NRI SOCH is a daily Punjabi News source, Operating from Canada. Providing daily news updates on Punjab and Canadian politics to all the NRI's.
‘ਐੱਨ ਆਰ ਆਈ ਸੋਚ’ ਦਾ ਨਿਮਾਣਾ ਜਿਹਾ ਉੱਦਮ
ਮਨੁੱਖਾਂ ਦਾ ਇੱਕ ਥਾਂ ਤੋਂ ਦੂਸਰੀ ਵੱਲ ਪਰਵਾਸ ਓਦੋਂ ਵੀ ਹੁੰਦਾ ਸੀ, ਜਦੋਂ ਇਹ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਹਾਲੇ ਬਸਤੀਆਂ ਬਣਾ ਕੇ ਸ਼ਹਿਰੀ ਜਿ਼ਦਗੀ ਦਾ ਮੁੱਢ ਨਹੀਂ ਸੀ ਬੱਝ ਸਕਿਆ। ਓਦੋਂ ਵਰਗੀਆਂ ਲੋੜਾਂ ਨਾ ਸਹੀ, ਅਜੋਕੇ ਦੌਰ ਵਿੱਚ ਵੀ ਬਹੁਤ ਸਾਰੀਆਂ ਲੋੜਾਂ ਹਨ, ਜਿਨ੍ਹਾਂ ਕਰ ਕੇ ਲੋਕ ਇੱਕ ਤੋਂ ਦੂਸਰੀ ਥਾਂ ਵੱਲ ਜਾਂ ਇੱਕ ਦੇਸ਼ ਤੋਂ ਦੂਸਰੇ ਨੂੰ ਜਾਂਦੇ ਅਤੇ ਵਸੇਬਾ ਕਰਦੇ ਹਨ। ਅਸੀਂ ਵੀ ਇਸ ਪ੍ਰਕਿਰਿਆ ਦਾ ਅੰਗ ਬਣ ਕੇ ਕੈਨੇਡਾ ਤੱਕ ਪਹੁੰਚੇ ਹਾਂ
। ਸਾਡੇ ਤੋਂ ਪਿੱਛੋਂ ਵੀ ਕਈਆਂ ਨੇ ਆਉਣਾ ਹੈ। ਪੰਜਾਬੀ ਬੋਲੀ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਬੰਦਾ ਭਾਵੇਂ ਪਿੰਡ ਵਿੱਚੋਂ ਨਿਕਲ ਜਾਵੇ, ਪਿੰਡ ਉਸ ਵਿੱਚੋਂ ਕਦੇ ਨਹੀਂ ਨਿਕਲਦਾ। ਸਾਡਾ ਵੀ ਪੰਜਾਬ ਤੇ ਭਾਰਤ ਨਾਲ ਇਹੋ ਰਿਸ਼ਤਾ ਹੈ। ਬਾਹਰ ਆ ਕੇ ਵੀ ਜਦੋਂ ਸਾਨੂੰ ਕੋਈ ਸਾਡੇ ਦੇਸ਼ ਜਾਂ ਪੰਜਾਬ ਦਾ ਮਿਲਦਾ ਹੈ ਤਾਂ ਇੱਕ ਚਾਅ ਜਿਹਾ ਹੁੰਦਾ ਹੈ। ਸਾਡੀ ਇਸੇ ਪਹੁੰਚ ਦੇ ਕਾਰਨ ਕੈਨੇਡਾ, ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ ਜਾਂ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੱਸ ਜਾਣ ਤੇ ਓਥੋਂ ਦੀ ਨਾਗਰਿਕਤਾ ਲੈ ਲੈਣ ਪਿੱਛੋਂ ਵੀ ਭਾਰਤ ਵਿੱਚ ਸਾਨੂੰ ਪਰਵਾਸੀ ਭਾਰਤੀ (ਭਾਰਤ ਤੋਂ ਪਰਾਏ ਦੇਸ਼ ਵੱਲ ਨੂੰ ਗਿਆ ਹੋਇਆ) ਜਾਂ ਐਨ ਆਰ ਆਈ (ਨਾਨ ਰੈਜ਼ੀਡੈਂਟ ਇੰਡੀਅਨ) ਕਹਿ ਕੇ ਦੋਵਾਂ ਹਾਲਤਾਂ ਵਿੱਚ ਭਾਰਤੀ ਮੰਨਿਆ ਜਾਂਦਾ ਹੈ।
ਅਸੀਂ ਐਨ ਆਰ ਆਈ ਆਪਣੇ ਵਤਨ ਤੋਂ ਏਨੀ ਦੂਰ ਆ ਕੇ ਵੀ ਓਥੋਂ ਦੀ ਖੈਰ ਮੰਗਦੇ ਤੇ ਓਥੋਂ ਦੇ ਹਾਲਾਤ ਦੇ ਬਾਰੇ ਜਾਣਨ ਦੀ ਇੱਛਾ ਰੱਖਦੇ ਹਾਂ। ਸਾਡੀ ਇਸ ਇੱਛਾ ਵਿੱਚ ਕਈ ਨੇਕ ਖਾਹਿਸ਼ਾਂ ਵੀ ਦੱਬੀਆਂ ਹੁੰਦੀਆਂ ਹਨ। ਨੇਕ ਸੋਚ ਵਾਲੇ ਸਾਡੇ ਕੁਝ ਸੱਜਣਾਂ, ਭਰਾਵਾਂ ਅਤੇ ਭੈਣਾਂ ਦੀ ਇਸੇ ਇੱਛਾ ਕਾਰਨ ਅਸੀਂ ‘ਐੱਨ ਆਰ ਆਈ ਸੋਚ’ ਦਾ ਉੱਦਮ ਸ਼ੁਰੂ ਕਰਨ ਦੀ ਸਲਾਹ ਬਣਾਈ ਹੈ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਸਾਡੇ ਤੋਂ ਪਹਿਲਾਂ ਕੋਈ ਇਹ ਕੰਮ ਕਰ ਨਹੀਂ ਰਿਹਾ, ਸਗੋਂ ਸੱਚੀ ਗੱਲ ਇਹੋ ਹੈ ਕਿ ਬਹੁਤ ਸਾਰੇ ਹੋਰ ਵੀ ਇਹੋ ਕੰਮ ਕਰਦੇ ਰਹੇ ਸਨ, ਅਤੇ ਕਰ ਰਹੇ ਹਨ। ਹਰ ਕਿਸੇ ਦਾ ਆਪਣਾ ਢੰਗ ਤੇ ਆਪਣੀ ਪਹੁੰਚ ਹੁੰਦੀ ਹੈ। ਸਾਡੀ ਵੀ ਇੱਕ ਪਹੁੰਚ ਅਤੇ ਸੋਚ ਹੈ, ਇਸ ਲਈ ਅਸੀਂ ਇਸ ਉੱਦਮ ਲਈ ਆਪਣੇ ਲੋਕਾਂ, ਮਿੱਤਰਾਂ ਤੇ ਸਨੇਹੀਆਂ ਦਾ ਆਸ਼ੀਰਵਾਦ ਮੰਗਿਆ ਹੈ, ਜਿਸ ਦਾ ਹਰ ਪਾਸੇ ਤੋਂ ਹੁੰਗਾਰਾ ਭਰਿਆ ਗਿਆ ਹੈ। ਜਿਨ੍ਹਾਂ ਨੇ ਸਾਨੂੰ ਇਸ ਕੰਮ ਲਈ ਆਸ਼ੀਰਵਾਦ ਤੇ ਸ਼ੁਭ ਇੱਛਾਵਾਂ ਦਿੱਤੀਆਂ ਹਨ, ਉਨ੍ਹਾਂ ਦੇ ਅਸੀਂ ਰਿਣੀ ਹਾਂ।
‘ਐੱਨ ਆਰ ਆਈ ਸੋਚ’ ਦੇ ਇਸ ਉੱਦਮ ਦੀ ਜਦੋਂ ਸ਼ੁਰੂਆਤ ਕਰਨੀ ਸੀ ਤਾਂ ਅਸੀਂ ਕਦੀ ਦਿਨਾਂ ਬਾਰੇ ਸੋਚਦੇ ਰਹੇ ਤੇ ਅੰਤ ਵਿੱਚ ਸਾਡੀ ਸੋਚ ਇੱਕ ਜੁਲਾਈ ਦੇ ਦਿਨ ਉੱਤੇ ਆ ਕੇ ਟਿਕ ਗਈ। ਇਸ ਪਿੱਛੇ ਕੁਝ ਖਾਸ ਕਾਰਨ ਹਨ। ਪਹਿਲਾ ਤਾਂ ਇਹ ਕਿ ਅਸੀਂ ਜਿਸ ਦੇਸ਼ ਵਿੱਚੋਂ ਇਸ ਨੂੰ ਚਲਾਉਣਾ ਹੈ, ਉਹ ਕੈਨੇਡਾ ਹੈ ਅਤੇ ਪਹਿਲੀ ਜੁਲਾਈ ਦਾ ਦਿਨ ਕੈਨੇਡਾ ਲਈ ਖਾਸ ਅਰਥ ਰੱਖਦਾ ਹੈ ਅਤੇ ‘ਕੈਨੇਡਾ ਡੇਅ’ ਵਜੋਂ ਮਨਾਇਆ ਜਾਂਦਾ ਹੈ। ਦੂਸਰਾ ਕਾਰਨ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਸੰਸਾਰ ਭਰ ਵਿੱਚ ਕੁਝ ਖਾਸ ਦਿਨ ਰੱਖੇ ਗਏ ਹਨ ਤੇ ਪਹਿਲੀ ਜੁਲਾਈ ਦਾ ਦਿਨ ਉਨ੍ਹਾਂ ਲੋਕਾਂ ਲਈ ਖਾਸ ਹੈ, ਜਿਨ੍ਹਾਂ ਨੂੰ ਫੌਰੀ ਮਦਦ ਦੀ ਲੋੜ ਪੈ ਗਈ ਹੋਵੇ। ਜਰਮਨੀ ਦੇ ਸਰਕਾਰੀ ਰੇਡੀਓ ਨੇ ਸਭ ਤੋਂ ਪਹਿਲਾਂ ‘ਮੋਰਸ ਕੋਡ ਡਿਸਟ੍ਰੈੱਸ ਸਿਗਨਲ’ ਦੀ ਸ਼ੁਰੂਆਤ ਕੀਤੀ ਸੀ ਅਤੇ 1908 ਵਿੱਚ ਪਹਿਲੀ ਜੁਲਾਈ ਦੇ ਦਿਨ ਇਸ ਕੋਡ ਨੂੰ ‘ਇੰਟਰਨੈਸ਼ਨਲ ਡਿਸਟ੍ਰੈੱਸ ਸਿਗਨਲ’ ਵਜੋਂ ਪ੍ਰਵਾਨ ਕਰ ਕੇ ਲਾਗੂ ਕੀਤਾ ਗਿਆ ਸੀ। ਬਹੁਤੇ ਲੋਕ ਇਸ ਨੂੰ ‘ਐੱਸ ਓ ਐੱਸ’ ਵਜੋਂ ਜਾਣਦੇ ਹਨ। ਸਭ ਤੋਂ ਵੱਧ ਜਿਸ ਗੱਲ ਨੇ ਸਾਨੂੰ ਪਹਿਲੀ ਜੁਲਾਈ ਦਾ ਦਿਨ ਚੁਣਨ ਲਈ ਪ੍ਰੇਰਤ ਕੀਤਾ, ਉਹ ਅੱਜ ਦੇ ਸੰਸਾਰ ਦੀ ਅਮਨ ਦੀ ਲੋੜ ਹੈ। ਇੱਕ ਸਮਾਂ ਇਹੋ ਜਿਹਾ ਸੀ ਕਿ ਸੰਸਾਰ ਭਰ ਵਿੱਚ ਠੰਢੀ ਜੰਗ ਦੇ ਕਾਰਨ ਮਨੁੱਖਤਾ ਤਬਾਹੀ ਦੇ ਨੇੜੇ ਸਮਝੀ ਜਾਣ ਲੱਗੀ ਸੀ। ਅਮਰੀਕਾ ਤੇ ਉਸ ਦੇ ਸਾਥੀ ਦੇਸ਼ ਇੱਕ ਪਾਸੇ ਸਨ ਤੇ ਕਮਿਊਨਿਸਟ ਰੂਸ ਦੀ ਅਗਵਾਈ ਵਾਲਾ ਬਲਾਕ ਦੂਸਰੇ ਪਾਸੇ। ਦੋਵੇਂ ਐਟਮੀ ਤਾਕਤਾਂ ਸਨ। ਇਸ ਖਤਰੇ ਨੂੰ ਟਾਲਣ ਲਈ ਸੰਸਾਰ ਪੱਧਰ ਉੱਤੇ ਜਿਹੜੇ ਯਤਨ ਹੋਏ ਤੇ ਫਿਰ ਐਟਮੀ ਹਥਿਆਰਾਂ ਦਾ ਪਸਾਰਾ ਰੋਕਣ ਲਈ ਇੱਕ ਐਨ ਪੀ ਟੀ (ਨਾਨ ਪ੍ਰੋਲਿਫਰੇਸ਼ਨ ਟਰੀਟੀ) ਉੱਤੇ ਅਮਰੀਕਾ ਅਤੇ ਰੂਸ ਸਮੇਤ 62 ਦੇਸ਼ਾਂ ਨੇ ਦਸਖਤ ਕੀਤੇ, ਉਹ ਏਸੇ ਦਿਨ ਕੀਤੇ ਗਏ ਸਨ। ਅਮਨ ਕਾਇਮ ਕਰਨ ਵਾਸਤੇ ਸੰਸਾਰ ਪੱਧਰ ਦਾ ਇਹ ਪਹਿਲਾ ਠੋਸ ਕਦਮ ਸੀ। ਸੰਸਾਰ ਵਿੱਚ ਹੁਣ ਵੀ ਹਰ ਪਾਸੇ ਇਹ ਗੱਲ ਕਹੀ ਜਾਂਦੀ ਹੈ ਕਿ ਮਨੁੱਖ ਦੀ ਸੁੱਖ ਯਕੀਨੀ ਤਦੇ ਬਣ ਸਕਦੀ ਹੈ, ਜੇ ਐਟਮ ਬੰਬਾਂ ਦੇ ਖਤਰੇ ਤੋਂ ਇਸ ਨੂੰ ਬਚਾਇਆ ਜਾਵੇ। ਇਸ ਸੁਲੱਖਣੇ ਦਿਨ ਸਾਡੇ ਵੱਲੋਂ ਨਵੇਂ ਉੱਦਮ ਦੀ ਸ਼ੁਰੂਆਤ ਪਿੱਛੇ ਵੀ ਇਹੋ ਭਾਵਨਾ ਹੈ।
ਅਸੀਂ ਇਹ ਉੱਦਮ ਸ਼ੁਰੂ ਕਰਨ ਵੇਲੇ ਆਪਣੇ ਲੋਕਾਂ ਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਜਿਨ੍ਹਾਂ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਨਾਲ ਅਸੀਂ ਇਹ ਕੰਮ ਸ਼ੁਰੂ ਕਰਨ ਲੱਗੇ ਹਾਂ, ਅਸੀਂ ਉਨ੍ਹਾਂ ਦੇ ਸਤਿਕਾਰ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਸਤਿਕਾਰ ਦਾ ਵੀ ਖਿਆਲ ਰੱਖ ਕੇ ਕਦਮ ਪੁੱਟਾਂਗੇ। ਸਾਡੀ ਨੀਤੀ ਹਰ ਕਿਸੇ ਧਰਮ ਅਤੇ ਸੋਚ ਦੇ ਲਈ ਸਹਿਣਸ਼ੀਲਤਾ ਦੀ ਹੋਵੇਗੀ ਤੇ ਕਿਸੇ ਤਰ੍ਹਾਂ ਦੀ ਧਾਰਮਿਕ ਪੱਖ ਤੋਂ ਭੜਕਾਊ ਹਰਕਤ ਤੋਂ ਪਰੇ ਰਹਾਂਗੇ। ਖਬਰਾਂ ਦੇਣ ਦੇ ਵਕਤ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿ ਖਬਰ ਨੂੰ ਖਬਰ ਹੀ ਰੱਖਿਆ ਜਾਵੇ, ਕਿਸੇ ਦੀ ਪੱਗ ਉਛਾਲਣ ਲਈ ਨਾ ਵਰਤਿਆ ਜਾਵੇ। ਸੱਭਿਆਚਾਰ ਅਸੀਂ ਪੰਜਾਬ ਦਾ ਵੀ ਪੇਸ਼ ਕਰਾਂਗੇ, ਪਰ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਐੱਨ ਆਰ ਆਈਜ਼ ਦੀ ਅਗਲੀ ਪੀੜ੍ਹੀ ਵਿੱਚ ਓਥੋਂ ਦੇ ਸੱਭਿਆਚਾਰ ਵੱਲ ਵੀ ਬੜੀ ਖਿੱਚ ਹੈ। ਅਸੀਂ ਉਨ੍ਹਾਂ ਸੱਭਿਆਚਾਰਾਂ ਦੇ ਚੰਗੇ ਪੱਖਾਂ ਦੀ ਖਿੱਚ ਦਾ ਵੀ ਚੇਤਾ ਰੱਖ ਕੇ ਚੱਲਾਂਗੇ। ਇਹ ਕੰਮ ਅਸੀਂ ਇੱਕ ਸੇਵਾ ਦੀ ਭਾਵਨਾ ਮੁੱਖ ਰੱਖ ਕੇ ਹੀ ਕਰਾਂਗੇ।
ਕਿਉਂਕਿ ਸਾਡਾ ਨਿਸ਼ਾਨਾ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਹੈ, ਇਸ ਲਈ ਅਸੀਂ ਕੁਝ ਨਵਾਂ ਸ਼ੁਰੂ ਕਰਨ ਦੀ ਕੋਸਿ਼ਸ਼ ਵੀ ਕਰਨੀ ਚਾਹੁੰਦੇ ਹਾਂ। ਸਾਡਾ ਮੁੱਖ ਮਕਸਦ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਰੋਜ਼ ਦੀਆਂ ਤਾਜ਼ਾ ਸੂਚਨਾਵਾਂ ਪੁਚਾਉਣ ਦਾ ਤਾਂ ਹੈ ਹੀ, ਇਸ ਤੋਂ ਅੱਗੇ ਕੁਝ ਗੱਲਾਂ ਵਿੱਚ ਉਨ੍ਹਾਂ ਲਈ ਰਾਹ ਦਿਖਾਉਣ ਦਾ ਵੀ ਹੈ, ਤਾਂ ਕਿ ਇੰਟਰਨੈੱਟ ਦੇ ਯੁੱਗ ਵਿੱਚ ਕੁਝ ਕੰਮ ਉਹ ਖੁਦ ਕਰ ਸਕਣ। ਮਿਸਾਲ ਵਜੋਂ ਆਪਣੇ ਪਿੰਡ ਬਾਰੇ ਕੋਈ ਖਾਸ ਸੂਚਨਾ ਚਾਹੀਦੀ ਹੈ ਜਾਂ ਪੰਜਾਬ ਸਰਕਾਰ ਦੇ ਕਿਸੇ ਵਿਭਾਗ ਨਾਲ ਕੰਮ ਹੈ, ਪਰ ਇਸ ਦਾ ਸੰਪਰਕ ਸੂਤਰ ਪਤਾ ਨਹੀਂ ਤਾਂ ਅਸੀਂ ਇਹੋ ਜਿਹੇ ਕੁਝ ਜ਼ਰੂਰੀ ਵਿਭਾਗਾਂ ਦੀਆਂ ਵੈੱਬਸਾਈਟਸ ਦੇ ਐਡਰੈੱਸ ਵੀ ਦਰਜ ਕਰ ਦਿਆਂਗੇ, ਤਾਂ ਕਿ ਤੁਸੀਂ ਕੋਈ ਆਸਰਾ ਲੱਭਣ ਦੀ ਥਾਂ ਸਿੱਧਾ ਸੰਪਰਕ ਕਰ ਸਕੋ। ਇਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੋਵੇਗੀ। ਭਾਰਤ ਤੇ ਪੰਜਾਬ ਸਰਕਾਰ ਨੇ ਕਈ ਵਿਭਾਗ ਇਹੋ ਜਿਹੇ ਕੰਮਾਂ ਲਈ ਮਿਥੇ ਹੋਏ ਹਨ, ਉਨ੍ਹਾਂ ਨਾਲ ਹਰ ਕੋਈ ਸੰਪਰਕ ਕਰ ਸਕਦਾ ਹੈ।
ਇਹ ਉੱਦਮ ਸ਼ੁਰੂ ਕਰਨ ਵੇਲੇ ਅਸੀਂ ਇਹ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਕਿ ਕੰਮ ਭਾਵੇਂ ਸਾਡੀ ਟੀਮ ਕਰੇਗੀ, ਪਰ ਅਸਲ ਵਿੱਚ ਇਸ ਸਾਰੇ ਕੁਝ ਦੇ ਮਾਲਕ ਸਾਡੇ ਐਨ ਆਰ ਆਈ ਭਰਾ ਅਤੇ ਭੈਣਾਂ ਹੋਣਗੇ, ਜਿਹੜੇ ਹਰ ਮੋੜ ਉੱਤੇ ਸਾਡੀ ਅਗਵਾਈ ਕਰਦੇ ਰਹਿਣਗੇ ਤੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਜਵਾਬਦੇਹ ਹੋਵਾਂਗੇ। ਸਾਨੂੰ ਆਸ ਹੈ ਕਿ ਸਾਡੇ ਆਪਣੇ ਲੋਕਾਂ ਦਾ ਉਤਸ਼ਾਹ ਭਰਨ ਵਾਲਾ ਹੁੰਗਾਰਾ ਸਾਨੂੰ ਲਗਾਤਾਰ ਏਸੇ ਤਰ੍ਹਾਂ ਮਿਲਦਾ ਰਹੇਗਾ।