Principal Sarwan Singh

Principal Sarwan Singh

Punjabi Writer !!!
~ਪ੍ਰਿੰ. ਸਰਵਣ ਸਿੰਘ

'ਜਾਣ ਪਛਾਣ:
Open the

ਪਿਆਰੇ ਪਾਠਕੋ, ਸ਼ੁਭ ਇਛਾਵਾਂ!
ਮੈਂ ਧੰਨਵਾਦੀ ਹਾਂ ਤੁਸੀਂ ਮੇਰੀਆਂ ਲਿਖਤਾਂ ਪੜ੍ਹਦੇ ਤੇ ਪ੍ਰਤੀਕਰਮ ਦਰਜ ਕਰਦੇ ਹੋ। ਮੈਨੂੰ ਫੇਸ ਬੁੱਕ ਦੇ ਵਧਦੇ ਦਾਇਰੇ ਤੇ ਸਮਰੱਥਾ ਦਾ ਸੁਖਦ ਅਹਿਸਾਸ ਹੋ ਰਿਹੈ। ਪਾਠਕਾਂ ਵੱਲੋਂ ਜੋ ਸੁਝਾਅ ਮਿਲਦੇ ਹਨ ਉਹ ਮੇਰੇ ‘ਤੇ ਅਹਿਸਾਨ ਹਨ। ਲੇਖਕ ਨੂੰ ਬਿਹਤਰ ਲੇਖਕ ਬਣਾਉਣ ਵਿਚ ਪਾਠਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦੈ। ਮੈਂ ਰੋਜ਼ 7-8 ਕਿਲੋਮੀਟਰ ਤੁਰਦਾ ਤੇ 7-8 ਘੰਟੇ ਪੜ੍ਹਦਾ-ਲਿਖਦਾ ਹਾਂ। 8 ਜੁਲਾਈ 2016 ਨੂੰ 76 ਸਾਲਾਂ ਦਾ ਹੋ ਜਾਵਾਂਗਾ। ਨੈਣ-ਪ੍ਰਾਣ ਸਭ ਠੀਕ-ਠਾਕ ਹਨ। ਮੈਨ

07/12/2023

ਜੱਗ ਜੰਕਸ਼ਨ ਰੇਲਾਂ ਦਾ-5
ਪਾਰਸ ਢਲਦੀ ਉਮਰੇ ਕੈਨੇਡਾ ਚਲਾ ਗਿਆ ਸੀ ਜਿਥੇ ਉਸ ਦੇ ਤਿੰਨ ਪੁੱਤਰ ਤੇ ਇਕ ਪੁੱਤਰੀ ਪਹਿਲਾਂ ਪਹੁੰਚ ਚੁੱਕੇ ਸਨ। ਉਹ ਪੁੱਤਰੀ ਪਾਸ ਹੀ ਰਹੇ। ਉਥੇ ਪਾਰਸ ਦੰਪਤੀ ਨੇ ਹਰਭਜਨ ਤੇ ਗੁਰਸੇਵਕ ਮਾਨ ਨੂੰ ਪੁੱਤਰਾਂ ਵਾਂਗ ਸੰਭਾਲਿਆ ਤੇ ਗਾਇਕੀ ਵਿਚ ਪਰਬੀਨ ਕੀਤਾ। ਉਨ੍ਹਾਂ ਨੂੰ ਨਾਲ ਲੈ ਕੇ ਕੁਝ ਸਮਾਂ ਕੈਨੇਡਾ `ਚ ਕਵੀਸ਼ਰੀ ਵੀ ਕੀਤੀ। ਟਰੱਕ ਚਲਾਉਂਦੇ ਡਾਕਟਰ ਡਰਾਈਵਰਾਂ ਤੇ ਖੇਤਾਂ `ਚ ਬੇਰੀ ਤੋੜਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਾਰੇ ਛੰਦ ਜੋੜੇ: ਮੈਂ ਐੱਮ. ਏ. ਇੰਗਲਿਸ਼ ਦੀ, ਬਾਪੂ ਫਿਰ ਵੀ ਬੇਰੀ ਤੋੜਾਂ...।
1984 ਵਿਚ ਉਸ ਨੇ ਸਟੇਜਾਂ `ਤੇ ਕਵੀਸ਼ਰੀ ਕਰਨੀ ਛੱਡ ਦਿੱਤੀ ਸੀ। ਆਪਣਾ 90ਵਾਂ ਜਨਮ ਦਿਨ ਮਨਾ ਕੇ ਮਰਨ ਲਈ ਰਾਮੂਵਾਲੇ ਪਰਤ ਆਇਆ ਸੀ। ਉਹ ਜਿ਼ੰਦਗੀ ਦੀ ਸ਼ਾਮ ਬੜੀ ਸੋਹਣੀ ਬਿਤਾ ਰਿਹਾ ਸੀ। ਉਹਦੀ ਸ਼ਾਮ ਹੁੰਦੀ ਵੀ ਬੜੀ ਰੰਗੀਨ ਸੀ। ਉਂਜ ਵੀ ਉਹ ਬੜਾ ਰੰਗੀਲੜਾ ਤੇ ਮਿਲਾਪੜਾ ਸੱਜਣ ਸੀ ਜੀਹਦੀਆਂ ਗੱਲਾਂ ਬਾਤਾਂ `ਚੋਂ ਫੁਲਝੜੀਆਂ ਝੜਦੀਆਂ ਤੇ ਅਨਾਰ ਖਿੜਦੇ ਰਹਿੰਦੇ। ਰੰਗ ਬਰੰਗੀਆਂ ਮਤਾਬੀਆਂ ਜਗਦੀਆਂ। ਵਿਚੇ ਉਹ ਸਿਆਣਪਾਂ ਦੇ ਹੀਰੇ ਮੋਤੀਆਂ ਦੀ ਸੋਟ ਕਰੀ ਜਾਂਦਾ। ਲੱਗਦਾ ਸੀ ਜਿਵੇਂ ਕੋਈ ਪੈਗ਼ੰਬਰ ਬੋਲ ਰਿਹਾ ਹੋਵੇ। ਨਜ਼ਰ ਠੀਕ ਸੀ ਤੇ ਸੁਰਤੀ ਵੀ ਟਿਕਾਣੇ ਸੀ। ਸਿਰਫ ਲੱਤਾਂ ਸਨ ਜਿਹੜੀਆਂ ਭਾਰ ਨਹੀਂ ਸਨ ਝਲਦੀਆਂ। ਤੁਰਦਾ ਉਹ ਵਾਸ਼ਰੂਮ ਤਕ ਹੀ ਸੀ ਤੇ ਉਹ ਵੀ ਵਾਕਰ ਦੇ ਸਹਾਰੇ। ਉਂਜ ਉਹ ਲੱਖਾਂ ਮੀਲ ਤੁਰਿਆ ਫਿਰਿਆ ਸੀ। ਮੋਗੇ ਤੋਂ ਲਾਇਲਪੁਰ, ਲਾਹੌਰ ਤੋਂ ਦਿੱਲੀ ਤੇ ਬੰਬਈ ਤੋਂ ਕਲਕੱਤੇ ਤਕ ਦੇਸ਼ ਦੇ ਸਾਰੇ ਵੱਡੇ ਸ਼ਹਿਰ ਗਾਹੇ ਸਨ। ਸਿੰਘਾਪੁਰ, ਮਲਾਇਆ, ਥਾਈਲੈਂਡ, ਇੰਗਲੈਂਡ, ਅਮਰੀਕਾ ਤੇ ਕੈਨੇਡਾ ਵਿਚ ਉਹਦੇ ਜਥੇ ਨੇ ਦੀਵਾਨ ਸਜਾਏ ਸਨ।
ਰੇਡੀਓ ਦਾ ਈਅਰ ਫੋਨ ਉਹਦੇ ਕੰਨਾਂ ਨਾਲ ਲੱਗਾ ਹੁੰਦਾ ਸੀ ਤੇ ਅੱਖਾਂ ਅਖ਼ਬਾਰ-ਰਸਾਲੇ ਤੇ ਕਿਤਾਬਾਂ ਪੜ੍ਹਦੀਆਂ ਰਹਿੰਦੀਆਂ ਸਨ। ਉਸ ਨੂੰ ਨਵਾਂ ਕੁਝ ਪੜ੍ਹਨ ਦੀ ਅਥਾਹ ਲੋਚਾ ਸੀ। ਜੱਗ ਜਹਾਨ ਦੀਆਂ ਖ਼ਬਰਾਂ ਨਾਲ ਗਹਿਰਾ ਸਰੋਕਾਰ ਸੀ। ਕਹਿੰਦਾ ਹੁੰਦਾ ਸੀ, “ਮੌਤ ਦਾ ਮੈਨੂੰ ਕੋਈ ਡਰ ਨੀ ਪਰ ਮਰਨ ਦੀ ਵੀ ਕੋਈ ਕਾਹਲੀ ਨਹੀਂ। ਜਿੱਦਣ ਕੁਦਰਤ ਦੇ ਵਰੰਟ ਆਏ ਤਾਂ ਆਖਾਂਗਾ, ਆਹ ਹੱਥ ਵਿਚਲੇ ਸਫ਼ੇ ਪੜ੍ਹ ਲੈਣ ਦਿਓ, ਰੇਡੀਓ ਤੋਂ ਖ਼ਬਰਾਂ ਮੁੱਕ ਲੈਣ ਦਿਓ, ਫੇਰ ਲੈ ਜਿਓ ਜਿਥੇ ਲਿਜਾਣੈ।”
ਜਦੋਂ ਸ਼ਾਮ ਵੇਲੇ ਉਹਨੂੰ ਮਿਲਣ ਜਾਈਦਾ ਸੀ ਤਾਂ ਮਿਲਣ ਵਾਲਿਆਂ ਨੂੰ ਵੇਖ ਕੇ ਉਹਦਾ ਚਿਹਰਾ ਖਿੜ ਉਠਦਾ ਸੀ। ਉਹ ਆਏ ਗਏ ਦੇ ਹੱਥ ਚੁੰਮਦਾ, ਮੱਥਾ ਚੁੰਮਦਾ ਤੇ ਲੋਹੜੇ ਦੀ ਅਪਣੱਤ ਜਤਾਉਂਦਾ। ਉਹਦੀ ਕੁਰਸੀ ਘੁੰਮਣ ਵਾਲੀ ਹੁੰਦੀ ਸੀ ਜੋ ਹਰ ਕਿਸੇ ਵੱਲ ਮੂੰਹ ਕਰ ਲੈਂਦੀ ਸੀ। ਬਰੈਂਪਟਨ ਵਿਚ ਮੈਂ ਪੰਜ ਛੇ ਸਾਲ ਉਸ ਨੂੰ ਮਿਲਦਾ ਗਿਲਦਾ ਰਿਹਾ। ਜਦ ਮੈਂ ਮਿਲਣ ਜਾਂਦਾ ਤਾਂ ਉਹ ਅਮਰਜੀਤ ਨੂੰ ਆਵਾਜ਼ ਮਾਰਦਾ, “ਸਰਵਣ ਸਿਹੁੰ ਆਇਐ। ਕਰ ਭਾਈ ਸੇਵਾ...।” ਸੇਵਾ ਦਾ ਮਤਲਬ ਉਹ ਜਾਣਦਾ ਸੀ।
ਕੈਨੇਡਾ `ਚ ਦੰਪਤੀ ਨੂੰ ਬੁਢਾਪਾ ਪੈਨਸ਼ਨ ਲੱਗੀ ਹੋਈ ਸੀ। ਪਿੰਡੋਂ ਬਾਰਾਂ ਕਿੱਲੇ ਜ਼ਮੀਨ ਦਾ ਠੇਕਾ ਮਿਲ ਜਾਂਦਾ ਸੀ। ਪੈਸੇ ਧੇਲੇ ਵੱਲੋਂ ਉਹ ਕਿਸੇ ਦਾ ਰਵਾਦਾਰ ਨਹੀਂ ਸੀ। ਪਹਿਲਾਂ ਉਹ ਸਰੋਤਿਆਂ ਦੀਆਂ ਜ਼ੇਬਾਂ `ਚੋਂ ਪੈਸੇ ਕਢਾਉਂਦਾ ਰਿਹਾ ਸੀ ਪਰ ਪਿੱਛੋਂ ਖ਼ੁਦ ਸੋਟ ਕਰਨ ਲੱਗ ਪਿਆ ਸੀ। ਉਹਨੂੰ ਪੈਸੇ ਬੈਂਕ `ਚ ਰੱਖਣ ਦਾ ਲਾਲਚ ਨਹੀਂ ਸੀ। ਕਹਿੰਦਾ ਸੀ: ਪੈਸਾ ਉਹ ਜੋ ਵਰਤ ਲਿਆ ਜਾਵੇ। ਉਹ ਪਿੰਡ ਦੇ ਸਾਂਝੇ ਕਾਰਜਾਂ `ਤੇ ਖੁੱਲ੍ਹੇ ਦਿਲ ਨਾਲ ਪੈਸੇ ਖਰਚਦਾ ਸੀ। ਧੀ ਭੈਣ ਕਦੇ ਉਹਨੇ ਖਾਲੀ ਹੱਥ ਨਹੀਂ ਸੀ ਮੁੜਨ ਦਿੱਤੀ।
ਉਸ ਨੇ ਕਵੀਸ਼ਰੀ ਕਰ ਕੇ ਜਿੰਨਾ ਪੈਸਾ ਲੋਕਾਂ ਦੀਆਂ ਜੇਬਾਂ `ਚੋਂ ਕਢਾਇਆ ਉਸ ਤੋਂ ਵੱਧ ਰਾਮੂਵਾਲੇ ਦੀ ਭਲਾਈ `ਤੇ ਲਾਇਆ। ਪਿੰਡ ਵਿਚ ਬਿਰਧ ਘਰ, ਲਾਇਬ੍ਰੇਰੀ, ਜਿਮਨੇਜ਼ੀਅਮ, ਮਜ਼੍ਹਬੀਆਂ ਦਾ ਸਮਸ਼ਾਨ ਘਰ, ਹਾਇਰ ਸੈਕੰਡਰੀ ਸਕੂਲ ਤੇ ਪਿੰਡ ਦੇ ਪ੍ਰਵੇਸ਼ ਦੁਆਰ ਉਤੇ ਲੱਖਾਂ ਰੁਪਏ ਆਪਣੇ ਕੋਲੋਂ ਖਰਚੇ ਤੇ ਲੱਖਾਂ ਆਪਣੇ ਸਹਿਯੋਗੀਆਂ ਤੋਂ ਲੁਆਏ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਲਈ ਛੇ ਲੱਖ ਰੁਪਏ ਫਿਕਸ ਡਿਪਾਜਿ਼ਟ ਕੀਤੇ। ਉਹਦੇ ਵਿਆਜ ਨਾਲ ਹਰ ਸਾਲ ਵਿਦਿਆਰਥੀਆਂ ਨੂੰ ਵਜ਼ੀਫ਼ੇ ਤੇ ਇਨਾਮ ਦੇਣ ਦਾ ਪ੍ਰਬੰਧ ਕੀਤਾ। ਨਾਲ ਕਹਿੰਦਾ ਰਿਹਾ, ਮੈਂ ਕੋਈ ਅਹਿਸਾਨ ਨਹੀਂ ਕੀਤਾ, ਆਪਣੀ ਜਨਮ ਭੋਇੰ ਦਾ ਕਰਜ਼ਾ ਹੀ ਮੋੜਿਐ।
ਮੈਂ ਇਕ ਵਾਰ ਪੁੱਛ ਬੈਠਾ, “ਕਵੀਸ਼ਰੀ `ਚ ਕਿੰਨੇ ਕੁ ਪੈਸੇ ਕਮਾਏ?” ਜਵਾਬ ਮਿਲਿਆ, “ਪਹਿਲੀ ਕਵੀਸ਼ਰੀ `ਚ 11 ਰੁਪਏ ਮਿਲੇ ਸੀ ਜਿਨ੍ਹਾਂ ਨਾਲ ਘਰ ਦਾ ਨਲਕਾ ਲੁਆਇਆ। ਫਿਰ ਇਕ ਪ੍ਰੋਗਰਾਮ ਦੇ 60 ਮਿਲਣ ਲੱਗ ਪਏ ਜੋ ਤਿੰਨਾਂ ਕਵੀਸ਼ਰਾਂ ਨੂੰ ਵੀਹ ਵੀਹ ਆਉਂਦੇ। ਕਈ ਸਾਲ ਏਹੋ ਹਿਸਾਬ ਰਿਹਾ। ਫੇਰ ਤਾਂ ਚੱਲ ਸੋ ਚੱਲ ਹੋ ਗਈ, ਜੀਹਦਾ ਕੋਈ ਲੇਖਾ ਨਹੀ।”
ਬੇਬੇ ਦਲਜੀਤ ਕੌਰ ਨੇ ਪੇਕਿਆਂ ਤੋਂ ਲਿਆਂਦੀ ਝੋਟੀ ਪਾਲੀ ਹੋਈ ਸੀ। ਬਲਵੰਤ ਹੋਰਾਂ ਦੀ ਫੀਸ ਭਰਨ ਲਈ ਝੋਟੀ ਵੇਚਣ ਦੀ ਨੌਬਤ ਆ ਗਈ। ਬੇਬੇ ਨੇ ਕਿਹਾ, “ਚੌਦਾਂ ਸੌ ਤੋਂ ਘੱਟ ਨੀ ਵੇਚਣੀ।” ਪਿੰਡ ਚਕਰ ਤੋਂ ਇਕ ਗਾਹਕ ਆਇਆ। ਉਹ 1200 ਤੋਂ ਵਧਦਾ 1380 `ਤੇ ਚਲਾ ਗਿਆ ਪਰ ਬੇਬੇ ਨਾ ਮੰਨੀ। ਗਾਹਕ ਵਾਪਸ ਮੁੜ ਗਿਆ। ਪਾਰਸ ਉਹਨੂੰ ਬੁੱਟਰ ਦੇ ਰਾਹ ਵਿਚ ਜਾ ਮਿਲਿਆ। 20 ਰੁਪਏ ਆਪਣੇ ਕੋਲੋਂ ਦੇ ਕੇ ਕਹਿੰਦਾ, “ਜਾਹ ਜਾ ਕੇ ਝੋਟੀ ਖੋਲ੍ਹ ਲਿਆ। ਇਹਦੇ ਨਾਲ ਤੇਰੀ ਵੀ ਰਹਿਜੂ ਤੇ ਮੇਰੇ ਘਰ ਆਲੀ ਦੀ ਵੀ ਰਹਿਜੂ। ਨਾਲੇ ਮੁੰਡਿਆਂ ਦੀ ਪੜ੍ਹਾਈ ਵੀ ਚਲਦੀ ਰਹਿਜੂ।” ਇਹੋ ਜਿਹਾ ਸਕੀਮੀ ਸੀ ਪਾਰਸ!
ਉਹ 82 ਸਾਲਾਂ ਦਾ ਸੀ ਜਦੋਂ ਉਸ ਨੇ ਕਿਹਾ ਸੀ, ਮੈਂ 90 ਸਾਲਾਂ ਦਾ ਹੋ ਕੇ ਮਰੂੰ। ਪਰ ਉਹ 92 ਸਾਲ 8 ਮਹੀਨਿਆਂ ਦਾ ਹੋ ਕੇ ਪੂਰਾ ਹੋਇਆ। ਉਸ ਨੇ ਇਕ ਦਿਨ ਲੋਰ ਵਿਚ ਕਿਹਾ ਸੀ: ਮੇਰੀਆਂ ਹੱਡੀਆਂ ਪੀਹ ਕੇ ਮੇਰੇ ਖੇਤਾਂ ਵਿਚ ਰਲਾ ਦੇਣੀਆਂ ਤੇ ਸੁਆਹ ਰਾਮੂਵਾਲੇ ਦੇ ਰਾਹਾਂ `ਚ ਖਿਲਾਰ ਦੇਣੀ। ਉਹਦਾ ਬੰਦ ਸੀ:
ਸਦਾ ਹੀ ਰਹਿੰਦੀ ਤਾਂਘਦੀ ਇਕੋ ਇਕ ਖ਼ਵਾ੍ਹਸ਼
ਰਾਮੂੰਵਾਲੇ ਪਿੰਡ ਵਿਚ ਲਵਾਂ ਆਖ਼ਰੀ ਸਵਾਸ...
2006 ਵਿਚ ਉਹ ਕੈਨੇਡਾ ਨੂੰ ਫਤਿਹ ਬੁਲਾ ਕੇ ਪੰਜਾਬ ਚਲਾ ਗਿਆ। ਸਾਡੀਆਂ ਬਰੈਂਪਟਨ ਵਾਲੀਆਂ ਮਹਿਫ਼ਲਾਂ ਵੀ ਨਾਲ ਈ ਚਲੀਆਂ ਗਈਆਂ। ਲੋਕ ਸ਼ਬਦਾਵਲੀ, ਮੁਹਾਵਰੇ, ਅਖਾਣ, ਅਲੰਕਾਰ ਤੇ ਨਵੇਂ ਨਿਆਰੇ ਵਿਸ਼ੇਸ਼ਣ ਸਿਰਜਣ ਦੀ ਉਹਦੀ ਦੇਣ ਸਦਾ ਯਾਦ ਕੀਤੀ ਜਾਂਦੀ ਰਹੇਗੀ। ਉਸ ਦੀ ਕਵੀਸ਼ਰੀ ਨੇ ਸੱਚਮੁੱਚ ਹੀ ਸ਼ਾਇਰਾਂ ਦੀ ਜ਼ਬਾਨ ਵਿਚ ਮਿਠਾਸ ਭਰੀ ਤੇ ਲੋਕਾਈ ਦੇ ਮਨਾਂ ਦੀ ਕੁੜੱਤਣ ਦੂਰ ਕੀਤੀ।
ਆਖ਼ਰ ਖ਼ਬਰ ਆਈ, 28 ਫਰਵਰੀ 2009 ਨੂੰ ਪਾਰਸ ਦਾ ਦੇਹਾਂਤ ਹੋ ਗਿਆ। ਕੰਵਲ ਨਾਲ ਅਸੀਂ ਢੁੱਡੀਕੇ ਤੋਂ ਰਾਮੂਵਾਲੇ ਪੁੱਜੇ। ਸੋਗਵਾਰ ਦੂਰੋਂ ਨੇੜਿਓਂ ਆਮੁਹਾਰੇ ਤੁਰੇ ਆ ਰਹੇ ਸਨ। ਹਜ਼ਾਰਾਂ ਦਾ `ਕੱਠ ਹੋ ਗਿਆ। ਪਾਰਸ ਦੀ ਦੇਹ ਉਹਦੀ ਇੱਛਾ ਅਨੁਸਾਰ ਕਿਸੇ ਮੈਡੀਕਲ ਸੰਸਥਾ ਨੂੰ ਨਾ ਸੌਂਪੀ ਗਈ। ਕੋਈ ਅੰਗ ਵੀ ਨਾ ਵਰਤਿਆ ਗਿਆ। ਉਹ ਕਹਿੰਦਾ ਹੁੰਦਾ ਸੀ, ਜੇ ਮੇਰਾ ਸਸਕਾਰ ਈ ਕਰਨਾ ਪਿਆ ਤਾਂ ਮਜ਼੍ਹਬੀਆਂ ਦੇ ਸਿਵਿਆਂ ਵਿਚ ਕਰਨਾ। ਮਜ਼੍ਹਬੀਆਂ ਦੇ ਸਿਵਿਆਂ ਲਈ ਉਸ ਨੇ ਪੰਜਾਹ ਹਜ਼ਾਰ ਰੁਪਏ ਅਗਾਊਂ ਦਿੱਤੇ ਸਨ। ਉਹ ਕਿਹਾ ਕਰਦਾ ਸੀ ਕਿ ਮੇਰਾ ਕੋਈ ਧਾਰਮਿਕ ਕਿਰਿਆ ਕਰਮ ਨਾ ਕੀਤਾ ਜਾਵੇ ਨਹੀਂ ਤਾਂ ਮੈਂ ਸਮਝੂੰ ਮੈਨੂੰ ਦੂਜੀ ਵਾਰ ਮਾਰਿਆ ਜਾ ਰਿਹੈ।
ਪਰ ਪਾਰਸ ਦੀ ਚਿਖਾ ਮਜ਼੍ਹਬੀਆਂ ਦੇ ਸਿਵਿਆਂ ਵਿਚ ਨਹੀਂ, ਪਹਿਲਾਂ ਚੱਲੀ ਆਉਂਦੀ ਰੀਤ ਮੁਤਾਬਿਕ ਪੱਤੀ ਦੇ ਸਿਵਿਆਂ ਵਿਚ ਹੀ ਚਿਣੀ ਗਈ। ਅੱਗ ਦੀਆਂ ਲਾਲ ਸੂਹੀਆਂ ਲਾਟਾਂ ਕੋਲ ਉਹਦੇ ਸਾਕ ਸੰਬੰਧੀ ਤੇ ਮਿੱਤਰ ਪਿਆਰੇ ਗ਼ਮਗੀਨ ਖੜ੍ਹੇ ਸਨ। ਹਰਭਜਨ ਮਾਨ ਬੱਚਿਆਂ ਵਾਂਗ ਵਿਲਕ ਰਿਹਾ ਸੀ। ਮੈਂ ਵੇਖ ਰਿਹਾ ਸਾਂ ਸਾਡਾ ਰਾਂਗਲਾ ਸੱਜਣ ਸਾਡੇ ਸਭ ਦੇ ਸਾਹਮਣੇ ਰਾਖ ਹੋ ਰਿਹਾ ਸੀ।
ਸਸਕਾਰ ਪਿੱਛੋਂ ਪਿੰਡੋਂ ਬਾਹਰਵਾਰ ਖੁੱਲ੍ਹੇ ਖੇਤਾਂ `ਚ ਸ਼ਰਧਾਂਜਲੀ ਸਮਾਗਮ ਹੋਇਆ। ਫੱਗਣ ਦੀ ਕੋਸੀ ਧੁੱਪ ਸੀ। ਹਵਾ ਦੇ ਕਾਹਲੇ ਬੁੱਲੇ ਕੱਖ ਕਾਣ ਉਡਾ ਰਹੇ ਸਨ। ਗਰਦਾਂ ਉਡ ਰਹੀਆਂ ਸਨ। ਕਾਹਲੀ ਹਵਾ ਵਿਸ਼ਾਲ ਪੰਡਾਲ ਦੇ ਪੱਲੇ ਉਡਾ ਰਹੀ ਸੀ। ਮੰਚ ਸਿਆਸੀ ਬੰਦਿਆਂ ਨੇ ਮੱਲ ਰੱਖਿਆ ਸੀ। ਵੇਖਦੇ ਵੇਖਦੇ ਪੰਡਾਲ ਸਿਰੇ ਤੋਂ ਸਿਰੇ ਤਕ ਭਰ ਗਿਆ। ਲੋਕ ਟ੍ਰੈਕਟਰਾਂ ਟ੍ਰਾਲੀਆਂ `ਤੇ ਜਾ ਬੈਠੇ। ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਮੇਰੀ ਸ਼ਰਧਾਂਜਲੀ ਉਸ ਦਿਨ ਦੇ ਅਖ਼ਬਾਰਾਂ ਵਿਚ ਛਪ ਚੁੱਕੀ ਸੀ। ਜਸਵੰਤ ਸਿੰਘ ਕੰਵਲ ਨੇ ਬਲਵੰਤ ਸਿੰਘ ਨੂੰ ਕਿਹਾ, ਕਵੀਸ਼ਰ ਦੀ ਯਾਦਗਾਰ ਬਣਾਓ ਮੈਂ ਤਿਲ-ਫੁੱਲ ਪਾਵਾਂਗਾ। ਹਰਭਜਨ ਮਾਨ ਨੇ ਕਿਹਾ, ਮੈਂ ਬਾਪੂ ਜੀ ਨਮਿੱਤ ਪ੍ਰੋਗਰਾਮ ਦੇਵਾਂਗਾ। ਜਗਦੇਵ ਸਿੰਘ ਜੱਸੋਵਾਲ ਨੇ ਨਾਹਰਾ ਲਾਇਆ: ਜਦ ਤਕ ਸੂਰਜ ਚੰਦ ਰਹੇਗਾ, ਪਾਰਸਾ ਤੇਰਾ ਛੰਦ ਰਹੇਗਾ।
ਰਾਮੂਵਾਲੇ ਦੇ ਸਕੂਲੀ ਬੱਚਿਆਂ ਨੇ ਪਾਰਸ ਦੇ ਛੰਦ ਗਾਏ ਜਿਨ੍ਹਾਂ ਨੂੰ ਹਰਭਜਨ ਮਾਨ ਨੇ ਜ਼ੁਬਾਨ ਦਿੱਤੀ:
ਚੰਦ ਤੇ ਰਣਜੀਤ ਹੋਰਾਂ, ਨਿੱਤ ਨੀ ਗਾਉਣੇ ਛੰਦ ਇਕੱਠਿਆਂ
ਕਰਨੈਲ ਕਵੀਸ਼ਰ ਨੇ, ਕਿਧਰੇ ਲੁਕ ਨੀ ਜਾਣਾ ਨੱਠਿਆਂ
ਜੱਗ ਯਾਦ ਰਹੂ ਕਰ ਲੈ, ਨੇਕੀ ਖੱਟ ਕੇ ਜਨਮ ਸੁਹੇਲਾ
ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ...
ਲੱਖ ਪੰਛੀ ਬਹਿ ਉਡਗੇ, ਬੁੱਢੇ ਬੋਹੜ ਬ੍ਰਿਛ ਦੇ ਉੱਤੇ
ਸੀ ਜੇਤੂ ਦੁਨੀਆ ਦੇ, ਲੱਖ ਸਿਕੰਦਰ ਕਬਰੀਂ ਸੁੱਤੇ
ਛੱਡ ਧੁਖਦੀਆਂ ਧੂਖੜੀਆਂ, ਲੱਦ ਗਏ ਲੱਖਾਂ ਗੋਰਖ ਬਾਵੇ
ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ (ਸਮਾਪਤ)
[email protected]

06/12/2023

ਜੱਗ ਜੰਕਸ਼ਨ ਰੇਲਾਂ ਦਾ-4
11 ਮਈ 2003 ਦੀ ਸ਼ਾਮ ਬਰੈਂਪਟਨ ਵਿਚ ਕਵੀਸ਼ਰੀ ਦੇ ਨਾਮ ਸੀ। ਇਕਬਾਲ ਤੇ ਰਛਪਾਲ ਰਾਮੂਵਾਲੀਏ ਨੇ ਗਾਇਆ: ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ...। ਸਰੋਤਿਆਂ ਨੇ ਕਿਹਾ: ਨਹੀਂ ਰੀਸਾਂ ਇਕਬਾਲ ਰਛਪਾਲ ਦੀਆਂ...। ਇਕਬਾਲ ਮਾਹਲ ਨੇ ‘ਚਹੁੰ ਕੁ ਦਿਨਾਂ ਦਾ ਮੇਲਾ’ ਕਵੀਸ਼ਰੀ ਸ਼ੋਅ ਨਾਲ ਗੰਧਲ ਰਹੀ ਪੰਜਾਬੀ ਗਾਇਕੀ ਨੂੰ ਸਿਹਤਮੰਦ ਮੋੜ ਦੇਣ ਦਾ ਸਲਾਹੁਣਯੋਗ ਉਪਰਾਲਾ ਕੀਤਾ। ਮਾੜਾ ਰੁਝਾਨ ਚੰਗਾ ਬਦਲ ਪੇਸ਼ ਕਰ ਕੇ ਹੀ ਰੋਕਿਆ ਜਾ ਸਕਦੈ।
ਪਾਰਸ ਤੇ ਰਣਜੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਢੋਲ ਦੀ ਤਾਲ `ਤੇ ਆਡੀਟੋਰੀਅਮ ਵਿਚ ਲਿਆਂਦਾ ਗਿਆ। ਤੋਤੇ ਰੰਗੇ ਸੂਟ ਵਿਚ ਸਜੀ ਨੀਟਾ ਬਲਵਿੰਦਰ ਨੇ ਮਾਈਕ ਤੋਂ ਪ੍ਰੋਗਰਾਮ ਦੀ ਭੂਮਿਕਾ ਬੰਨ੍ਹੀ ਤੇ ਇਕਬਾਲ ਮਾਹਲ ਨੇ ਦਿਲਾਂ `ਚ ਲਹਿੰਦੀ ਸੋਜ਼ਮਈ ਆਵਾਜ਼ ਵਿਚ ਸ਼ੋਅ ਦਾ ਮਕਸਦ ਦੱਸਿਆ। ਉਸ ਦੀ ਅਦਬੀ ਗੱਲ ਕੱਥ ਦਾ ਨਿਚੋੜ ਸੀ, ਆਓ ਮੁਜਰੇਬਾਜ਼ੀ ਦੇ ਮੁਕਾਮ `ਤੇ ਵਿਚਰਦੀ ਗਾਇਕੀ `ਚੋਂ ਬਾਹਰ ਨਿਕਲੀਏ ਤੇ ਸਾਫ ਸੁਥਰੀ ਗਾਇਕੀ ਦੇ ਲੜ ਲੱਗੀਏ।
ਫਿਰ ਵੰਝਲੀ ਦੀਆਂ ਧੁਨਾਂ ਗੂੰਜੀਆਂ ਤੇ ਰੂਪ ਬਸੰਤ ਬਣੇ ਰਾਮੂਵਾਲੀਏ ਭਰਾ ਮੰਚ `ਤੇ ਆਏ। ਇਕਬਾਲ ਨੇ ਆਖਿਆ, “ਅਸੀਂ ਅਧਿਆਪਕ ਲੱਗ ਗਏ ਸਾਂ, ਕਲਮਾਂ ਫੜੀ ਬੈਠੇ ਸਾਂ ਪਰ ਮਾਂ-ਬੋਲੀ ਨਾਲ ਕੀਤੇ ਜਾ ਰਹੇ ਲਚਰ ਗਾਇਕੀ ਦੇ ਬਲਾਤਕਾਰ ਨੇ ਸਾਨੂੰ ਮਜਬੂਰ ਕਰ ਦਿੱਤੈ ਕਿ ਅਸੀਂ ਮੁੜ ਸਰੋਤਿਆਂ ਦੇ ਰੂਬਰੂ ਹੋਈਏ। ਗਾਉਣਾ ਹੁਣ ਸਾਡਾ ਪੇਸ਼ਾ ਨਹੀਂ, ਸਾਡਾ ਸ਼ੌਕ ਹੈ। ਅਸੀਂ ਖ਼ੁਸ਼ ਹਾਂ ਕਿ ਤੁਸੀਂ ਸਾਨੂੰ ਸੁਣਨ ਆਏ ਹੋ।” ਇਕਬਾਲ ਨੇ ਸੱਜਾ ਹੱਥ ਚੁੱਕਿਆ ਤੇ ਰਛਪਾਲ ਨੇ ਖੱਬਾ। ਬੰਦਨਾ ਪਾਰਸ ਦੀ ਕਵੀਸ਼ਰੀ ਨਾਲ ਹੋਈ:
ਪੈਰਾਂ ਹੇਠ ਲਤਾੜਿਆ, ਜਾਏ ਨਾ ਫੁੱਲ ਗੁਲਾਬ, ਮਾੜੇ ਦਿਨ ਨਾ ਮਾਲਕਾ, ਆਵਣ ਵਿਚ ਪੰਜਾਬ
ਕਿਸੇ ਵੀ ਧੀ ਤੇ ਭੈਣ ਦੀ, ਲੁੱਟ ਨਾ ਹੋਵੇ ਪੱਤ, ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ
ਗਿਆਨੀ ਪੰਡਤ ਮੌਲਵੀ, ਉੱਗਲ ਫਿਰਕੂ ਵਿੱਖ, ਆਪਸ ਵਿਚ ਲੜਾਉਣ ਨਾ, ਹਿੰਦੂ ਮੁਸਲਿਮ ਸਿੱਖ
ਸੰਨ ਸੰਤਾਲੀ ਵਾਂਗ ਨਾ, ਚੁੱਕਣ ਚੰਦਰੀ ਅੱਤ, ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ...
ਬੰਦਨਾ ਮੁੱਕੀ ਤਾਂ ਤਾੜੀਆਂ ਦਾ ਮੀਂਹ ਵਰ੍ਹਨ ਲੱਗਾ ਤੇ ਗੂੰਜਾਂ ਪੈਣ ਲੱਗੀਆਂ: ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ, ਨੲ੍ਹੀਂ ਰੀਸਾਂ...। ਵਿਸ਼ੇ ਵਿਕਾਰਾਂ ਵਿਚ ਖਚਤ ਹੁੰਦੇ ਜਾ ਰਹੇ ਪੰਜਾਬ ਬਾਰੇ ਕੁਝ ਵਿਅੰਗ ਵੀ ਕਸੇ ਗਏ ਜੋ ਸਰੋਤਿਆਂ ਨੂੰ ਸਾਵਧਾਨ ਕਰਨ ਵਾਲੇ ਸਨ: ਹਰ ਬੂਹੇ `ਤੇ ਬੋਤਲ ਬੈਠੀ ਬੁੱਲ੍ਹਾਂ ਦੇ ਵਿਚ ਜ਼ਰਦਾ ਹੈ... ਠੱਗ ਬਦੇਸ਼ੀ ਲਾੜੇ ਲੁੱਟ-ਗੇ, ਇੱਜ਼ਤ ਧੀਆਂ ਭੈਣਾਂ ਦੀ...।
ਫਿਰ ਅੱਧੀ ਸਦੀ ਪਹਿਲਾਂ ਦਾ ਤਵਾ ‘ਚਹੁੰ ਕੁ ਦਿਨਾਂ ਦਾ ਮੇਲਾ’ ਦਾ ਮਿਊਜ਼ਕ ਵਜਾ ਕੇ ਰਣਜੀਤ ਸਿੰਘ ਦੀ ਬੁਲੰਦ ਆਵਾਜ਼ ਸੁਣਾਈ ਗਈ। ਇਸੇ ਤਵੇ ਨੂੰ ਇਕਬਾਲ ਤੇ ਰਛਪਾਲ ਨੇ ਨਵੀਂ ਤਰਜ਼ ਦੀ ਕਵੀਸ਼ਰੀ ਵਿਚ ਪੇਸ਼ ਕੀਤਾ। ‘ਚਹੁੰ ਕੁ ਦਿਨਾਂ ਦੇ ਮੇਲੇ’ ਵਿਚ ਜੀਵਨ ਦੇ ਸਾਰੇ ਰੰਗ ਸਨ: ਪੈ ਗਿਆ ਵਿਛੋੜਾ ਸਾਰੇ ਪਰਿਵਾਰ ਦਾ...। ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ...। ਨਿੰਮ ਦਾ ਮਾਣ ਕਰੀਂ ਨਾ ਹੀਰੇ, ਤੋਤਿਆਂ ਨੂੰ ਬਾਗ ਬੜੇ...। ਮੈਨੂੰ ਤੱਤੜੀ ਨੂੰ ਗਲ ਨਾਲ ਲਾ ਲੈ, ਵੇ ਸੁਫ਼ਨੇ `ਚ ਆਉਣ ਵਾਲਿਆ...। ਗਿੱਧਿਆਂ ਦੇ ਪਿੜ ਵਿਚ ਆਓ ਕੁੜੀਓ, ਜੰਮੀ ਰੂਹਾਂ ਉਤੇ ਬਰਫ਼ ਹਟਾਓ ਕੁੜੀਓ...। ਐਤਵਾਰਾ ਆਈਂ ਵੇ, ਸਾਨੂੰ ਸਾਹ ਦੁਆਈਂ ਵੇ...। ਬਰਫੇ ਬਰਫੇ ਬਰਫੇ, ਚੰਦਰੇ ਕਨੇਡਾ ਨੇ ਹੌਲੇ ਕੱਖਾਂ ਤੋਂ ਕਰਤੇ...।
ਕਵੀਸ਼ਰ ਰਣਜੀਤ ਸਿੰਘ ਨੇ ਕਿਹਾ ਕਿ ਨੰਗੇਜ ਵਾਲੀ ਗਾਇਕੀ ਦੇ ਖਿ਼ਲਾਫ਼ ਲੋਕ ਲਹਿਰ ਚਲਾਉਣੀ ਸਮੇਂ ਦੀ ਲੋੜ ਹੈ। ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਹਨ ਕਿ ਉਹ ਆਪਣੇ ਪਿੰਡਾਂ `ਚ ਬੇਹੂਦਾ ਗਾਇਕੀ ਦੇ ਖਾੜੇ ਨਹੀਂ ਲੱਗਣ ਦੇਣਗੇ। ਸਰੋਤਿਆਂ ਦੀ ਮੰਗ `ਤੇ ਉਸ ਨੇ ਕੁਝ ਦੋਹਰੇ ਸੁਣਾਏ। ਉਹਦੀ ਸੰਖ ਵਰਗੀ ਗੂੰਜਵੀਂ ਆਵਾਜ਼ ਵਿਚ ਪਹਿਲਾਂ ਵਾਲੀ ਬੁਲੰਦੀ ਉਦੋਂ ਵੀ ਕਾਇਮ ਸੀ।
ਪਾਰਸ ਨੇ ਆਖਿਆ, “ਲੋਕੋ ਤੁਸੀਂ ਸਾਡੀ ਮੂਲੋਂ ਈ ਬਹੁਤੀ ਵਡਿਆਈ ਕਰੀ ਜਾਨੇ ਓਂ। ਅਸੀਂ ਇਹਦੇ ਲਾਇਕ ਨੀ। ਮੈਂ ਵੀਹਾਂ ਸਾਲਾਂ ਦਾ ਸੀ ਤੇ ਰਣਜੀਤ ਪੰਦਰਾਂ ਦਾ ਜਦੋਂ ਦੇ ਅਸੀਂ `ਕੱਠੇ ਆਂ। ਅਖ਼ੀਰ ਉਮਰੇ ਮੇਰਾ ਏਹੋ ਕਹਿਣਾ ਹੈ ਕਿ ਜੀਹਨੇ ਜਿ਼ੰਦਗੀ `ਚ ਕਾਮਯਾਬ ਹੋਣਾ ਉਹ ਆਪਦਾ ਮੁੱਲ ਵਧਾ ਕੇ ਨਾ ਦੱਸੇ ਸਗੋਂ ਘਟਾ ਕੇ ਦੱਸੇ। ਖਾਲੀ ਭਾਂਡੇ `ਚ ਤਾਂ ਕੁਛ ਪੈ ਜੂ, ਭਰੇ `ਚ ਕੋਈ ਕੀ ਪਾਊ?”
ਪਾਰਸ ਦੇ ਛੋਟੇ ਪੁੱਤਰ ਡਾ. ਰਛਪਾਲ ਗਿੱਲ ਨੇ ਭੇਤ ਖੋਲ੍ਹਿਆ ਕਿ ਮੈਂ ਉਦੋਂ ਨਿੱਕਾ ਜਿਹਾ ਸੀ। ਬਾਪੂ ਜੀ ਘਰੋਂ ਤੁਰੇ ਰਹਿੰਦੇ ਸਨ। ਅੱਕੀ ਹੋਈ ਬੇਬੇ ਇਕ ਦਿਨ ਬਾਪੂ ਨੂੰ ਕਹਿੰਦੀ, “ਜਾਂ ਮੈਨੂੰ ਛੱਡ ਦੇ ਜਾਂ ਕਵੀਸ਼ਰੀ ਛੱਡ ਦੇ।” ਬਾਪੂ ਨੇ ਬੇਬੇ ਨੂੰ ਜੱਫੀ ਪਾ ਲਈ ਤੇ ਕਹਿਣ ਲੱਗਾ, “ਮੈਂ ਦੋਹੇਂ ਨੀ ਛੱਡਦਾ।” ਹਾਲ ਵਿਚ ਬੇਬੇ ਵੀ ਹਾਜ਼ਰ ਸੀ ਜਿਸ ਨੇ ਪੁੱਤਰਾਂ ਦੇ ਸਿਰਾਂ ਉਤੋਂ ਡਾਲਰ ਵਾਰੇ। ਭੈਣ ਚਰਨਜੀਤ ਨੋਟ ਵਾਰਨ ਆਈ ਤਾਂ ਇਕਬਾਲ ਕਹਿਣ ਲੱਗਾ, “ਤੂੰ ਰਹਿਣ ਦੇ ਬੀਬੀ। ਏਥੇ ਪੰਜ ਦੇ ਕੇ ਘਰੇ ਪੰਜਾਹ ਮੰਗ ਲੈਣੇ ਆਂ!”
ਇਕਬਾਲ ਰਾਮੂਵਾਲੀਏ ਨੇ ਦੱਸਿਆ ਕਿ ਉਨ੍ਹਾਂ ਦੇ ਬਾਪੂ ਜੀ ਦਾ ਜਥਾ ਕਲਕੱਤੇ ਵੱਲ ਪ੍ਰੋਗਰਾਮਾਂ `ਤੇ ਗਿਆ ਹੋਇਆ ਸੀ। ਉਹ ਉਦੋਂ ਸੱਤਵੀਂ `ਚ ਪੜ੍ਹਦਾ ਸੀ, ਬਲਵੰਤ ਦਸਵੀਂ ਤੇ ਰਛਪਾਲ ਪੰਜਵੀਂ `ਚ ਸੀ। ਪਿਉ ਦੀ ਗ਼ੈਰ ਹਾਜ਼ਰੀ ਵਿਚ ਪੁੱਤਾਂ ਨੂੰ ਸਕੀਮ ਸੁੱਝੀ। ਉਹ ਆਪਣਾ ਹੀ ਜਥਾ ਬਣਾ ਕੇ ਗੁਆਂਢੀ ਪਿੰਡ ਦੇ ਇਕ ਵਿਆਹ `ਚ ਗਾਉਣ ਚਲੇ ਗਏ ਤੇ ਉਥੋਂ ਡੂਢ ਸੌ ਰੁਪਏ ਦੇ ਇਨਾਮ ਮਾਠ ਲਿਆਏ। ਘਰ ਆ ਕੇ ਮਾਂ ਨੂੰ ਫੜਾਏ ਤਾਂ ਮਾਂ ਨੇ ਝਿੜਕੇ, ਆ ਲੈਣ ਦਿਓ ਥੋਡੇ ਪਤੰਦਰ ਨੂੰ...।
ਪਾਰਸ ਹੋਰਾਂ ਦੇ ਪਰਤਣ ਤਕ ਭੁਝੰਗੀਆਂ ਦਾ ਜਥਾ ਵਾਹਵਾ ਰਵਾਂ ਹੋ ਗਿਆ ਸੀ। ਕੋਈ ਸੱਜਣ ਪਾਰਸ ਨੂੰ ਪੁੱਛਣ ਆਇਆ ਕਿ ਪ੍ਰੋਗਰਾਮ ਦੇ ਕਿੰਨੇ ਪੈਸੇ ਲਓਗੇ? ਪਾਰਸ ਨੇ ਮਿਥਿਆ ਰੇਟ ਦੱਸ ਦਿੱਤਾ। ਫਿਰ ਉਹ ਮੁੰਡਿਆਂ ਦੇ ਜਥੇ ਦਾ ਰੇਟ ਪੁੱਛਣ ਲੱਗਾ। ਉਹ ਮੰੁਡਿਆਂ ਦਾ ਜਥਾ ਈ ਬੁੱਕ ਕਰਨ ਆਇਆ ਸੀ। ਪਾਰਸ ਹੈਰਾਨ ਰਹਿ ਗਿਆ। ਮਿਲਣ ਆਇਆ ਸੱਜਣ ਤਾਂ ਪਾਰਸ ਨੇ ਹਾਮੀ ਭਰ ਕੇ ਤੋਰ ਦਿੱਤਾ ਤੇ ਪੁੱਤਰ ਕੋਲ ਸੱਦ ਲਏ। ਨਾਲੇ ਅੱਖਾਂ `ਚੋਂ ਹੰਝੂ ਵਹਾਈ ਜਾਵੇ ਨਾਲੇ ਆਖੀ ਜਾਵੇ, “ਪੁੱਤਰੋ ਜੇ ਗਾਉਣਾ ਤਾਂ ਸੂਈ ਦੇ ਨੱਕੇ `ਚੋਂ ਲੰਘਣਾ ਪਊ। ਮੇਰੀ ਤਸੱਲੀ ਤਾਂ ਹੋਊ ਜੇ ਕਰਨੈਲ ਦੇ ਪੁੱਤ ਉਹਤੋਂ ਦੋ ਰੱਤੀਆਂ ਉਤੋਂ ਦੀ ਹੋਣ!”
ਦੋ ਰੱਤੀਆਂ ਉਤੋਂ ਦੀ ਕਰਨ ਲਈ ਪਿਉ ਨੇ ਪੁੱਤਾਂ ਦਾ ਕਰੜਾ ਰਿਆਜ਼ ਕਰਵਾਇਆ। ਉਚਾਰਨ ਸਹੀ ਕੀਤਾ ਤੇ ਸ਼ੀਸ਼ੇ ਸਾਹਮਣੇ ਖੜ੍ਹੇ ਕਰ ਕੇ ਹੱਥ ਦੀ ਵਾੱਲੀ ਮਾਰਨੀ ਸਿਖਾਈ। ਉਸੇ ਰਿਆਜ਼ ਦਾ ਨਤੀਜਾ ਸੀ ਕਿ 60ਵਿਆਂ `ਚ ਰਾਮੂਵਾਲੀਏ ਭਰਾਵਾਂ ਦਾ ਢਾਡੀ ਜਥਾ ਪੰਜਾਬੀ ਗਾਇਕੀ ਦੇ ਗਗਨ `ਤੇ ਉਡਾਰੀਆਂ ਭਰਨ ਲੱਗਾ। ਰੋਜ਼ ਆਲ ਇੰਡੀਆ ਰੇਡੀਓ ਤੋਂ ਉਨ੍ਹਾਂ ਦੀ ਸਾਰੰਗੀ ਗੂੰਜਦੀ, ਢੱਡ ਖੜਕਦੀ ਤੇ ਕਵੀਸ਼ਰੀ ਗਰਜਦੀ। 70ਵਿਆਂ ਵਿਚ ਬਲਵੰਤ ਸਿੰਘ ਸਿਆਸਤ ਵੱਲ ਖਿਚਿਆ ਗਿਆ ਤੇ ਇਕਬਾਲ-ਰਛਪਾਲ ਹੋਰੀਂ ਕੈਨੇਡਾ ਪਹੁੰਚ ਗਏ। (ਚਲਦਾ)

03/12/2023

ਜੱਗ ਜੰਕਸ਼ਨ ਰੇਲਾਂ ਦਾ-3
ਪਾਰਸ ਨੇ ਮੱਦੋਕੇ ਦੇ ਗੁਰਦਵਾਰੇ ਤੋਂ ਅੰਮ੍ਰਿਤ ਛਕਿਆ ਜੋ ਰਾਮੂਵਾਲੇ ਪਹੁੰਚਦਿਆਂ ਹੀ ਟੁੱਟ ਗਿਆ। ਮੱਦੋਕੇ ਉਹ ਦੀਵਾਨ ਸੁਣਨ ਗਿਆ ਸੀ ਜਿਥੇ ਪ੍ਰਚਾਰਕਾਂ ਦੇ ਆਖੇ ਅੰਮ੍ਰਿਤ ਛਕਣ ਵਾਲਿਆਂ ਦੀ ਪੰਗਤ ਵਿਚ ਜਾ ਬੈਠਾ ਸੀ। ਮਨ ਅਜੇ ਚੰਚਲ ਸੀ ਜਿਸ ਕਰਕੇ ਮੁੜਦਾ ਦੋਸਤਾਂ ਮਿੱਤਰਾਂ ਨਾਲ ਖਾਣ ਪੀਣ ਬਹਿ ਗਿਆ। ਫਿਰ ਉਹਦੇ ਵਿਆਹ ਮੰਗਣੇ ਦੀਆਂ ਗੱਲਾਂ ਚੱਲ ਪਈਆਂ। ਉਦੋਂ ਉਹਨਾਂ ਦਾ ਕੜੀਆਂ ਵਾਲਾ ਇਕੋ ਕੱਚਾ ਕੋਠਾ ਸੀ ਜਿਸ ਵਿਚ ਤੂੜੀ ਵੀ ਰੱਖੀ ਜਾਂਦੀ ਤੇ ਪਸ਼ੂ ਵੀ ਬੱਝਦੇ। ਉਹ ਖੇਤੀ ਕਰਦਾ ਤੇ ਖਾੜੇ ਲਾਉਂਦਾ ਡੰਗ ਟਪਾਈ ਜਾਂਦਾ।
ਉਹਦੇ ਬਾਬੇ ਦੇ ਬੋਰੀ `ਚ ਬੰਨ੍ਹ ਕੇ ਤੂੜੀ `ਚ ਲਕੋਏ ਚਿੱਠੇ ਪਾਰਸ ਦੇ ਹੱਥ ਆ ਗਏ ਸਨ ਜਿਨ੍ਹਾਂ `ਚ ਦਮੋਦਰ, ਵਾਰਸ, ਮੁਕਬਲ ਤੇ ਹੋਰ ਕਿੱਸਾਕਾਰਾਂ ਦੀਆਂ ਹੀਰਾਂ, ਸੋਹਣੀਆਂ ਤੇ ਸੱਸੀਆਂ ਸਨ। ਉਹਨਾਂ ਕਿੱਸਿਆਂ ਨੇ ਉਹਦੇ ਗਿਆਨ `ਚ ਵਾਧਾ ਕਰ ਦਿੱਤਾ। ਉਸ ਨੇ ਇਤਿਹਾਸ, ਮਿਥਿਹਾਸ ਤੇ ਗੁਰਬਾਣੀ ਪੜ੍ਹਨ ਨਾਲ ਨਵੀਆਂ ਕਿਤਾਬਾਂ ਵੀ ਪੜ੍ਹੀਆਂ ਅਤੇ ਪ੍ਰੀਤ ਲੜੀ ਦਾ ਪੱਕਾ ਪਾਠਕ ਬਣ ਗਿਆ। ਉਹ ਪਹਿਲਾ ਕਵੀਸ਼ਰ ਸੀ ਜਿਹੜਾ ਧਾਰਮਿਕ ਪ੍ਰਸੰਗਾਂ ਨਾਲ ਪ੍ਰੀਤ ਲੜੀ ਦੀ ਵਿਚਾਰਧਾਰਾ ਵਾਲੀ ਕਵੀਸ਼ਰੀ ਗਾਉਣ ਲੱਗਾ। ਉਸ ਨੇ ਕਵੀਸ਼ਰੀ ਦਾ ਦਾਇਰਾ ਮੋਕਲਾ ਕਰਦਿਆਂ ਵਿਗਿਆਨ ਤੇ ਤਰਕ ਦੀਆਂ ਗੱਲਾਂ ਕੀਤੀਆਂ। ਉਹ ਧਾਰਮਿਕ ਸਟੇਜਾਂ, ਵਿਆਹ ਸ਼ਾਦੀਆਂ, ਚੱਠਾਂ, ਦੀਵਾਨਾਂ, ਰਾਜਸੀ ਪਾਰਟੀਆਂ ਦੀਆਂ ਕਾਨਫਰੰਸਾਂ, ਨਗਰ ਕੀਰਤਨ, ਗੱਲ ਕੀ ਸਭਨੀਂ ਥਾਂਈਂ ਗਾਉਂਦਾ ਸੀ। ਉਹਦਾ ਇਹ ਛੰਦ ਥਾਂ ਥਾਂ ਗੂੰਜਦਾ:
ਛਟੀਆਂ ਮੰਗਣੇ ਵਿਆਹ ਮੁਕਲਾਵੇ, ਅਖੰਡ ਪਾਠ ਤੇ ਚੱਠਾਂ
ਲਾਉਂਦੇ ਰਹਿਣ ਦੀਵਾਨ ਕਵੀਸ਼ਰ, ਆ ਕੇ ਵਿਚ ਇਕੱਠਾਂ
ਕਰਮਾਂ ਵਾਲਿਆਂ ਦੇ ਘਰ ਆਵਣ, ਭਾਗਾਂ ਭਰੇ ਦਿਹਾੜੇ
ਕੁੜੀਆਂ ਚਿੜੀਆਂ ਮੰਗਲ ਗਾਵਣ, ਲਾਉਣ ਕਵੀਸ਼ਰ ਖਾੜੇ
ਨੱਚਣ ਗਾਉਣ ਰਲਾ ਕੇ ਹੇਕਾਂ, ਨਣਦਾਂ ਤੇ ਭਰਜਾਈਆਂ
ਲਗਦੇ ਰਹਿਣ ਖ਼ੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ...
ਪ੍ਰੀਤ ਲੜੀ ਦਾ ਪਾਠਕ ਹੋਣ ਕਰਕੇ `ਕੇਰਾਂ ਉਸ ਨੂੰ ਗੁਰਦਵਾਰਿਆਂ ਦੀਆਂ ਸਟੇਜਾਂ `ਤੇ ਬੋਲਣੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਦੋਸ਼ ਸੀ ਕਿ ਕਰਨੈਲ ਕਵੀਸ਼ਰ ਨਾਸਤਕ ਬਣ ਗਿਐ। ਇਕ ਵਾਰ ਉਹਦੇ ਬਿਸਤਰੇ `ਚੋਂ ਪ੍ਰੀਤ ਲੜੀ ਲੱਭ ਗਈ। ਪੜ੍ਹਦਿਆਂ ਉਹ ਸਿਰ੍ਹਾਣੇ ਰੱਖ ਕੇ ਸੌਂ ਗਿਆ ਸੀ। ਇਸ ਉਪੱਦਰ ਲਈ ਉਹਨੂੰ ਪੇਸ਼ੀ ਭੁਗਤਣੀ ਪਈ। ਡੰਨ ਲੱਗਾ। ਇੰਟਰਨੈੱਟ ਤੋਂ ਮੋਬਾਈਲ ਦੀਆਂ ਖੁੱਲ੍ਹਾਂ ਲੈਣ ਵਾਲੀ ਅਜੋਕੀ ਪੀੜ੍ਹੀ ਸੋਚ ਸਕਦੀ ਹੈ ਕਿ ਉਨ੍ਹਾਂ ਦੇ ਦਾਦਿਆਂ ਪੜਦਾਦਿਆਂ `ਤੇ ਕਿੰਨੇ ਕਰੜੇ ਪਹਿਰੇ ਸਨ!
ਕਿਸਾਨ ਸਭਾਵਾਂ ਵਾਲੇ ਉਹਨਾਂ ਦੇ ਜਥੇ ਨੂੰ ਕਾਨਫਰੰਸਾਂ ਵਿਚ ਹੁੱਬ ਕੇ ਸੱਦਦੇ। 1942 ਵਿਚ ਮੋਗੇ ਦੀ ਕਮਿਊਨਿਸਟ ਕਾਨਫਰੰਸ ਲਈ ਉਹਨਾਂ ਦੇ ਜਥੇ ਨੇ ਪਿੰਡਾਂ `ਚੋਂ 1400 ਮਣ ਮੱਕੀ `ਕੱਠੀ ਕਰ ਕੇ ਦਿੱਤੀ ਸੀ। ਉਥੇ ਉਹਦੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨਾਲ ਯਾਰੀ ਪੈ ਗਈ। ਇਹ ਯਾਰੀ ਸੁਰਜੀਤ ਨੇ ਉਹਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਨੂੰ ਕੇਂਦਰੀ ਸਰਕਾਰ ਦਾ ਵਜ਼ੀਰ ਬਣਵਾ ਕੇ ਨਿਭਾਈ। ਇਕ ਵਾਰ ਸੁਰਜੀਤ ਪਾਰਸ ਨੂੰ ਮਿਲਣ ਟੋਰਾਂਟੋ ਗਿਆ ਤਾਂ ਗੋਲ ਪੌੜੀਆਂ `ਚੋਂ ਤਿਲ੍ਹਕ ਕੇ ਡਿੱਗ ਪਿਆ ਪਰ ਸੱਟ ਫੇਟ ਤੋਂ ਬਚਾਅ ਰਿਹਾ। ਇਹ 2002-3 ਦੀ ਘਟਨਾ ਸੀ। ਜੇ ਉੱਦਣ ਕਾਮਰੇਡ ਦੀ ਜਾਹ ਜਾਂਦੀ ਹੋ ਜਾਂਦੀ ਤਾਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਨੋ ਰਹਿ ਜਾਂਦਾ! ਸੋਨੀਆ ਗਾਂਧੀ ਸੁਰਜੀਤ ਦੀ ਮੰਨਦੀ ਸੀ। ਸੁਰਜੀਤ ਸਚਮੁੱਚ ਸਿਆਸਤ ਦਾ ਰੁਸਤਮੇ ਹਿੰਦ ਸੀ।
ਪਾਰਸ ਨੂੰ ਮੈਂ ਪੜ੍ਹਿਆ ਸੁਣਿਆਂ ਤਾਂ ਬਹੁਤ ਸੀ ਪਰ ਕਦੇ ਬਚਨ ਬਿਲਾਸ ਨਹੀਂ ਸੀ ਹੋਏ। ਸਾਡੀ ਪਹਿਲੀ ਮਿਲਣੀ ਕੈਨੇਡਾ ਵਿਚ ਹੋਈ। 1995 `ਚ ਮੈਂ ਕੈਨੇਡਾ ਕਬੱਡੀ ਕੱਪ ਦੀ ਕੁਮੈਂਟਰੀ ਕਰਨ ਗਿਆ ਤਾਂ ਰਣਜੀਤ ਸਿੰਘ ਦਾ ਪੁੱਤਰ ਸਤਿੰਦਰਪਾਲ ਸਿੱਧਵਾਂ ਮੈਨੂੰ ਟੋਰਾਂਟੋ ਹਵਾਈ ਅੱਡੇ ਤੋਂ ਅਮਰਜੀਤ ਧਾਲੀਵਾਲ ਦੇ ਘਰ ਲੈ ਗਿਆ। ਅਮਰਜੀਤ ਮੇਰੀ ਪਤਨੀ ਦੇ ਮਾਮੇ ਦਾ ਪੁੱਤ ਹੈ ਜੋ ਪਾਰਸ ਹੋਰਾਂ ਦਾ ਜੁਆਈ ਹੈ। ਮੈਂ ਹਫ਼ਤਾ ਕੁ ਉਨ੍ਹਾਂ ਕੋਲ ਰਿਹਾ। ਬਾਪੂ ਪਾਰਸ ਤੇ ਬੇਬੇ ਦਲਜੀਤ ਕੌਰ ਮੈਨੂੰ ਜੁਆਈਆਂ ਭਾਈਆਂ ਵਾਲਾ ਆਦਰ ਮਾਣ ਦਿੰਦੇ ਰਹੇ। ਪਾਰਸ ਹੋਰੀਂ ਆਥਣੇ ਪੀਣ ਖਾਣ ਬਹਿੰਦੇ ਤਾਂ ਮੈਂ ਬਚਨ ਬਿਲਾਸ ਡਾਇਰੀ `ਚ ਨੋਟ ਕਰਨ ਲੱਗਦਾ। ਇਕ ਸ਼ਾਮ ਪਾਰਸ ਨੇ ਲੋਰ `ਚ ਲਿਖਾਇਆ, “ਕੈਨੇਡਾ ਆ ਕੇ ਮੈਂ ਮਣ ਪੱਕਾ ਤਾਂ ਪੀ ਗਿਆ ਹੋਊਂ ਸ਼ਹਿਦ ਤੇ ਕੁਇੰਟਲ ਖਾ ਗਿਆ ਹੋਊਂ ਸੌਗੀ...।”
ਮੈਂ ਮਨ `ਚ ਕਿਹਾ, “ਕਵੀਸ਼ਰ ਤੇ ਢਾਡੀ ਤਾਂ `ਕੱਲੇ `ਕੱਲੇ ਸਿੰਘ ਨੂੰ ਸਵਾ ਸਵਾ ਲੱਖ ਨਾਲ ਲੜਾ ਦਿੰਦੇ ਆ, ਮਣ ਪੱਕਾ ਸ਼ਹਿਦ ਤੇ ਕੁਇੰਟਲ ਸੌਗੀ ਕੀ ਐ ਏਹਨਾਂ ਦੇ ਸਾਹਮਣੇ!” ਦਾਰੂ ਦਾ ਸਰੂਰ ਸੀ। ਮੈਂ ਪੁੱਛਿਆ, “ਮੁਰਗੇ ਤੇ ਬੱਕਰੇ ਭਲਾ ਕਿੰਨੇ ਕੁ ਖਾ ਲਏ ਹੋਣਗੇ?” ਤੁਰਤ ਜਵਾਬ ਮਿਲਿਆ, “ਦੋ ਕੁ ਟਨ ਤਾਂ ਖਾਧੇ ਈ ਗਏ ਹੋਣਗੇ!” ਤੱਤੇ ਤਾਅ ਮੈਂ ਪੁੱਛ ਲਿਆ, “ਫੇਰ ਤਾਂ ਦਾਰੂ ਦਾ ਵੀ ਵੱਡਾ ਡਰੰਮ ਪੀਤਾ ਗਿਆ ਹੋਊ?” ਤਰਕਸ਼ੀਲ ਪਾਰਸ ਬੋਲਿਆ, “ਤੇਰਾ ਅੰਦਾਜ਼ਾ ਬਹੁਤ ਘੱਟ ਐ।” ਫਿਰ ਮੈਂ ਦੋ, ਤਿੰਨ, ਚਾਰ ਤੇ ਅਖ਼ੀਰ ਪੰਜ ਡਰੰਮ ਕਹੇ ਪਰ ਉਹ ਹਰ ਵਾਰ ਸਿਰ ਫੇਰ ਕੇ ਆਖੇ, “ਥੋੜ੍ਹੇ ਆ!” ਹਾਰ ਕੇ ਮੈਂ ਕਿਹਾ, “ਆਪ ਈ ਦੱਸ ਦਿਓ।” ਕਹਿਣ ਲੱਗਾ, “ਪੰਜਾਹ ਸੱਠ ਸਾਲਾਂ ਤੋਂ ਨਿੱਤ ਦਾ ਅਧੀਆ ਗਿਣ ਲਓ। ਇਕ ਵਾਰ ਸੱਤੇ ਦਿਨ ਦਾਰੂ ਪੀਤੀ ਤੇ ਖਾੜੇ ਲਾਏ। ਦਾਰੂ ਜ਼ਰੂਰ ਪੀਤੀ, ਰੋਟੀ ਭਾਵੇਂ ਖਾਧੀ ਹੋਵੇ ਭਾਵੇਂ ਨਾ।”
ਇਹ ਪਹਿਲੀ ਮਿਲਣੀ ਦਾ ਟ੍ਰੇਲਰ ਸੀ!
ਪਾਰਸ ਕਿਹਾ ਕਰਦਾ ਸੀ, “ਢਾਡੀ ਤੇ ਕਵੀਸ਼ਰ ਤਾਂ ਕੀ, ਸਾਰੇ ਈ ਕਵੀ ਕਲਾਕਾਰ ਗੱਲਾਂ ਵਧਾ ਚੜ੍ਹਾ ਕੇ ਕਰਦੇ ਆ। ਜੋਧਾ ਲੜਾਈ `ਚ ਭਾਵੇਂ ਕੰਡ ਵਿਖਾ ਕੇ ਭੱਜ ਗਿਆ ਹੋਵੇ ਪਰ ਢਾਡੀ ਫੇਰ ਵੀ ਜੋਸ਼ `ਚ ਢੱਡਾਂ ਖੜਕਾਉਂਦੇ ਗਾਈ ਜਾਣਗੇ: ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀਆਂ ਵਾਰਾਂ!”
2002-3 ਦੀ ਗੱਲ ਹੈ। ਮੈਂ ਆਪਣੇ ਪੁੱਤਰ ਪਾਸ ਟੋਰਾਂਟੋ ਗਿਆ ਹੋਇਆ ਸਾਂ। ‘ਪੰਜਾਬੀ ਟ੍ਰਿਬਿਊਨ’ ਦੇ ਤੱਤਕਾਲੀ ਸੰਪਾਦਕ ਹਰਭਜਨ ਹਲਵਾਰਵੀ ਦੇ ਟੋਰਾਂਟੋ ਆਉਣ `ਤੇ ਇਕਬਾਲ ਰਾਮੂਵਾਲੀਏ ਦੇ ਘਰ ਮਹਿਫ਼ਲ ਜੰਮੀ। ਇਕਬਾਲ ਮਾਹਲ ਤੋਂ ਲੈ ਕੇ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਤਕ ਕਈ ਸੱਜਣ ਮਿੱਤਰ ਹਾਜ਼ਰ ਸਨ। ਬਾਪੂ ਪਾਰਸ ਵੀ ਬਿਰਾਜਮਾਨ ਸਨ ਤੇ ਉਨ੍ਹਾਂ ਦਾ ਸ਼ਗਿਰਦ ਹਰਭਜਨ ਮਾਨ ਵੀ। ਜਿਵੇਂ ਲੋਰ `ਚ ਹੁੰਦਾ ਹੈ, ਵਜਦ ਵਿਚ ਆਏ ਰਾਮੂਵਾਲੀਏ ਭਰਾ ਇਕਬਾਲ ਤੇ ਰਛਪਾਲ ਕਵੀਸ਼ਰੀ ਕਰਨ ਲੱਗ ਪਏ। ਰਹਿ ਹਰਭਜਨ ਮਾਨ ਤੋਂ ਵੀ ਨਾ ਹੋਇਆ। ਉਹ ਵੀ ਪਾਰਸ ਦੀ ਕਵੀਸ਼ਰੀ ਗਾਉਣ ਲੱਗਾ। ਉਹ ਰੰਗ ਬੱਝਾ, ਰਹੇ ਰੱਬ ਦਾ ਨਾਂ! ਫਿਰ ਗੱਲਾਂ ਚੱਲ ਪਈਆਂ ਕਵੀਸ਼ਰੀ ਨੂੰ ਬੇਸਮੈਂਟਾਂ ਦੀਆਂ ਵਲਗਣਾਂ ਵਿਚੋਂ ਕੱਢ ਕੇ ਕਿਉਂ ਨਾ ਬਾਹਰ ਦੀ ਖੁੱਲ੍ਹੀ ਹਵਾ ਲੁਆਈ ਜਾਵੇ?
ਅਲੋਪ ਹੋ ਰਹੀ ਕਵੀਸ਼ਰੀ ਨੂੰ ਆਖ਼ਰ ਬਾਹਰ ਦੀ ਹਵਾ ਲੁਆ ਹੀ ਦਿੱਤੀ ਗਈ। ਢੋਅ ਢੁਕਾਇਆ ਇਕਬਾਲ ਮਾਹਲ ਨੇ ਤੇ ਹੁੰਘਾਰਾ ਭਰਿਆ ਸੂਝਵਾਨ ਸਰੋਤਿਆਂ ਨੇ। (ਚਲਦਾ)

02/12/2023

ਜੱਗ ਜੰਕਸ਼ਨ ਰੇਲਾਂ ਦਾ-2
ਪਾਰਸ 28 ਜੂਨ 1916 ਨੂੰ ਨਾਨਕੇ ਪਿੰਡ ਮਹਿਰਾਜ `ਚ ਜੰਮਿਆ ਸੀ। ਮਹਿਰਾਜ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਸੀ ਹੁਣ ਬਠਿੰਡੇ `ਚ ਹੈ। ਉਹਦੀ ਮਾਤਾ ਰਾਮ ਕੌਰ ਸੀ ਤੇ ਪਿਤਾ ਤਾਰਾ ਸਿੰਘ। ਨਾਨਕਿਆਂ ਨੇ ਉਹਦਾ ਨਾਂ ਗਮਦੂਰ ਸਿੰਘ ਰੱਖਿਆ ਸੀ ਪਰ ਦਾਦਕਿਆਂ ਨੇ ਕਰਨੈਲ ਸਿੰਘ ਰੱਖ ਲਿਆ। ਉਦੋਂ ਉਹਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਹ ਫੌਜ ਦਾ ਕਰਨੈਲ ਨਹੀਂ, ਕਵੀਸ਼ਰੀ ਦਾ ਜਰਨੈਲ ਬਣੇਗਾ!
ਉਹਦੇ ਮਾਪੇ ਜੁਆਨੀ ਵਿਚ ਈ ਗ਼ੁਜ਼ਰ ਗਏ। ਯਤੀਮ ਬਾਲਕ ਨੂੰ ਅੰਤਾਂ ਦੇ ਮਾੜੇ ਦਿਨ ਵੇਖਣੇ ਪਏ। ਉਹਦੀਆਂ ਤਿੰਨ ਭੈਣਾਂ ਸਨ। ਨਿੱਕੇ ਹੁੰਦੇ ਦੇ ਸਿਰ ਹੀ ਕਬੀਲਦਾਰੀ ਦਾ ਭਾਰੀ ਬੋਝ ਪੈ ਗਿਆ। ਉਹ ਨਾ ਸਕੂਲ ਜਾ ਸਕਿਆ, ਨਾ ਬਚਪਨ ਦੀਆਂ ਖੇਡਾਂ ਖੇਡ ਸਕਿਆ।
ਉਹ ਦੱਸਦਾ ਹੁੰਦਾ ਸੀ, ਮੈਨੂੰ ਅਜੇ ਵੀ ਦੀਂਹਦੈ... ਛੱਪੜ ਕੋਲ ਇਕ ਡੇਰਾ ਹੈ। ਟਾਹਲੀ ਹੇਠਾਂ ਓਡ ਟੱਪਰੀਵਾਸ ਡੇਰਾ ਲਾਈ ਬੈਠੇ ਐ। ਉਨ੍ਹਾਂ ਦੇ ਖੂੰਖਾਰ ਕੁੱਤੇ ਸਿ਼ਕਾਰ ਸੁੰਘਦੇ ਫਿਰਦੇ ਐ। ਕੁਝ ਬਾਲ ਛੱਪੜ `ਤੇ ਫੱਟੀਆਂ ਪੋਚ ਕੇ ਹਵਾ `ਚ ਘੁਮਾਉਂਦੇ ਗਾਈ ਜਾਂਦੇ ਐ: ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ...। ਉਨ੍ਹਾਂ ਤੋਂ ਥੋੜ੍ਹਾ ਹਟ ਕੇ ਇਕ ਬਾਲਕ ਖੜ੍ਹਾ ਹੈ। ਪੈਰੋਂ ਨੰਗਾ, ਤੇੜ ਕੱਛਾ, ਗਲ `ਚ ਟੁੱਟੇ ਗੁਦਾਮਾਂ ਵਾਲਾ ਝੱਗਾ। ਉਹਦਾ ਵੀ ਜੀ ਕਰਦਾ ਹੈ ਉਹਦੇ ਹੱਥ ਵਿਚ ਫੱਟੀ ਹੋਵੇ। ਉਹ ਵੀ ਪੜ੍ਹੇ। ਉਹ ਵੀ ਫੱਟੀ ਲਿਖੇ ਤੇ ਪੋਚੇ। ਫਿਰ ਸੁਕਾਵੇ ਤੇ ਗਾਵੇ: ਸੂਰਜਾ-ਸੂਰਜਾ ਫੱਟੀ ਸੁਕਾ...।
ਉਹ ਦੱਸਦਾ ਸੀ, ਓਦੋਂ ਮੇਰੇ ਵੀ ਬਾਲ-ਮਨ ਵਿਚ ਓਡਾਂ ਦੇ ਕੁੱਤਿਆਂ ਵਰਗੀ ਬੇਚੈਨੀ ਸੀ। ਮੈਂ ਹਰ ਰੋਜ਼ ਛੱਪੜ ਵੱਲ ਜਾਣਾ ਤੇ ਬੱਚਿਆਂ ਵੱਲ ਵੇਖਦੇ ਰਹਿਣਾ। ਫੇਰ ਮੈਂ ਇਕ ਪੈਂਤੜਾ ਘੜਿਆ। ਨਿੱਕਿਆਂ ਮੁੰਡਿਆਂ ਨਾਲ ਯਾਰੀ ਪਾਈ। ਜਦੋਂ ਉਹ ਛੱਪੜ `ਤੇ ਆਉਂਦੇ ਮੈਂ ਉਹਨਾਂ ਤੋਂ ੳ ਅ ਸਿੱਖਣ ਲੱਗ ਪਿਆ। ਉਹ ਜਿੰਨਾ ਕੁ ਦੱਸ ਜਾਂਦੇ ਮੈਂ ਯਾਦ ਕਰ ਲੈਂਦਾ। ਜਦੋਂ ਸਾਰੀ ਪੈਂਤੀ ਯਾਦ ਹੋ ਗਈ ਤਾਂ ਮੈਂ ਬਾਬਾ ਕ੍ਰਿਸ਼ਨਾ ਨੰਦ ਦੇ ਡੇਰੇ ਮਹੰਤ ਦੇ ਚਰਨਾਂ `ਚ ਜਾ ਮੱਥਾ ਟੇਕਿਆ। ਉਹ ਧੂੜਕੋਟ ਦਾ ਨੇਤਰਹੀਣ ਮਹੰਤ ਸੀ। ਉਸ ਨੇ ਕਿਹਾ, ਇਕ ਰੁਪਈਆ ਮੱਥਾ ਟੇਕੇਂਗਾ ਤਾਂ ਪੰਜ ਪੌੜੀਆਂ ਦਾ ਸਬਕ ਦੇਊਂਗਾ। ਮੈਂ ਚਾਚੇ ਤੋਂ ਚੋਰੀਓਂ ਦਾਣੇ ਹੱਟੀ ਸਿੱਟੇ ਤੇ ਰੁਪਈਆ ਵੱਟ ਕੇ ਪੰਜ ਪੌੜੀਆਂ ਦਾ ਸਬਕ ਲੈ ਲਿਆ। ਫੇਰ ਤਿੰਨ ਘੰਟਿਆਂ `ਚ ਈ ਜ਼ਬਾਨੀ ਯਾਦ ਕਰ ਕੇ ਜਾ ਸੁਣਾਇਆ ਕ੍ਰਿਸ਼ਨਾ ਨੰਦ ਨੂੰ। ਕ੍ਰਿਸ਼ਨਾ ਨੰਦ ਆਂਹਦਾ, ਜਾਹ ਤੇਰੀ ਪੜ੍ਹਾਈ ਪੂਰੀ ਹੋਗੀ। ਮੈਂ ਕਿਹਾ, ਮੈਨੂੰ ਪੰਜ ਪੌੜੀਆਂ ਦਾ ਸਬਕ ਹੋਰ ਦਿਓ। ਆਂਹਦਾ, ਏਨਾ ਹੀ ਹੁਕਮ ਹੈ। ਕੁਝ ਦਿਨਾਂ ਬਾਅਦ ਆਨਾ ਲੈ ਕੇ ਕ੍ਰਿਸ਼ਨਾ ਨੰਦ ਨੇ ਪੰਜ ਪੌੜੀਆਂ ਦਾ ਸਬਕ ਹੋਰ ਦਿੱਤਾ। ਮੈਂ ਉਹ ਵੀ ਯਾਦ ਕਰ ਲਿਆ। ਕ੍ਰਿਸ਼ਨਾ ਨੰਦ ਹੈਰਾਨ ਹੋਇਆ ਤੇ ਅਸ਼ੀਰਵਾਦ ਦਿੱਤੀ ‘ਤੂੰ ਤਾਂ ਪਾਰਸ ਹੈਂ!’ ਫੇਰ ਜਦੋਂ ਮੈਂ ਆਪ ਛੰਦ ਜੋੜਨ ਲੱਗ ਪਿਆ, ਤਾਂ ਆਪਣਾ ਨਾਂ ਕੈਲੇ ਤੋਂ ਕਰਨੈਲ ਸਿੰਘ ‘ਪਾਰਸ’ ਰੱਖ ਲਿਆ।
ਕਰਨੈਲ ਸਿੰਘ ਦੇ ਬਾਪ ਤੇ ਚਾਚੇ ਨੂੰ ਬਾਬੇ ਦੀ 36 ਘੁਮਾਂ ਜ਼ਮੀਨ ਮਿਲੀ ਸੀ। ਉਹਦਾ ਬਾਪ ਆਪਣੇ ਆਪ ਨੂੰ ਸਰਦਾਰਾਂ ਦਾ ‘ਕਾਕਾ’ ਸਮਝਣ ਲੱਗ ਪਿਆ ਤੇ ਵੈਲਾਂ `ਚ ਪੈ ਗਿਆ। ਉਸ ਨੇ ਨਿੱਤ ਤੋਲਾ ਫੀਮ ਖਾਣੀ। ਘੁਮਾਂ ਘੁਮਾਂ ਕਰ ਕੇ ਸਾਰੀ ਜ਼ਮੀਨ ਗਹਿਣੇ ਧਰ ਦਿੱਤੀ। 1930 `ਚ ਉਹ 36 ਸਾਲ ਦੀ ਜੁਆਨ ਉਮਰੇ ਗੁਜ਼ਰ ਗਿਆ। ਦਸਾਂ ਮਹੀਨਿਆਂ ਮਗਰੋਂ ਮਾਂ ਵੀ ਬੱਚੇ ਵਿਲਕਦੇ ਛੱਡ ਕੇ ਪਰਲੋਕ ਜਾ ਸਿਧਾਰੀ। ਤਿੰਨ ਭੈਣਾਂ ਦਾ ਵੱਡਾ ਭਰਾ ਕੈਲਾ ਉਦੋਂ 14 ਸਾਲ 10 ਮਹੀਨਿਆਂ ਦਾ ਸੀ।
ਵੇਲੇ ਕੁਵੇਲੇ ਕੈਲੇ ਦੀ ਗੁਮਟੀ ਵਾਲੀ ਭੂਆ ਤੇ ਫੁੱਫੜ ਉਨ੍ਹਾਂ ਦਾ ਡੰਗ ਸਾਰਦੇ। ਇਕ ਵਾਰ ਫੁੱਫੜ ਨੇ ਛੋਲਿਆਂ ਦਾ ਬੀਜ ਵੇਚ ਕੇ ਤੇ ਭੂਆ ਨੇ ਕੰਨਾਂ ਦੀਆਂ ਡੰਡੀਆਂ ਗਹਿਣੇ ਧਰ ਕੇ ਭਤੀਜੇ ਨੂੰ ਪੈਸੇ ਦਿੱਤੇ ਤੇ ਉਹ ਜ਼ਮੀਨ ਦੇ ਮੁਕੱਦਮੇ ਵਾਸਤੇ ਵਕੀਲ ਦੀ 11 ਰੁਪਏ ਫੀਸ ਭਰ ਸਕਿਆ। ਬੁਰਾ ਹਾਲ ਸੀ ਤੇ ਬੌਂਕੇ ਦਿਹਾੜੇ। ਬਾਪ ਦੀ ਧਰੀ ਜ਼ਮੀਨ ਛਡਾਉਂਦਿਆਂ ਉਹਦੇ ਧੋਲ਼ੇ ਆ ਗਏ। ਆਖ਼ਰ ਉਹ ਬਾਰਾਂ ਕਿੱਲਿਆਂ ਦਾ ਮਾਲਕ ਬਣ ਗਿਆ। ਫਿਰ ਉਹਨਾਂ ਬਾਰਾਂ ਕਿੱਲਿਆਂ ਨੇ ਹੀ ਉਹਦੇ ਮਰਨ ਪਿੱਛੋਂ ਉਹਦੇ ਕਰੋੜਪਤੀ ਪੁੱਤਰਾਂ `ਚ ਅਜਿਹਾ ਪਾਟਕ ਪਾਇਆ ਕਿ ਪਾਰਸ ਦਾ ਹੀ ਛੰਦ ਚੇਤੇ ਕਰ ਦਿੱਤਾ:
ਪੈਸੇ ਤੇ ਚੌਧਰ ਦੀ ਖ਼ਾਤਰ, ਹੋ ਕੇ ਕਹੀ ਕੁਹਾੜੇ
ਸਕੇ ਭਰਾਵਾਂ ਵਿਚ ਪੈ ਜਾਂਦੇ, ਸੌ ਸੌ ਕੋਹ ਦੇ ਪਾੜੇ
ਆਪਣਾ ਖ਼ੂਨ ਪਰਾਇਆ ਹੁੰਦਾ ਜਦ ਆਉਂਦੇ ਦਿਨ ਮਾੜੇ...
ਮੈਰਾਥਨ ਦਾ ਮਹਾਂਰਥੀ ਫੌਜਾ ਸਿੰਘ ਬਚਪਨ `ਚ ਤੁਰ ਨਹੀਂ ਸੀ ਸਕਦਾ ਪਰ ਬੁਢਾਪੇ `ਚ ਖ਼ੂਬ ਦੌੜਿਆ। ਕਰਨੈਲ ਸਿੰਘ ਬਚਪਨ `ਚ ਦੌੜਦਾ ਰਿਹਾ ਪਰ ਬੁੱਢਵਾਰੇ ਤੁਰਨੋ ਰਹਿ ਗਿਆ। ਚੜ੍ਹਦੀ ਉਮਰੇ ਉਹਦਾ ਮੁਕਤਸਰ ਦਾ ਮੇਲਾ ਵੇਖਣ ਨੂੰ ਜੀਅ ਕੀਤਾ ਪਰ ਕਿਤੋਂ ਕਿਰਾਇਆ ਨਾ ਮਿਲਿਆ। ਹਾਰ ਕੇ ਉਹ ਘਰੋਂ ਭੱਜ ਪਿਆ। ਕਦੇ ਕਿਸੇ ਦੇ ਸਾਈਕਲ ਮਗਰ ਭੱਜਦਾ, ਕਦੇ ਕਿਸੇ ਦੇ ਟਾਂਗੇ ਮਗਰ ਦੌੜਦਾ, ਬਾਘੇ ਪੁਰਾਣੇ, ਕੋਟਕਪੂਰੇ, ਸਰਾਏਨਾਗਾ ਵਿਚ ਦੀ ਹੁੰਦਾ ਮੁਕਤਸਰ ਪਹੁੰਚ ਗਿਆ।
ਮੁਕਤਸਰ ਪਹੁੰਚ ਕੇ ਉਹ ਮੇਲਾ ਵੇਖਣ ਦੀ ਥਾਂ ਟੁੱਟੀ ਗੰਢੀ ਗੁਰਦੁਆਰਾ ਸਾਹਿਬ `ਚ ਤਿੰਨ ਆਨੇ ਦਿਹਾੜੀ `ਤੇ ਪਹਿਰਾ ਦੇਣ ਲੱਗ ਪਿਆ। ਉਹਦੀ ਡਿਊਟੀ ਸੰਗਤਾਂ ਨੂੰ ਇਸ਼ਨਾਨ ਕਰਨ ਸਮੇਂ ਤਲਾਅ `ਚ ਤਾਰੀਆਂ ਲਾਉਣੋ ਰੋਕਣ ਲੱਗੀ। ਉਹਨੂੰ ਦੋ ਵਾਰ ਬਾਟੀ ਭਰਵਾਂ ਕੜਾਹ ਮਿਲਦਾ ਤੇ ਤਿੰਨ ਆਨੇ। ਰੋਟੀ ਉਹ ਲੰਗਰ `ਚੋਂ ਖਾ ਲੈਂਦਾ। ਉਥੇ ਉਹਦਾ ਰੋਡਿਆਂ ਵਾਲੇ ਕਵੀਸ਼ਰ ਮੋਹਣ ਸਿੰਘ ਨਾਲ ਮੇਲ ਹੋ ਗਿਆ। ਉਸ ਨੇ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ਵਿਚ... ਕਵੀਸ਼ਰੀ ਸੁਣਾਈ ਤਾਂ ਮੋਹਣ ਸਿੰਘ ਨੇ ਉਹਨੂੰ ਆਪਣਾ ਸ਼ਗਿਰਦ ਬਣਾ ਲਿਆ। ਛੇ ਸੱਤ ਵਰ੍ਹੇ ਉਹਦੇ ਜਥੇ `ਚ ਰਿਹਾ। ਉਹ ਛੰਦ ਜੋੜਦਾ ਤੇ ਜਥੇ ਨਾਲ ਰਲ ਕੇ ਗਾਉਂਦਾ। ਜਥੇ ਨੂੰ ਇਕ ਅਖਾੜੇ ਦੇ ਦਸ ਰੁਪਏ ਮਿਲਦੇ। ਉਹਨਾਂ `ਚੋਂ ਡੂਢ ਰੁਪਈਆ ਪਾਰਸ ਨੂੰ ਮਿਲ ਜਾਂਦਾ। ਉਸ ਨੇ ਡੇਰੇ ਦੇ ਮਹੰਤ ਤੋਂ ਗੁਰਮੁਖੀ ਦੇ ਅੱਖਰ ਤਾਂ ਸਿੱਖੇ ਹੀ ਸਨ, ਹਿੰਦੀ ਤੇ ਉਰਦੂ ਦੇ ਅੱਖਰ ਉਠਾਉਣੇ ਆਪਣੇ ਆਪ ਸਿੱਖਿਆ। ਕੁਝ ਸ਼ਬਦ ਅੰਗਰੇਜ਼ੀ ਦੇ ਵੀ ਕੰਠ ਕੀਤੇ।
ਰੋਡਿਆਂ ਵਾਲੇ ਜਥੇ ਨਾਲ ਲੱਗ ਕੇ ਉਹਦੀ ਭੱਲ ਬਣ ਗਈ। ਮੋਹਣ ਸਿੰਘ ਦੇ ਭਰਾ ਸੋਹਣ ਸਿੰਘ ਨਾਲ ਕਿਸੇ ਗੱਲੋਂ ਫਿੱਕ ਪਈ ਤਾਂ 1938 ਵਿਚ ਉਸ ਨੇ ਆਪਣਾ ਵੱਖਰਾ ਜਥਾ ਬਣਾ ਲਿਆ। ਉਹਦੇ ਨਾਲ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਰਲ ਗਏ। ਪਾਰਸ ਨੇ ਸਰੋਤਿਆਂ `ਤੇ ਜਾਦੂਮਈ ਅਸਰ ਕਰਨ ਵਾਲੀ ਸ਼ਾਇਰੀ ਰਚੀ। ਜਥੇ ਨੇ ਕਵੀਸ਼ਰੀ ਕਰਨ ਦਾ ਰਿਆਜ਼ ਕੀਤਾ ਤੇ ਸ਼ਬਦਾਂ ਦੇ ਉਚਾਰਣ ਨੂੰ ਸ਼ੁਧਤਾ ਬਖਸ਼ੀ। ਸਿਖਿਆਦਾਇਕ ਤੇ ਮਨੋਰੰਜਕ ਟੋਟਕੇ ਘੜੇ। ਕਵੀਸ਼ਰੀ ਵਿਚ ਨਵੀਆਂ ਪਿਰਤਾਂ ਪਾਈਆਂ। ਤਰਕ ਨਾਲ ਠੇਠ ਬੋਲੀ ਵਿਚ ਦਲੀਲਾਂ ਦਿੱਤੀਆਂ ਤੇ ਕਵੀਸ਼ਰੀ ਕਰਨ ਦੇ ਨਾਲ ਖੇਤੀ ਵਾਹੀ ਦੇ ਵੀ ਜੋਤਰੇ ਲਾਏ। (ਚਲਦਾ)

01/12/2023

‘ਰਾਗ’ ਸਤੰਬਰ-ਦਸੰਬਰ 2023 ਅੰਕ ਵਿਚ ਛਪਿਆ ਲੇਖ
ਕਵੀਸ਼ਰੀ ਦਾ ਪਾਰਸ ਕਰਨੈਲ ਸਿੰਘ ਰਾਮੂਵਾਲੀਆ
ਜੱਗ ਜੰਕਸ਼ਨ ਰੇਲਾਂ ਦਾ-1
ਪ੍ਰਿੰਸੀਪਲ ਸਰਵਣ ਸਿੰਘ
ਕਰਨੈਲ ਸਿੰਘ ਪਾਰਸ, ਸੱਚਮੁੱਚ ਕਵੀਸ਼ਰੀ ਦਾ ਪਾਰਸ ਸੀ! ਕੋਈ ਉਸ ਨੂੰ ਰਾਮੂਵਾਲੀਆ ਕਵੀਸ਼ਰ ਕਹਿੰਦਾ, ਕੋਈ ਸ਼੍ਰੋਮਣੀ ਕਵੀਸ਼ਰ ਤੇ ਕੋਈ ਕਵੀਸ਼ਰਾਂ ਦਾ ਕਵੀਸ਼ਰ। ਕੋਈ ਕੱਚੇ ਦੁੱਧ ਦਾ ਕਟੋਰਾ, ਕੋਈ ਮੋਹ ਦਾ ਦਰਿਆ ਤੇ ਕੋਈ ਦਿਲਾਂ ਦਾ ਮਹਿਰਮ। ਉਹ ਕਵੀਸ਼ਰੀ ਦਾ ਬਾਬਾ ਬੋਹੜ ਸੀ। ਉਹਦੀ ਕਵੀਸ਼ਰੀ ਨੇ ਲੱਖਾਂ ਸਰੋਤਿਆਂ ਨੂੰ ਕੀਲੀ ਰੱਖਿਆ ਤੇ ਦੂਰ ਤਕ ਧੁੰਮਾਂ ਪਾਈ ਰੱਖੀਆਂ। ਉਸ ਨੇ ਸ਼ਾਇਰਾਂ ਦੀ ਜੁ਼ਬਾਨ `ਚ ਮਿਠਾਸ ਭਰਨ ਦੀ ਬੰਦਨਾ ਨਾਲ ਲੱਖਾਂ ਸਰੋਤਿਆਂ ਦੇ ਮਨਾਂ `ਚੋਂ ਕੁੜੱਤਣ ਦੂਰ ਕੀਤੀ। ਜਦੋਂ ਕਦੇ ਪੰਜਾਬੀ ਦੀ ਸਮੁੱਚੀ ਗਾਇਣ ਕਲਾ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿਚ ਪਾਰਸ ਤੇ ਉਹਦੇ ਜਥੇ ਦੇ ਗਾਇਣ ਦਾ ਸਥਾਨ ਮੁੰਦਰੀ `ਚ ਦਗਦਾ ਨਗ ਹੋਵੇਗਾ।
ਉਹ ਵੀ ਦਿਨ ਸਨ ਜਦੋਂ ਮੰਜੇ ਜੋੜ ਕੇ ਬੰਨ੍ਹੇ ਸਪੀਕਰਾਂ `ਚੋਂ ਕਵੀਸ਼ਰੀ ਗੂੰਜਦੀ ਸੀ: ਹੈ ਆਉਣ ਜਾਣ ਬਣਿਆ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ। ਇਸੇ ਤਰ੍ਹਾਂ ਦਾ ਛੰਦ ਸੀ: ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ। ਉਹਦੀ ਕਵੀਸ਼ਰੀ `ਚ ਅਜਬ ਜਾਦੂ ਸੀ ਜੋ ਸਰੋਤਿਆਂ ਦੇ ਸਿਰ ਚੜ੍ਹ ਬੋਲਦਾ ਸੀ। ਰਣਜੀਤ ਸਿੰਘ ਸਿਧਵਾਂ ਦੀ ਟੱਲੀ ਵਾਂਗ ਟਣਕਦੀ ਆਵਾਜ਼ ਸਰੋਤਿਆਂ ਦੇ ਦਿਲਾਂ `ਚ ਤਰੰਗਾਂ ਛੇੜਦੀ ਜਾਂਦੀ ਸੀ। ਉਹ ਦੋਹਰਾ ਲਾਉਂਦਾ ਸੀ: ਔੜ ਮੰਗੇ ਘੁਮਿਆਰ ਤੇ ਜੱਟ ਮੰਗੇ ਬਰਸਾਤ, ਮੰਗੇ ਚੰਨ ਚਕੋਰਨੀ, ਚੋਰ ਹਨ੍ਹੇਰੀ ਰਾਤ...। ਪਾਰਸ ਤੋੜਾ ਝਾੜਿਆ ਕਰਦਾ ਸੀ:
ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ, ਜਦੋਂ ਗੰਢ ਇਤਫ਼ਾਕ ਦੀ ਖੁੱਲ੍ਹ ਜਾਵੇ
ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿਚ ਡੁੱਲ੍ਹ ਜਾਵੇ
ਮਾਰਿਆਂ ਮੂਲ ਨਾ ਮੁਕਦੀ ਕੌਮ ਕੋਈ, ਢਹਿ-ਜੇ ਜਬਰ ਜਹਾਨ ਦਾ ਕੁੱਲ ਜਾਵੇ
ਪਾਰਸਾ ਮਿਟ ਜਾਂਦੀ ਕੱਚੇ ਰੰਗ ਵਾਗੂੰ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ
ਅਜਿਹੇ ਛੰਦ ਲਿਖਣ ਵਾਲਾ ਕਰਨੈਲ ਸਿੰਘ ਰਾਮੂਵਾਲੀਆ ਸੱਚੀਂਮੁੱਚੀਂ ਅਨਮੋਲ ਪਾਰਸ ਸੀ। ਜਸਵੰਤ ਸਿੰਘ ਕੰਵਲ ਦਾ ਕਹਿਣਾ ਸੀ, ਕਰਨੈਲ ਸਿੰਘ ਪਾਰਸ ਜਦੋਂ ਸਟੇਜ `ਤੇ ਆ ਜਾਂਦਾ ਤਾਂ ਪੰਡਾਲ ਦਾ ਸਾਰਾ ਰੌਲ਼ਾ-ਰੱਪਾ ਇਕ ਦਮ ਸ਼ਾਂਤ ਹੋ ਜਾਂਦਾ। ਉਹ ਜੋਧਾ ਬੁਲਾਰਾ ਸੀ। ਸਰਬੱਤ ਦੇ ਭਲੇ ਦਾ ਨਿਸ਼ਾਨਾ ਸਦਾ ਉਹਦੀ ਸੇਧ ਵਿਚ ਰਿਹਾ। ਗੁਰਸਿੱਖੀ ਤੇ ਸਾਇੰਸੀ ਵਿਚਾਰਧਾਰਾ ਨੂੰ ਉਸ ਨੇ ਬਰਾਬਰ ਪ੍ਰਚਾਰਿਆ।
ਹਰਭਜਨ ਮਾਨ ਕਹਿੰਦੈ, ਮੇਰੇ ਲਈ ਬਾਪੂ ਪਾਰਸ ਉਹ ਰਹਿਨੁਮਾ ਸਨ ਜਿਨ੍ਹਾਂ ਨੇ ਮੇਰੀ ਉਂਗਲ ਫੜ ਕੇ ਮੈਨੂੰ ‘ਕਾਕੇ’ ਤੋਂ ‘ਹਰਭਜਨ ਮਾਨ’ ਬਣਾਇਆ। ਬੱਬੂ ਮਾਨ ਆਖਦੈ, ਬਾਪੂ ਪਾਰਸ ਫੱਕਰ ਕਵੀ ਸੀ। ਬਹੁਤ ਲੋਕ ਆਏ, ਬਹੁਤ ਆਉਣਗੇ ਪਰ ਪਾਰਸ ਨਿਆਰਾ ਦਿਸੇਗਾ। ਗੁਰਪ੍ਰੀਤ ਘੁੱਗੀ ਅਨੁਸਾਰ, ਜੀਵਨ ਪੰਧ ਮੁਕਾ ਚੁੱਕਾ ਪਾਰਸ ਪੰਜਾਬੀ ਸਭਿਆਚਾਰ ਨੂੰ ਲੰਮੀਆਂ ਉਮਰਾਂ ਦੀਆਂ ਦੁਆਵਾਂ ਦੇ ਗਿਆ। ਦੇਵ ਥਰੀਕਿਆਂ ਵਾਲੇ ਨੇ ਕਿਹਾ, ਪਾਰਸ ਦੀ ਰਚਨਾ ਵਿਚ ਦਰਿਆਵਾਂ ਦੀ ਰਵਾਨੀ, ਦਿਲਾਂ ਨੂੰ ਧੂਹ ਪਾਉਂਦੀ ਹੂਕ, ਸੂਖਮਤਾ ਤੇ ਸਾਰੰਗੀ ਦੀ ਤਾਣ ਵਰਗਾ ਸੋਜ਼ ਸੀ। ਸੁਰਜੀਤ ਪਾਤਰ ਲਿਖਦੈ, ਕਵੀਆਂ ਕਵੀਸ਼ਰਾਂ ਦੇ ਮੁੱਖ `ਚੋਂ ਨਿਕਲੇ ਵਾਕ ਸੀਨਾ ਬਸੀਨਾ ਦੇਸ਼ ਕਾਲ ਦੇ ਪੈਂਡੇ ਤੈਅ ਕਰ ਜਾਂਦੇ ਨੇ। ਕਦੇ ਨਹੀਂ ਬੁਝਦੇ ਇਹ ਇਕੋ ਵਾਰ ਬਾਲ਼ੇ ਚਿਰਾਗ਼। ਇਹ ਝੱਖੜਾਂ ਤੂਫ਼ਾਨਾਂ ਵਿਚ ਵੀ ਮਨਾਂ ਦੀਆਂ ਮਮਟੀਆਂ ਉਤੇ ਜਗਦੇ ਰਹਿੰਦੇ ਨੇ!
ਮੈਂ ਪਾਰਸ ਹੋਰਾਂ ਦੀ ਕਵੀਸ਼ਰੀ ਪਹਿਲੀ ਵਾਰ 1948-49 ਵਿਚ ਸੁਣੀ ਸੀ। ਉਹ ਸਾਡੇ ਪਿੰਡ ਚਕਰ ਨਗਰ ਕੀਰਤਨ ਉਤੇ ਆਏ ਸਨ। ਉਦੋਂ ਦੀ ਸੁਣੀ ਕਵੀਸ਼ਰੀ ਮੈਨੂੰ ਪੌਣੀ ਸਦੀ ਵੀ ਯਾਦ ਹੈ: ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ `ਚ... ਲੱਗ ਜੇ ਸਭਾ `ਚ ਫੁੱਲਝੜੀ ਛੰਦਾਂ ਦੀ...। ਰਣਜੀਤ ਸਿੰਘ ਸਿੱਧਵਾਂ ਨੇ ਦੋਹਰਾ ਲਾਇਆ ਸੀ: ਕਰੇ ਜ਼ੁਲਮ ਜਾਂ ਜ਼ਾਲਮਾਂ ਧਰਤੀ ਹੋਈ ਲਚਾਰ, ਅੱਗੇ ਸਿਰਜਣਹਾਰ ਦੇ ਡਾਢੀ ਕਰੇ ਪੁਕਾਰ। ਫਿਰ ਵਾਰੀ ਨਾਲ ਰਣਜੀਤ ਸਿੰਘ `ਕੱਲਾ ਅਤੇ ਪਾਰਸ ਤੇ ਚੰਦ ਸਿੰਘ `ਕੱਠੇ ਗਾਉਂਦੇ ਰਹੇ।
ਪੰਜਾਬ ਦੀਆਂ ਗਾਇਣ ਸ਼ੈਲੀਆਂ ਵਿਚ ਕਵੀਸ਼ਰੀ ਦਾ ਸਿਰ ਕੱਢਵਾਂ ਮੁਕਾਮ ਰਿਹੈ। ਕਵੀਸ਼ਰੀ ਦੇ ਛੰਦਾਂ, ਪ੍ਰਸੰਗਾਂ, ਵਿਸਿ਼ਆਂ ਤੇ ਵੰਨਗੀਆਂ ਦਾ ਕੋਈ ਅੰਤ ਨਹੀਂ। ਵਿਚੇ ਰੁਮਾਂਸ, ਵਿਚੇ ਬੀਰਤਾ, ਗੁਰ ਸਿੱਖੀ, ਚੋਰ ਸਾਧ, ਹਾਸ ਵਿਅੰਗ ਤੇ ਵਿਚੇ ਸਮਾਜ ਸੁਧਾਰ। ਪਾਰਸ ਜਥਾ ਦਹੂਦ ਬਾਦਸ਼ਾਹ ਤੋਂ ਕੌਲਾਂ ਭਗਤਣੀ ਤਕ, ਆਜ਼ਾਦੀ ਦੇ ਸੱਚੇ ਆਸ਼ਕ ਤੋਂ ਜਾਨੀ ਚੋਰ ਤਕ, ਸਾਮਰਾਜ ਤੋਂ ਸਮਾਜਵਾਦ, ਵਹਿਮਾਂ ਭਰਮਾਂ ਤੋਂ ਤਰਕਵਾਦ ਤੇ ਹਿੰਦੂ ਮਿਥਿਹਾਸ ਤੋਂ ਸਿੱਖ ਇਤਿਹਾਸ ਤਕ ਸਭ ਥਾਈਂ ਗਾਉਂਦਾ ਰਿਹਾ। ਪਾਰਸ ਦਾ ਤਵਾ: ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ, ਵਰ੍ਹਿਆਂ-ਬੱਧੀ ਫਿਜ਼ਾਵਾਂ `ਚ ਗੂੰਜਦਾ ਰਿਹੈ। ਪੰਜਾਬ ਦੇ ਪਿੰਡਾਂ ਦਾ ਕੋਈ ਬਨੇਰਾ ਨਹੀਂ ਹੋਵੇਗਾ ਜਿਥੇ ਉਹਦੀਆਂ ਗੂੰਜਾਂ ਨਾ ਪਈਆਂ ਹੋਣ। ਉਸ ਤਵੇ ਦਾ ਦੂਜਾ ਪਾਸਾ ਸੀ-ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ:
ਫਲ ਟਹਿਣੀ ਲੱਗਣੇ ਨਾ, ਵਾਪਸ ਲਹਿਰਾਂ ਕਦੇ ਨਾ ਮੁੜੀਆਂ
`ਕੱਠ ਨਾਲ ਸਬੱਬਾਂ ਦੇ, ਬੇੜੀ ਪੂਰ ਤ੍ਰਿੰਜਣੀਂ ਕੁੜੀਆਂ
ਨੱਚ ਰਹੀਆਂ ਪੂਤਲੀਆਂ, ਜਗਤ ਮਦਾਰੀ ਵਾਲਾ ਖੇਲਾ
ਹੈ ਆਉਣ ਜਾਣ ਬਣਿਆ ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ...
ਪਾਰਸ ਨੇ ਪੰਜਾਹ ਸੱਠ ਕਿੱਸੇ ਤੇ ਪ੍ਰਸੰਗ ਰਚੇ। ਪੂਰਨ ਭਗਤ, ਕੌਲਾਂ ਭਗਤਣੀ, ਤਾਰਾ ਰਾਣੀ, ਸਰਵਣ ਪੁੱਤ, ਹੀਰ ਰਾਂਝਾ, ਨੇਤਾ ਜੀ ਸੁਭਾਸ਼ ਚੰਦਰ ਬੋਸ, ਬਿਧੀ ਚੰਦ ਦੇ ਘੋੜੇ, ਮੌਤ ਦਾ ਰਾਗ, ਰੂਪ ਬਸੰਤ, ਆਜ਼ਾਦੀ ਦਾ ਸੱਚਾ ਆਸ਼ਕ ਤੇ ਦਹੂਦ ਬਾਦਸ਼ਾਹ ਆਦਿ ਕਿੱਸੇ ਬੜੇ ਮਕਬੂਲ ਹੋਏ। ਦਹੂਦ ਬਾਦਸ਼ਾਹ ਦਾ ਕਿੱਸਾ ਪਾਰਸ ਨੇ ਮੋਗੇ ਦੇ ਕਿਸ਼ਨ ਸਿੰਘ ਹਮੀਰ ਸਿੰਘ ਨੂੰ ਚਾਹ ਦੀ ਬਾਟੀ ਬਦਲੇ ਪ੍ਰਕਾਸ਼ਤ ਕਰਨਾ ਦੇ ਦਿੱਤਾ। ਚਾਹ ਪੀਣ ਬਦਲੇ ਦਿੱਤਾ ਉਹ ਕਿੱਸਾ ਦੋ ਲੱਖ ਦੀ ਗਿਣਤੀ ਵਿਚ ਵਿਕਿਆ। ਉਸ ਦੇ ਸਾਰੇ ਕਿੱਸੇ ਤਾਂ ਦਸ ਲੱਖ ਤੋਂ ਵੀ ਵੱਧ ਵਿਕੇ ਹੋਣਗੇ। ਉਹਨਾਂ ਦੇ ਭਰਾਏ 22 ਤਵੇ ਵੀ ਲੱਖਾਂ ਦੀ ਗਿਣਤੀ ਵਿਚ ਵਿਕੇ। ਹਰਭਜਨ ਮਾਨ ਹੋਰਾਂ ਨੇ ਉਹਦੀ ਕਵੀਸ਼ਰੀ ਕੁਲ ਦੁਨੀਆ `ਚ ਪੁਚਾਈ। ਪਾਰਸ ਹੋਰਾਂ ਦੀਆਂ ਗਾਈਆਂ ਅਨੇਕ ਪੰਗਤੀਆਂ ਲੋਕਾਂ ਦੇ ਮੂੰਹ ਚੜ੍ਹੀਆਂ:
-ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ...
-ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ ...
-ਕਦੇ ਇਸ਼ਕ ਨੀ ਛੁਪਦਾ ਛੁਪਾਇਆ ਜੱਗ ਤੋਂ...
-ਗਈ ਥਲ ਵਿਚ ਭੁੜਥਾ ਹੋ ਸੱਸੀ ਪੁੰਨਣਾ ਪੁੰਨਣਾ ਕਰਦੀ...
-ਜੋਗੀ ਉੱਤਰ ਪਹਾੜੋਂ ਆਏ ਭਿੱਛਿਆ ਤੂੰ ਪਾ ਦੇ ਸੁੰਦਰਾਂ...
-ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ...
-ਦੱਸ ਬੋਲ ਜ਼ਬਾਨੋ ਨੀ, ਬੱਕੀਏ ਕਿਥੇ ਮਿਰਜ਼ਾ ਮੇਰਾ...
‘ਜੱਗ ਜੰਕਸ਼ਨ ਰੇਲਾਂ ਦਾ’ ਛੰਦ ਪਾਰਸ ਨੇ ਬਠਿੰਡੇ ਜੰਕਸ਼ਨ `ਤੇ ਰੇਲ ਗੱਡੀ ਉਡੀਕਦਿਆਂ ਜੋੜਿਆ ਸੀ। ਉਹ ਦੱਸਦਾ ਹੁੰਦਾ ਸੀ, `ਕੇਰਾਂ ਅਸੀਂ ਜਾਖਲ ਜਾਣ ਵਾਲੀ ਗੱਡੀ ਉਡੀਕ ਰਹੇ ਸੀ। ਗੱਡੀਆਂ ਆਈ ਜਾਂਦੀਆਂ ਤੇ ਜਾਈ ਜਾਂਦੀਆਂ। ਅਸੀਂ ਪਲੇਟਫਾਰਮ ਦੇ ਬੈਂਚ `ਤੇ ਬੈਠੇ ਸਾਂ ਕਿ ਇਕ ਗੱਡੀ ਸਾਡੇ ਸਾਹਮਣੇ ਆ ਰੁਕੀ। ਕੋਈ ਉਤਰਨ ਲੱਗਾ ਕੋਈ ਚੜ੍ਹਨ ਲੱਗਾ। ਇਕ ਲਾੜੇ ਨਾਲ ਉਹਦੀ ਸੱਜ ਮੁਕਲਾਈ ਉਤਰੀ ਤਾਂ ਉਹਦਾ ਚੂੜਾ ਛਣਕਿਆ। ਗੱਡੀ ਚੜ੍ਹਨ ਲੱਗੇ ਇਕ ਜਾਨੀ ਦੀ ਡੱਬ `ਚੋਂ ਬੋਤਲ ਡਿੱਗ ਪਈ। ਮਕਾਨ ਚੱਲੀ ਇਕ ਬੁੜ੍ਹੀ ਦਾ ਘੱਗਰਾ ਡਿੱਗ ਪਿਆ। ਗਾਰਡ ਨੇ ਝੰਡੀ ਹਿਲਾਈ ਤੇ ਵਿਸਲ ਮਾਰ ਦਿੱਤੀ। ਉਹਦਾ ਕਵੀ ਮਨ ਟੁੰਬਿਆ ਗਿਆ ਤੇ ਕਵੀਸ਼ਰੀ ਫੁਰ ਪਈ:
ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ...
ਘਰ ਨੂੰਹ ਨੇ ਸਾਂਭ ਲਿਆ, ਤੁਰਗੀ ਧੀ ਝਾੜ ਕੇ ਪੱਲੇ
ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਹੁੰਦੇ ਵਿਆਹ ਮੁਕਲਾਵੇ
ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ (ਚਲਦਾ)

26/11/2023

ਲਾਰਡਾਂ ਦੀ ਖੇਡ ਕ੍ਰਿਕਟ ਬਣੀ ਨਿਰੀ ਪੈਸੇ ਦੀ ਖੇਡ
ਪ੍ਰਿੰਸੀਪਲ ਸਰਵਣ ਸਿੰਘ
ਲਾਰਡਾਂ ਦਾ ਟਾਈਮ ਪਾਸ ਕਰਨ ਵਾਲੀ ਖੇਡ ਕ੍ਰਿਕਟ, ਨਿਰੀ ਪੈਸੇ ਦੀ ਖੇਡ ਬਣ ਗਈ ਹੈ। ਕ੍ਰਿਕਟ ਵਰਲਡ ਕੱਪ ਹੁਣ ਲੱਖਾਂ ਕਰੋੜਾਂ ਵਿਚ ਨਹੀਂ, ਅਰਬਾਂ ਖਰਬਾਂ `ਚ ਪੈ ਰਿਹੈ। ਕਾਰੋਬਾਰੀ ਬੰਦੇ ਕ੍ਰਿਕਟ `ਤੇ ਪੈਸੇ ਲਾਉਂਦੇ ਨੇ ਤੇ ਟੀਵੀ ਚੈਨਲਾਂ ਵਾਲੇ ਦਰਸ਼ਕਾਂ ਨੂੰ ਕ੍ਰਿਕਟ ਕਰੇਜ਼ੀ ਬਣਾਉਂਦੇ ਨੇ। ਕ੍ਰਿਕਟ ਦੇ ਅਡਿਕਟ। ਹਰ ਵੇਲੇ ਕ੍ਰਿਕਟ ਕ੍ਰਿਕਟ ਕ੍ਰਿਕਟ! ਉਂਜ ਤਾਂ ਕ੍ਰਿਕਟ ਦਾ ਤਾਪ ਥੋੜ੍ਹਾ ਬਹੁਤਾ ਚੜ੍ਹਿਆ ਹੀ ਰਹਿੰਦੈ ਪਰ ਵਰਲਡ ਕੱਪ ਦੇ ਦਿਨੀਂ ਇਹ ਭੱਠ ਵਾਂਗ ਤਪਣ ਲੱਗ ਪੈਂਦੈ। ਕਰੋੜਾਂ ਅਰਬਾਂ ਦਾ ਸੱਟਾ ਲੱਗਦੈ, ਸ਼ਰਤਾਂ ਲੱਗਦੀਐਂ ਤੇ ਅਰਬਾਂ ਖਰਬਾਂ ਰੁਪਏ ਏਧਰ ਓਧਰ ਹੁੰਦੇ ਨੇ। ਨਾਲ ਅਰਬਾਂ ਖਰਬਾਂ ਕੰਮ ਦੇ ਘੰਟੇ ਖਰਾਬ। ਕੰਮ ਦੀਆਂ ਦਿਹਾੜੀਆਂ ਦਾ ਅਜਾਈਂ ਮਰਨ। ਕੱਪ ਦੇ ਦਿਨੀਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਇਮਤਿਹਾਨਾਂ ਵੱਲੋਂ ਬੇਧਿਆਨੀ ਹੋ ਜਾਂਦੀ ਹੈ। ਕੱਪ ਮੁੱਕੇ ਤੋਂ ਜਿੱਤਾਂ ਦੇ ਜਸ਼ਨ ਤੇ ਹਾਰਾਂ ਦੇ ਸੋਗ ਮਨਾਏ ਜਾਂਦੇ ਨੇ। ਹਾਰ ਨਾ ਸਹਾਰਦਾ ਕੋਈ ਕ੍ਰਿਕਟ ਦਾ ਮਜਨੂੰ ਆਪਣਾ ਟੀਵੀ ਸੈੱਟ ਭੰਨ ਦਿੰਦੈ ਤੇ ਕੋਈ ਖ਼ੁਦਕਸ਼ੀ ਕਰ ਬਹਿੰਦੈ!
ਟੀਵੀ ਚੈਨਲਾਂ ਤੇ ਕਾਰੋਬਾਰੀਆਂ ਨੂੰ ਕ੍ਰਿਕਟ ਦੇ ਮੈਚ ਮੁਨਾਫ਼ਾ ਵੀ ਬੜਾ ਦਿੰਦੇ ਨੇ। ਇਹ ਕਿਹੜਾ ਹਾਕੀ, ਕਬੱਡੀ, ਬਾਸਕਟਬਾਲ, ਵਾਲੀਬਾਲ, ਹੈਂਡਬਾਲ ਜਾਂ ਫੁੱਟਬਾਲ ਦੇ ਮੈਚ ਨੇ ਜਿਹੜੇ ਘੰਟੇ ਡੇਢ ਘੰਟੇ `ਚ ਮੁੱਕ ਜਾਂਦੇ ਨੇ। ਉਨ੍ਹਾਂ ਮੈਚਾਂ ਦੀ ਖੇਡ ਵਿਚ ਖੜੋਤ ਨਹੀਂ ਹੁੰਦੀ। ਕ੍ਰਿਕਟ ਦੀ ਖੇਡ ਵਿਚ ਖੜੋਤ ਹੀ ਖੜੋਤ ਹੈ ਜਿਥੇ ਜਿੰਨੀਆਂ ਮਰਜ਼ੀ ਐਡਾਂ ਭਰ ਦਿੱਤੀਆਂ ਜਾਣ। ਇਹ ਹੈ ਲਾਰਡਾਂ ਦੀ ਖੇਡ ਨੂੰ ਆਮ ਲੋਕਾਂ ਦੇ ਸਿਰਾਂ `ਤੇ ਸਵਾਰ ਕਰਨ ਦਾ ਰਾਜ਼। ਕ੍ਰਿਕਟ ਰਾਹੀਂ ਕਾਲੇ ਧੰਦੇ ਦੇ ਮੁਨਾਫ਼ੇ ਨੇ ਕ੍ਰਿਕਟ ਖਿਡਾਰੀਆਂ ਦੀਆਂ ਜ਼ੇਬਾਂ ਵੀ ਭਰੀਆਂ ਨੇ ਤੇ ਸੱਟੇਬਾਜ਼ਾਂ ਦੇ ਵੀ ਵਾਰੇ ਨਿਆਰੇ ਕੀਤੇ ਨੇ!
ਕ੍ਰਿਕਟ ਜੋ ਕਦੇ ਸਿਰਫ਼ ਬਰਤਾਨੀਆ ਦੇ ਲਾਰਡਾਂ ਦੀ ਖੇਡ ਸੀ ਉਹ ਕਾਮਨਵੈੱਲਥ ਦੇਸ਼ਾਂ ਦੇ ਲੋਕਾਂ ਦੀ ਖੇਡ ਬਣ ਚੁੱਕੀ ਹੈ। ਓਲੰਪਿਕ ਖੇਡਾਂ `ਚ ਵਧੇਰੇ ਤਗਮੇ ਜਿੱਤਣ ਵਾਲੇ ਅਮਰੀਕਾ, ਚੀਨ, ਰੂਸ, ਜਪਾਨ, ਕੋਰੀਆ ਤੇ ਜਰਮਨੀ ਵਰਗੇ ਮੁਲਕਾਂ ਨੇ ਕ੍ਰਿਕਟ ਆਪਣੇ ਵਿਹੜੇ `ਚ ਨਹੀਂ ਵੜਨ ਦਿੱਤੀ। ਹੋਇਆ ਇੰਜ ਕਿ ਅੰਗਰੇਜ਼ ਲਾਰਡਾਂ ਨੇ ਜਿਨ੍ਹਾਂ ਮੁਲਕਾਂ `ਤੇ ਰਾਜ ਕੀਤਾ ਉਥੇ ਆਪਣਾ ਟਾਈਮ ਪਾਸ ਕਰਨ ਵਾਲੀ ਖੇਡ ਕ੍ਰਿਕਟ ਵੀ ਪੁਚਾ ਦਿੱਤੀ। ਕ੍ਰਿਕਟ ਵਰਗੀ ਲੰਮਾ ਸਮਾਂ ਲੈਣ ਵਾਲੀ ਖੇਡ ਵਿਹਲੜ ਲਾਰਡਾਂ ਦੇ ਅਨੁਕੂਲ ਸੀ। ਕੰਮੀਂ ਕਾਰੀਂ ਲੱਗੇ ਲੋਕਾਂ ਦੇ ਘੱਟ ਸਮਾਂ ਲੈਣ ਵਾਲੀਆਂ ਖੇਡਾਂ ਹੀ ਅਨੁਕੂਲ ਸਨ।
ਇੰਗਲੈਂਡ ਵਿਚ ਜਦ ਧੁੱਪ ਨਿਕਲਦੀ ਤਾਂ ਵਿਹਲੇ ਲਾਰਡ ਸਫੈਦ ਕਮੀਜ਼ਾਂ ਪਤਲੂਣਾਂ ਪਾ ਕੇ ਗੇਂਦ ਬੱਲੇ ਨਾਲ ਦਿਹਾੜੀਆਂ ਬੱਧੀ ਕ੍ਰਿਕਟ ਖੇਡੀ ਜਾਂਦੇ ਤੇ ਧੁੱਪ ਸੇਕੀ ਜਾਂਦੇ। ਜਦ ਉਹ ਹਿੰਦੋਸਤਾਨ ਵਿਚ ਆਏ ਤਾਂ ਉਨ੍ਹਾਂ ਨੇ ਇਥੋਂ ਦੇ ਰਈਸ ਆਪਣੇ ਨਾਲ ਖੇਡਣ ਲਾ ਲਏ। ਰਈਸਾਂ ਦੇ ਵੀ ਇਹ ਖੇਡ ਫਿੱਟ ਬੈਠਦੀ ਸੀ। ਨਵਾਬ ਤੇ ਰਾਜੇ ਮਹਾਰਾਜੇ ਵੀ ਕ੍ਰਿਕਟ ਖੇਡਣ ਲੱਗੇ। ਜਿਹੜਾ ਕੁਝ ਅਮੀਰ ਵਰਗ ਕਰਨ ਲੱਗ ਪਵੇ ਉਹਦੀ ਰੀਸ ਮੱਧ ਵਰਗ ਤੇ ਗਰੀਬ ਵਰਗ ਵੀ ਕਰਨ ਲੱਗ ਪੈਂਦੈ। ਆਮ ਲੋਕ ਕ੍ਰਿਕਟ ਮਗਰ ਇਸ ਤਰ੍ਹਾਂ ਹੀ ਲੱਗੇ ਨੇ। ਕ੍ਰਿਕਟ ਹਿੰਦ ਮਹਾਂਦੀਪ ਦੇ ਖੇਡ ਪ੍ਰੇਮੀਆਂ ਨੂੰ ਪਹਿਲੇ ਤੋੜ ਦੇ ਹਾੜੇ ਵਾਂਗ ਚੜ੍ਹੀ ਐ। ਕ੍ਰਿਕਟ ਦੇ ਵਰਲਡ ਕੱਪ ਦੌਰਾਨ ਤਾਂ ਹਿੰਦ ਮਹਾਂਦੀਪ ਦੇ ਵਾਸੀ ਸੱਚੀਂ ਨਸ਼ੱਈਆਂ ਵਾਂਗ ਵਿਚਰਦੇ ਹਨ। ਮੀਡੀਏ ਦਾ ਰੋਲ ਵੀ ਆਮ ਲੋਕਾਂ ਨੂੰ ਹੋਰ ਨਸ਼ੱਈ ਕਰਨ ਵਾਲਾ ਹੀ ਹੁੰਦੈ। ਖ਼ਾਸ ਕਰ ਕੇ ਇਲੈਕਟ੍ਰਾਂਨਿਕ ਮੀਡੀਏ ਦਾ।
ਆਈ ਸੀ ਸੀ ਕ੍ਰਿਕਟ ਵਰਲਡ ਕੱਪ 1975 ਤੋਂ 2023 ਤੱਕ 13 ਵਾਰ ਖੇਡਿਆ ਗਿਆ ਹੈ। 6 ਵਾਰ ਆਸਟ੍ਰੇਲੀਆ ਜੇਤੂ ਰਿਹਾ, 2 ਵਾਰ ਇੰਡੀਆ, 2 ਵਾਰ ਵੈੱਸਟ ਇੰਡੀਜ਼, 1 ਵਾਰ ਇੰਗਲੈਂਡ, 1 ਵਾਰ ਸ੍ਰੀ ਲੰਕਾ ਤੇ 1 ਵਾਰ ਪਾਕਿਸਤਾਨ। ਕੁਲ 20 ਦੇਸ਼ ਇਹ ਕੱਪ ਖੇਡੇ ਹਨ। ਆਸਟ੍ਰੇਲੀਆ ਨੇ ਕ੍ਰਿਕਟ ਕੱਪ 1987, 1999, 2003, 2007, 2015 ਤੇ 2023 ਵਿਚ ਜਿੱਤਿਆ ਹੈ। ਇੰਡੀਆ 1983 ਤੇ 2011 ਅਤੇ ਵੈੱਸਟ ਇੰਡੀਜ਼ 1975 ਤੇ 1979 ਵਿਚ ਜੇਤੂ ਰਹੇ ਹਨ। 1 ਵਾਰ ਇੰਗਲੈਂਡ, 1 ਵਾਰ ਸ੍ਰੀ ਲੰਕਾ ਤੇ 1 ਵਾਰ ਪਾਕਿਸਤਾਨ ਨੇ ਕੱਪ ਜਿੱਤਿਆ ਹੈ। ਕੁਲ 6 ਮੁਲਕ ਹੀ ਹਨ ਜਿਨ੍ਹਾਂ ਕੋਲ ਆਈ ਸੀ ਸੀ ਦੀ ਅਸਲੀ ਟਰਾਫੀ ਦਾ ਨਕਲੀ ਨਮੂਨਾ ਹੈ ਜਿਸ ਨੂੰ ਰੈਪਲੀਕਾ ਕਿਹਾ ਜਾਂਦੈ। ਨਕਲੀ ਨਮੂਨੇ `ਤੇ ਫਿਰ ਕੋਈ ਪੈਰ ਧਰ ਲਵੇ, ਹੱਥਾਂ `ਚ ਚੁੱਕ ਲਵੇ ਜਾਂ ਸਿਰ ਉਤੇ ਧਰੀ ਰੱਖੇ, ਕੋਈ ਫਰਕ ਨਹੀਂ ਪੈਂਦਾ। ਕੋਈ ਅਦਬ ਜਾਂ ਬੇਅਦਬੀ ਨਹੀਂ ਹੁੰਦੀ। ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਜੇ ਰਿਲੈਕਸ ਹੁੰਦਿਆਂ ਨਕਲੀ ਟਰਾਫੀ `ਤੇ ਪੈਰ ਰੱਖ ਲਿਆ ਤਾਂ ਕੋਈ ਲੋਹੜਾ ਨਹੀਂ ਆ ਗਿਆ! ਇਸ ਦੇ ਫਜ਼ੂਲ ਅਰਥ ਨਹੀਂ ਕੱਢੇ ਜਾਣੇ ਚਾਹੀਦੇ। ਹਾਂ ਜਿਹੜੇ ਟਰਾਫੀ ਜਿੱਤਣ ਲਈ ਵਿਖਾਵੇ ਦੇ ਕਰਮ-ਕਾਂਡਾਂ ਦਾ ਸਹਾਰਾ ਲੈਂਦੇ ਰਹੇ, ਉਨ੍ਹਾਂ ਨੂੰ ਜ਼ਰੂਰ ਫਰਕ ਪਿਆ ਹੋਊ। ਜਾਂ ਫਿਰ ਜਿਨ੍ਹਾਂ ਨੇ ਕੱਪ ਜਿੱਤਣ ਨਾਲ ਸਿਆਸੀ ਲਾਹੇ ਲੈਣੇ ਸਨ ਉਨ੍ਹਾਂ ਨੂੰ ਫਰਕ ਪਿਆ ਹੋਊ!
ਖੇਡ `ਚ ਹਾਰ-ਜਿੱਤ ਖੇਡ ਭਾਵਨਾ ਨਾਲ ਲੈਣੀ ਚਾਹੀਦੀ ਹੈ। ਜਿੱਤ ਜਾਣ `ਤੇ ਆਫਰਨਾ ਨੀ ਚਾਹੀਦਾ ਤੇ ਹਾਰ ਜਾਣ `ਤੇ ਢੇਰੀ ਨਹੀਂ ਢਾਹੁਣੀ ਚਾਹੀਦੀ ਹੈ। ਦੁਨੀਆ `ਚ ਦਰਜਨਾਂ ਖੇਡਾਂ ਦੇ ਵਰਲਡ ਕੱਪ ਹੁੰਦੇ ਹਨ। ਕੋਈ ਸਾਲ ਬਾਅਦ, ਕੋਈ ਦੋ ਸਾਲ ਤੇ ਕੋਈ ਚਾਰ ਸਾਲਾਂ ਬਾਅਦ। ਭਾਗ ਲੈ ਰਹੀਆਂ ਟੀਮਾਂ `ਚੋਂ ਜਿੱਤਣਾ ਕਿਸੇ ਇਕ ਨੇ ਹੀ ਹੁੰਦਾ। ਮੈਚਾਂ ਦੀਆਂ ਹਾਰਾਂ ਜਿੱਤਾਂ ਜੋੜ ਕੇ ਅਖ਼ੀਰ `ਚ ਸੂਚੀ ਬਣ ਜਾਂਦੀ ਹੈ ਕਿ ਕਿਹੜੀ ਟੀਮ ਕਿਹੜੇ ਸਥਾਨ `ਤੇ ਰਹੀ? 2023 ਦੇ ਕ੍ਰਿਕਟ ਕੱਪ ਵਿਚ ਆਸਟ੍ਰੇਲੀਆ ਦਾ ਪਹਿਲਾ ਸਥਾਨ ਹੈ, ਭਾਰਤ ਦਾ ਦੂਜਾ ਤੇ ਇੰਗਲੈਂਡ ਦਾ ਦਸਵਾਂ। 2017 ਦੇ ਵਰਲਡ ਕੱਪ ਵਿਚ ਇੰਗਲੈਂਡ ਪਹਿਲੇ ਸਥਾਨ `ਤੇ ਸੀ। ਪਿੱਟਣਾ ਤਾਂ ਉਸ ਨੂੰ ਚਾਹੀਦਾ ਸੀ ਪਰ ਪਿੱਟੀ ਭਾਰਤ ਜਾਂਦੈ! ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਭਾਰਤ ਕ੍ਰਿਕਟ ਦਾ ਏਨਾ ਲਾਈਲੱਗ ਕਿਉਂ ਹੈ? ਹਾਕੀ ਜਾਂ ਹੋਰਨਾਂ ਖੇਡਾਂ ਦਾ ਕਿਉਂ ਨਹੀਂ?
ਭਾਰਤ ਕੋਲ ਹਾਕੀ ਦੀ ਖੇਡ ਹੀ ਹੈ ਜਿਸ ਵਿਚ ਨੇ ਓਲੰਪਿਕ ਖੇਡਾਂ `ਚੋਂ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ। 1928 ਤੋਂ ਹਾਕੀ ਦੀ ਖੇਡ ਵਿਚ ਭਾਰਤ ਦਾ ਵਿਸ਼ੇਸ਼ ਸਥਾਨ ਰਿਹੈ। ਪਰ ਇਨਾਮਾਂ ਸਨਮਾਨਾਂ ਤੇ ਮਸ਼ਹੂਰੀ ਪੱਖੋਂ ਹਾਕੀ ਦੇ ਓਲੰਪਿਕ ਜੇਤੂ ਕ੍ਰਿਕਟ ਖਿਡਾਰੀਆਂ ਦੇ ਪਾ ਪਾਸਕ ਵੀ ਨਹੀਂ ਸਮਝੇ ਜਾ ਰਹੇ। ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਹੀ ਸਨਮਾਨਿਤ ਕੀਤਾ ਹੈ ਜਦ ਕਿ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਨਾਲ ਨਿਵਾਜਿਆ ਹੈ। ਉਹ ਲਾਰਡਾਂ ਦੀ ਖੇਡ ਕ੍ਰਿਕਟ ਜੁ ਖੇਡਦਾ ਹੋਇਆ!
ਕੁਝ ਸੁਆਲ ਮਨ `ਚ ਉਠਦੇ ਹਨ। ਕ੍ਰਿਕਟ ਦਾ ਵਰਲਡ ਕੱਪ ਭਾਰਤ ਨੇ ਦੋ ਵਾਰ ਜਿੱਤਿਆ ਹੈ ਤੇ ਕ੍ਰਿਕਟ ਦੀ ਆਈ ਪੀ ਐੱਲ ਵੀ ਕਰਾਈ ਜਾ ਰਿਹੈ। ਕੀ ਉਹ 140 ਕਰੋੜ ਭਾਰਤੀਆਂ ਦੀ ਜਨ ਸੰਖਿਆ ਨਾਲ 2024 ਦੀਆਂ ਪੈਰਿਸ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ `ਚੋਂ ਹਿੱਸੇ ਬਹਿੰਦੇ ਮੈਡਲ ਹਾਸਲ ਕਰ ਸਕੇਗਾ? ਕੀ ਬਰਾਬਰ ਦੇ ਗੁਆਂਢੀ ਦੇਸ਼ ਚੀਨ ਤੋਂ ਚੌਥਾ ਹਿੱਸਾ ਹੀ ਮੈਡਲ ਜਿੱਤ ਸਕੇਗਾ? ਕੀ ਹਮੇਸ਼ਾਂ ਪਛੜੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਹੀ ਮੁਕਾਬਲਾ ਕਰੀ ਜਾਵੇਗਾ! ਫੁੱਟਬਾਲ ਦਾ ਵਰਲਡ ਕੱਪ ਖੇਡਣ ਲਈ ਕਦੋਂ ਕੁਆਲੀਫਾਈ ਕਰੇਗਾ ਤੇ ਹਾਕੀ ਦਾ ਵਰਲਡ ਕੱਪ ਦੂਜੀ ਵਾਰ ਕਦੋਂ ਜਿੱਤੇਗਾ? ਹੋਰ ਕਿਹੜੀਆਂ ਖੇਡਾਂ ਨੇ ਜਿਨ੍ਹਾਂ `ਚ ਕੋਈ ਮਾਅਰਕਾ ਮਾਰੇਗਾ? ਪੰਜ ਸੱਤ ਨਹੀਂ, ਓਲੰਪਿਕ ਖੇਡਾਂ ਵਿਚ ਅਠਾਈ ਸਪੋਰਟਸ ਹਨ ਜਿਨ੍ਹਾਂ ਦੇ ਸੈਂਕੜੇ ਈਵੈਂਟਸ ਨੇ। ਭਾਰਤ ਕੋਲ ਕ੍ਰਿਕਟ ਲਈ ਤਾਂ ਅਰਬਾਂ ਖਰਬਾਂ ਰੁਪਏ ਹਨ, ਹੋਰਨਾਂ ਖੇਡਾਂ ਲਈ ਕਰੋੜਾਂ ਵੀ ਕਿਉਂ ਨਹੀਂ? ਇਹਦਾ ਕਾਰਨ ਕਿਤੇ ਕ੍ਰਿਕਟ ਦਾ ਲਾਰਡਾਂ ਦੀ ਮਹਿਬੂਬ ਖੇਡ, ਕ੍ਰਿਕਟ ਦੇ ਮਾਫੀਏ ਤੇ ਅੰਡਰ ਵਰਲਡ ਦੇ ਵੈੱਲੀਆਂ ਦੀ ਰਖੇਲ ਹੋਣਾ ਤਾਂ ਨਹੀਂ?
[email protected]

Photos from Principal Sarwan Singh's post 16/11/2023

5ਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ਮੌਕੇ
ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਦਾ ਮੁੱਖਬੰਦ
ਪ੍ਰਿੰਸੀਪਲ ਸਰਵਣ ਸਿੰਘ
ਨੋਟ: ਇਹ ਪੁਸਤਕ ਜਸਵੰਤ ਸਿੰਘ ਕੰਵਲ ਦੇ ਜਿਉਂਦੇ ਜੀਅ ਲਿਖੀ ਗਈ ਸੀ।
ਜਸਵੰਤ ਸਿੰਘ ਕੰਵਲ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲਾਂ ਤੋਂ ਲਿਖਦੇ ਰਹਿਣ ਤੇ ਸੌ ਸਾਲਾਂ ਤੋਂ ਵੱਧ ਜਿਉਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਉਹਦੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਇਹ ਤੱਥ ਸਭ ਮੰਨਦੇ ਹਨ ਕਿ ਉਸ ਨੇ ਸਭ ਤੋਂ ਵੱਧ ਪੰਜਾਬੀ ਪਾਠਕ ਪੈਦਾ ਕੀਤੇ। ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਸ ਦੀ ਵੱਡੀ ਦੇਣ ਹੈ। ਇਹ ਪੁਸਤਕ ਉਹਦੇ ਸ਼ਤਾਬਦੀ ਜਨਮ ਦਿਵਸ ਉਤੇ ਤੁੱਛ ਭੇਟਾ ਹੈ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਹੈ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿੱਚ ਝੂੰਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਉਪਭਾਵਕ। ਉਹਦੇ ਰੁਮਾਂਚਿਕ ਰਉਂ `ਚ ਲਿਖੇ ਵਾਕ ਸਿੱਧੇ ਦਿਲਾਂ `ਤੇ ਵਾਰ ਕਰਦੇ ਹਨ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨਾਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਉਹਦੀ ਪ੍ਰੀਤ ਭਿੱਜੀ ਰੁਮਾਂਚਿਕ ਸ਼ੈਲੀ ਨੇ ਲੱਖਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਦੀ ਪੱਟੀ ਢੁੱਡੀਕੇ ਆ ਬੈਠੀ ਸੀ।
ਪੁਸਤਕ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜਵਾਨੀ ਵਿੱਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਨਿਤਾਰੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮੱਰਥਣ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖ਼ੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਐ।
9 ਦਸੰਬਰ 2018 ਨੂੰ ਮੈਂ ਉਹਨੂੰ ਮਿਲਣ ਗਿਆ ਤਾਂ ਉਹ ਚੜ੍ਹਦੀ ਕਲਾ `ਚ ਮਿਲਿਆ। ਸਰੀਰ ਭਾਵੇਂ ਕੁੱਝ ਝੰਵਿਆਂ ਲੱਗਾ ਪਰ ‘ਮੈਂ ਕਾਇਮ ਹਾਂ’ ਦੇ ਬੋਲ ਗੜ੍ਹਕਵੇਂ ਲੱਗੇ। ਪੜ੍ਹਨ ਲਿਖਣ ਵਾਲੇ ਕਮਰੇ ਵਿੱਚ ਉਹਦੀਆਂ ਫੋਟੋਆਂ ਵਿਚਕਾਰ ਡਾ. ਜਸਵੰਤ ਗਿੱਲ ਦੀ ਫੋਟੋ ਵੀ ਲੱਗੀ ਹੋਈ ਸੀ। ਕੋਠੀ ਉਵੇਂ ਹੀ ਸੀ ਪਰ ਡਾ. ਜਸਵੰਤ ਗਿੱਲ ਦੀ ਜੀ ਆਇਆਂ ਕਹਿਣ ਵਾਲੀ ਮੁਸਕਰਾਹਟ ਉਥੇ ਨਹੀਂ ਸੀ।
ਉਹਦੀ ਸਿਹਤ ਹਾਲੇ ਠੀਕ ਠਾਕ ਹੈ। ਦਿਸਦਾ ਸਾਫ ਹੈ ਪਰ ਸੁਣਦਾ ਉੱਚਾ। ਕੋਈ ਹਾਲ ਚਾਲ ਪੁੱਛੇ ਤਾਂ ਆਖਦੈ, “ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
5 ਜਨਵਰੀ 2019 ਨੂੰ ਮੈਂ ਫਿਰ ਮਿਲਣ ਗਿਆ ਤਾਂ ਉਹ ਇਹੋ ਸ਼ਿਅਰ ਦੁਹਰਾਈ ਗਿਆ:
ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ
ਤੁਮ ਜੋ ਆਏ ਤੋ ਮੰਜ਼ਲੇਂ ਲਾਏਂ …
ਰਾਤ ਮੈਂ ਉਹਦੇ ਕੋਲ ਰਿਹਾ। ਸਵੇਰੇ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇੱਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ `ਚ ਪਾ ਲਿਆ। ਉਸ ਉਤੇ ਲਿਖੀ ਪਹਿਲੀ ਸਤਰ ਹੈ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਹੈ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਹੈ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਹਨ ਜਿਨ੍ਹਾਂ ਦਾ ਇੱਕ ਦੂਜੀ ਨਾਲ ਕੋਈ ਤਾਲ ਮੇਲ ਨਹੀਂ।
ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਸ ਦੀ ਹੀਰ, ਸੂਫੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਆਦ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਦਸਵੀਂ `ਚ ਅੜ ਗਿਆ ਸੀ ਪਰ ਲਿਖਣ `ਚ ਏਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।
ਉਸ ਨੇ ਢੁੱਡੀਕੇ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਵਾਲਿਆਂ `ਚ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿੱਚ ਲਿਖਣ ਅਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ `ਚ ਖਚਤ ਹੋਣ ਤੋਂ ਬਚਾਇਆ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟ੍ਰੱਸਟ ਢੁੱਡੀਕੇ ਤਾਂ ਹੈ ਹੀ ਉਹਦਾ, ਜਿਸ ਨੇ ਸੌ ਦੇ ਕਰੀਬ ਲੇਖਕਾਂ ਨੂੰ ਅਵਾਰਡ ਦਿੱਤੇ। ਉਹ ਹੋਰ ਵੀ ਬਹੁਤ ਕੁੱਝ ਹੈ ਜੋ ਇਸ ਪੁਸਤਕ ਵਿਚੋਂ ਪੜ੍ਹਿਆ ਜਾ ਸਕਦੈ।
ਧੰਨਵਾਦੀ ਹਾਂ ਪੀਪਲਜ਼ ਫੌਰਮ ਬਰਗਾੜੀ ਦਾ, ਜਿਸ ਨੇ ਇਹ ਪੁਸਤਕ ਲਿਖਵਾਈ ਤੇ ਪ੍ਰਕਾਸ਼ਿਤ ਕੀਤੀ। ਬਾਈ ਕੰਵਲ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਸ਼ੁਭ ਦੁਆਵਾਂ!
-ਸਰਵਣ ਸਿੰਘ, ਜੂਨ, 2019, ਬਰੈਂਪਟਨ, ਕੈਨੇਡਾ
ਨੋਟ: ਇਹ ਪੁਸਤਕ ਕੰਵਲ ਦੇ ਸ਼ਤਾਬਦੀ ਜਨਮ ਦਿਵਸ `ਤੇ ਪਹਿਲੇ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ `ਚ ਰਿਲੀਜ਼ ਹੋਈ ਸੀ। ਕੰਵਲ ਦਾ ਜਨਮ 27 ਜੂਨ 1919 ਨੂੰ ਢੁੱਡੀਕੇ ਵਿਖੇ ਹੋਇਆ ਤੇ ਦੇਹਾਂਤ 1 ਫਰਵਰੀ 2020 ਨੂੰ ਢੁੱਡੀਕੇ ਵਿਖੇ ਹੀ ਹੋਇਆ। 17 ਤੋਂ 19 ਨਵੰਬਰ 2023 ਤਕ ਢੁੱਡੀਕੇ ਵਿਖੇ ਹੋ ਰਹੇ 5ਵੇਂ ਪੂਰਨਮਾਸ਼ੀ ਪੰਜਾਬੀ ਜੋੜ ਮੇਲੇ `ਚ ਪਧਾਰਨ ਦਾ ਸਭਨਾਂ ਨੂੰ ਖੁੱਲ੍ਹਾ ਸੱਦਾ ਹੈ। ਪਾਠਕ ਅਕਸਰ ਪੁਸਤਕ ਬਾਰੇ ਪੁੱਛਦੇ ਰਹਿੰਦੇ ਹਨ। ਪੁਸਤਕ ਪ੍ਰਾਪਤ ਕਰਨ ਲਈ ਪ੍ਰਕਾਸ਼ਕ ਦਾ ਫੋਨ 98729-89313 ਹੈ।
[email protected]

Videos (show all)

ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਢੁੱਡੀਕੇਪ੍ਰਿੰ. ਸਰਵਣ ਸਿੰਘ28 ਅਕਤੂਬਰ ਤੋਂ 1 ਨਵੰਬਰ ਤਕ ਢੁੱਡੀਕੇ ਦੇ ਸਰਕਾਰੀ ਕਾਲਜ ਵਿਚ ਪੂਰਨਮਾਸ਼ੀ ਪੰਜਾਬੀ ਜੋ...

Website