਔਰਤ ਛਾਇਆ ਔਰਤ ਹੈ ਇੱਕ ਮਾਇਆ ,ਔਰਤ ਸ਼ਕਤੀ ,ਔਰਤ ਭਗਤੀ, ਔਰਤ ਧਨ ਪਰਾਇਆ,ਇੱਕ ਔਰਤ ਮੇਰੇ ਅੰਦਰ ਵੱਸਦੀ ਇੱਕ ਔਰਤ ਨੇ ਜਾਇਆ ,ਹਰ ਦਿਨ ਜੀਵ...
Innocent Childhood ! I simply adore this video of my nephew- Japraag Singh Sandhu
ਜ਼ਿੰਦਗੀ ਮਾਣਨ ਵਾਲੀ ਸ਼ੈਅ !
ਪੰਜਾਬ ਦੀ ਪੱਗ ਦਾ ਮਾਣ ਸਿੱਧੂ ਮੂਸੇਵਾਲਾ #sidhumoosewala
ਦਸਤਾਰ ( ਮਨੋਹਰ ਭਵਾਨੀ ਛੰਦ)ਮੇਰੇ ਸੀਸ ਉੱਤੇ ਪੱਗ,ਦਿਸਾਂ ਸਭ ਤੋਂ ਅਲੱਗ,ਮੈਨੂੰ ਜਾਣਦਾ ਏ ਜੱਗ,ਸੱਚਾ ਕਿਰਦਾਰ ਹਾਂ,ਦੱਸਵੇਂ ਗੁਰੂ ਦਾ ਸਿੰਘ ਸਰਦਾਰ ...
ਇਹਨੂੰ ਕਹਿੰਦੇ ਹਨ ਮਾਂ ਬੋਲੀ ਦੀ ਸੇਵਾ ।ਇਹ ਵੀਡੀਓ ਬਹੁਤ ਵਾਇਰਲ ਹੋਈ ਹੈ ।
Growing talent !
ਜੇ ਤੂੰ ਮੇਰਾ ਹੋ ਜਾਏਗਾ, ਬੰਦਿਆ ਸਭ ਜੱਗ ਹੋ ਜਾਊ ਤੇਰਾ !ਪਿਆਰੇ ਦੋਸਤੋ ਅੱਜ ਤੁਹਾਡੀ ਜਾਣ-ਪਹਿਚਾਣ ਬਹੁਤ ਹੀ ਸਤਿਕਾਰਯੋਗ ਸ਼ਖ਼ਸ਼ੀਅਤ ਜਿਹੜੇ ਕਿ ਇ...
Lion

Website