Khalsa college for women ludhiana, hostelers only
This page is for all the lovely students of KCW especially hostellers. Live videos where we mesmerize those times.
ਅੱਛਾ ਥੋੜੇ ਦਿਨ ਪਹਿਲਾਂ ਕਿਸੇ ਵੀਰ ਨੇ ਇੱਕ ਲਿਖਤ ਲਿਖੀ ਸੀ ਜਿਹਦੇ ਵਿੱਚ ਕੋਈ ਵੀ ਬੰਦਾ ਵਿਦੇਸ਼ਾਂ ਦੇ ਵਿੱਚ ਆਪਣੇ ਨਾਲ ਕਿਹੜਾ ਕਿਹੜਾ ਕਲਚਰ ਲੈ ਕੇ ਜਾਂਦਾ ਹੈ ਉਹਦੇ ਬਾਬਤ ਸੀ। ਇਹ ਖਿਆਲ ਬਹੁਤ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਸੀ। ਅਸੀਂ ਇੰਡੀਆ ਤੋਂ ਆਉਣ ਲੱਗੇ ਕੱਲਾ ਸਮਾਨ ਹੀ ਨਹੀਂ ਲੈ ਕੇ ਆਉਂਦੇ.... ਬਲਕਿ ਮਾੜੀਆਂ ਆਦਤਾਂ ਨਾਲ ਹੀ ਲੈ ਆਉਦੇ ਆ.... ਸਾਰੀ ਉਮਰ ਅਸੀਂ ਉਸ ਹਉਮੈ ਦਾ ਭਾਰ ਚੱਕੀ ਫਿਰਦੇ ਆਂ ਕਿ ਸਿਰਫ ਮੈਂ ਹੀ ਠੀਕ ਹਾਂ। ਇੰਡੀਆ ਬੈਠੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਰਗਰ ਪੀਜੇ ਤੇ ਹੋਰ ਬੰਨ ਸਵੰਨੇ ਖਾਣਿਆਂ ਬਾਰੇ ਸੋਚ ਕੇ ਹੀ ਮੂੰਹ ਚ ਲਾਲਾਂ ਲੈ ਆਉਣ ਵਾਲੇ ਲੋਕ... ਛੇਤੀ ਇੱਥੇ ਆ ਕੇ ਹਾਰੇ ਦੀ ਦਾਲ, ਚੁੱਲੇ ਦੀਆਂ ਰੋਟੀਆਂ , ਕਾੜਨੀ ਦਾ ਦੁੱਧ, ਚਾਟੀ ਦੀ ਲੱਸੀ, ਕੂੰਡੇ ਦੀ ਚਟਣੀ ਅਤੇ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਬਾਰੇ ਓਦਰ ਜਾਂਦੇ ਹਨ।
ਜਦੋਂ ਸਾਨੂੰ ਨਵੇਂ ਕੰਮ ਦੇ ਉੱਤੇ ਭਰਤੀ ਕੀਤਾ ਜਾਂਦਾ ਹੈ ਤਾਂ ਸਾਨੂੰ ਸਿਰਫ ਕੱਲਾ ਉਥੋਂ ਦਾ ਕੰਮ ਨਹੀਂ ਸਿਖਾਇਆ ਜਾਂਦਾ ਬਲਕਿ ਉਸ ਕੰਮ ਦਾ ਕਲਚਰ ਸਿਖਾਇਆ ਜਾਂਦਾ ਹੈ।
ਜਿਵੇਂ ਕਿ ਕਸਟਮਰ ਸਰਵਿਸ ਵਾਲੀਆਂ ਜੋਬਾਂ ਦੇ ਵਿੱਚ ਹੱਥ ਮੂਹਰੇ ਬੰਨ ਕੇ ਖੜੀਦਾ ਹੈ..... ਆਏ ਗਏ ਨੂੰ ਪੁੱਛੀਦਾ ਹੈ ਸਿਰ ਨਿਵਾਈ ਦਾ ਹੈ। ਇਹਨਾਂ ਕੰਮਾਂ ਦੇ ਉੱਤੇ ਤੁਸੀਂ ਹੱਥ ਪਿੱਛੇ ਬੰਨ ਕੇ ਨਹੀਂ ਖੜ ਸਕਦੇ ਇਸ ਚੀਜ਼ ਨੂੰ ਮਾੜਾ ਮੰਨਿਆ ਜਾਂਦਾ ਹੈ.
ਢਾਕਾਂ ਤੇ ਹੱਥ ਰੱਖ ਕੇ ਖੜਨਾ, ਕੱਛਾਂ ਚ ਹੱਥ ਦੇ ਕੇ ਖੜਨਾ ਜਾਂ ਜੇਬ ਵਿੱਚ ਹੱਥ ਪਾ ਕੇ ਖੜਨਾ ਇੱਕ ਅਥੋਰਟੀ ਵਾਲੀ ਜੋਬ ਦੀ ਨਿਸ਼ਾਨੀ ਹੈ। ਪੁਲਿਸ ਵਾਲਿਆਂ ਨੂੰ ਇਦਾਂ ਖੜਨਾ ਸਿਖਾਇਆ ਜਾਂਦਾ ਹੈ।
ਜਦੋਂ ਕੋਈ ਬੰਦਾ ਤੁਹਾਡੇ ਨਾਲ ਗੱਲ ਕਰੇ ਤਾਂ ਉਹਦੀਆਂ ਅੱਖਾਂ ਚ ਦੇਖੋ ਨਾ ਕਿ ਇਧਰ ਉਧਰ, ਨੌ ਚੱਬਣੇ ਜਾਂ ਕੰਨ ਚ ਉਂਗਲ ਮਾਰਨੀ ਜਾਂ ਮੂੰਹ ਚ ਉਗਲ ਪਾਉਣੀ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਅਗਲੇ ਦੀ ਗੱਲ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਇਹ ਘਟਨਾ ਮੈਨੂੰ ਅੱਜ ਇੱਕ ਬਜ਼ੁਰਗ ਨੂੰ ਦੇਖ ਕੇ ਯਾਦ ਆਈ ਜਦੋਂ ਮੈਂ ਗਰੋਸਰੀ ਕਰਕੇ ਵਾਪਿਸ ਆ ਰਹੀ ਸੀ। ਮੈਂ ਪੰਜਾਬੀ ਸਟੋਰ ਦੇ ਵਿੱਚੋਂ ਬਾਹਰ ਆ ਰਹੀ ਸੀ ਤੇ ਆਪਣੀ ਕਾਰ ਦੀ ਡਿੱਗੀ ਦੇ ਵਿੱਚ ਸਮਾਨ ਰੱਖਣ ਲਈ ਅੱਗੇ ਵਧ ਰਹੀ ਸੀ ਅਤੇ ਇਹ ਬਜ਼ੁਰਗ ਮੇਰੇ ਸਾਹਮਣੇ ਆਪਣੀ ਗੱਡੀ ਦੇ ਵਿੱਚੋਂ ਉਤਰਿਆ..... ਇਹਨੇ ਸ਼ਰਟ ਅਤੇ ਪੈਂਟ ਪਾਈ ਹੋਈ ਸੀ ਤੇ ਨਾਲ ਪੱਗ ਬੰਨੀ ਹੋਈ ਸੀ ਪਰ ਦਾੜੀ ਤੇ ਮੁੱਛਾਂ ਚੰਗੀ ਤਰ੍ਹਾਂ ਕਟਾਈਆਂ ਹੋਈਆਂ ਸਨ.... ਮੁੱਛਾਂ ਕੁੰਢੀਆਂ ਕਰਾਈਆਂ ਹੋਈਆਂ ਸਨ..... ਮੋਢੇ ਦੇ ਉੱਤੇ ਇੱਕ ਤੌਲੀਆ ਇਦਾਂ ਰੱਖਿਆ ਹੋਇਆ ਸੀ ਜਿਵੇਂ ਬੱਸਾਂ ਦੇ ਵਿੱਚ ਕੰਡਕਟਰਾਂ ਨੇ ਸਾਫਾ ਰੱਖਿਆ ਹੁੰਦਾ..... ਚਾਦਰਾ ਅਤੇ ਖੁੱਸਾ ਸ਼ਾਇਦ ਇਹ ਬਜ਼ੁਰਗ ਬਰਫ ਪਈ ਹੋਣ ਕਰਕੇ ਨਹੀਂ ਲਾ ਸਕਿਆ...... ਗੱਡੀ ਚੋਂ ਉਤਰਣ ਸਾਰ ਇਹਨੇ ਚਾਰ ਪੰਜ ਵਾਰ ਆਪਣੀਆਂ ਕੁੰਢੀਆਂ ਮੁੱਛਾਂ ਤੇ ਹੱਥ ਫੇਰਿਆ।
ਮੈਂ ਬਦੋਬਦੀ ਆਪਣਾ ਹਾਸਾ ਰੁਕਿਆ ਤੇ ਸ਼ੁਕਰ ਕੀਤਾ ਕਿ ਹੁਣ ਇਹ ਇੱਕ ਪੰਜਾਬੀਆਂ ਦੇ ਪਲਾਜ਼ੇ ਦੇ ਵਿੱਚ ਖੜਾ ਹੈ..... ਗੋਰਿਆਂ ਦੇ ਪਲਾਜ਼ੇ ਦੇ ਵਿੱਚ ਸ਼ਾਇਦ ਹੁਣ ਤੱਕ ਇਹ ਫੈਂਟਿਆ ਜਾ ਚੁੱਕਿਆ ਹੋਣਾ ਸੀ.... ਕਿਉਂਕਿ ਦਾੜੀ ਤੇ ਹੱਥ ਫੇਰਨਾ ਅਤੇ ਮੁੱਛਾਂ ਤੇ ਹੱਥ ਫੇਰਨਾ ਦੂਜੇ ਬੰਦੇ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਣਾ ਹੈ ਅਤੇ ਦੂਜੇ ਬੰਦੇ ਨੂੰ ਵੰਗਾਰਨਾ ਹੈ।
ਇੱਕ ਵਾਰ ਬੀਅਰ ਕਰੀਕ ਪਾਰਕ ਸਰੀ ਵਿਖੇ ਸਾਡਾ ਇੱਕ ਬਜ਼ੁਰਗ ਗੋਰੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਨੂੰ ਬਾਅਦ ਦੇ ਵਿੱਚ ਨਸਲਵਾਦ ਦਾ ਨਾਂ ਦੇ ਦਿੱਤਾ ਗਿਆ..... ਜਦੋਂ ਗੋਰੇ ਨੂੰ ਪੁਲਿਸ ਨੇ ਫੜਿਆ ਤਾਂ ਗੋਰੇ ਨੇ ਦੱਸਿਆ ਕਿ ਇਹਨੇ ਮੈਨੂੰ ਤੇ ਮੇਰੀ ਗਰਲ ਫਰੈਂਡ ਨੂੰ ਦੇਖ ਕੇ ਮੁੱਛਾਂ ਤੇ ਤਾਅ ਚਾੜਿਆ ਸੀ..... ਅਤੇ ਫਿਰ ਮੈਂ ਇਹਨੂੰ ਦੱਸ ਦਿੱਤਾ ਕਿ ਸਾਡੇ ਦੋਨਾਂ ਵਿੱਚੋਂ ਤਕੜਾ ਕੌਣ ਹੈ..... ਬਜ਼ੁਰਗ ਦੁਹਾਈਆਂ ਦਿੰਦਾ ਰਹਿ ਗਿਆ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਹ ਮੈਨੂੰ ਮੁੱਛਾਂ ਨੂੰ ਤਾਅ ਦਿੰਦੇ ਨੂੰ ਦੇਖ ਰਿਹਾ ਹੈ।
ਸੋ ਕਈ ਆਦਤਾਂ ਸਾਨੂੰ ਦੇਸ ਅਤੇ ਕਲਚਰ ਦੇ ਅਨੁਸਾਰ.... ਅਤੇ ਕਈ ਆਦਤਾਂ ਸਾਨੂੰ ਉਮਰ ਦੇ ਅਨੁਸਾਰ ਬਦਲ ਲੈਣੀਆਂ ਚਾਹੀਦੀਆਂ ਨੇ।
ਧੰਨਵਾਦ
ਪੁਨੀਤ ਕੌਰ
ਮਾਰਕੀਟਿੰਗ
ਇਹ ਇੱਕ ਅਜਿਹਾ ਸ਼ਬਦ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਤਾਂ ਬਹੁਤ ਦੇਰ ਬਾਅਦ ਸਮਝ ਚ ਆਇਆ.... ਪਰ ਗੋਰੇ ਕਦੋਂ ਦੇ ਇਸ ਚੀਜ਼ ਨੂੰ ਵਰਤ ਕੇ ਸਾਡਾ ਫਾਇਦਾ ਉਠਾ ਕੇ ਚਲੇ ਗਏ। ਕੱਲ ਸੁਰਜੀਤ ਸਿੰਘ ਜੀ ਨੇ ਜਿਹੜੀ ਇੱਕ ਪੋਸਟ ਪਾਈ, ਉਹ ਸਾਨੂੰ ਸਭ ਨੂੰ ਹਲੂਣਾ ਦੇਣ ਵਾਲੀ ਹੈ। ਕਿੱਦਾਂ ਜਦੋਂ ਇੱਕ ਗਲਤ ਚੀਜ਼ ਦੀ ਮਾਰਕੀਟਿੰਗ ਬਾਰੀ ਵਾਰੀ ਹੋਈ ਜਾਂਦੀ ਹੈ ਤਾਂ ਉਹ ਹੌਲੀ ਹੌਲੀ ਸਾਡੇ ਦਿਮਾਗ ਦੇ ਵਿੱਚ ਆਮ ਗੱਲ ਬਣਨ ਲੱਗ ਜਾਂਦੀ ਹੈ। ਜਿਵੇਂ ਵਾਰੀ ਵਾਰੀ ਝੂਠ ਸੁਣ ਕੇ ਸੱਚ ਲੱਗਣ ਲੱਗ ਜਾਂਦਾ ਹੈ..... ਉਸੇ ਤਰ੍ਹਾਂ ਇਹ ਬਾਹਰਲੇ ਦੇਸ਼ਾਂ ਦੀਆਂ ਖੋਖੀਆਂ ਗੱਲਾਂ ਸੁਣ ਸੁਣ ਕੇ ਸਾਨੂੰ ਉਥੋਂ ਦੀਆਂ ਤਰੀਫਾਂ ਲੱਗਣ ਲੱਗ ਜਾਂਦੀਆਂ ਹਨ।
ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਕਹਿ ਦਿੰਦੇ ਨੇ ਕਿ ਗੋਰੇ ਤਾਂ ਕਦੇ ਘਰ ਬਣਾਉਂਦੇ ਹੀ ਨਹੀਂ, ਗੋਰੇ ਤਾਂ ਕਦੇ ਪੈਸਾ ਜੋੜਦੇ ਹੀ ਨਹੀਂ, ਗੋਰੇ ਗਾਹਾਂ ਔਲਾਦ ਨੂੰ ਪੈਸਾ ਦਿੰਦੇ ਹੀ ਨਹੀਂ, ਗੋਰੇ ਜੀਹਦੇ ਨਾਲ ਮਰਜ਼ੀ ਵਿਆਹ ਕਰਾ ਲੈਣ..... ਇਹ ਸਭ ਝੂਠ ਹੈ।
ਬੈਂਕਾਂ ਦੀ ਕਾਢ, ਇੰਸ਼ੋਰੈਂਸ ਦੀ ਕਾਡ, ਵੱਡੇ ਬਿਜ਼ਨਸ ਅਤੇ ਅੱਗੋਂ ਉਹਨਾਂ ਦੀਆਂ ਫਰੈਂਚਾਇਜਸ ਖੋਲਣੀਆਂ ਇਹ ਸਭ ਗੋਰਿਆਂ ਦਾ ਹੀ ਤਾਂ ਕਮਾਲ ਸੀ. ਜੇ ਇਹਨਾਂ ਨੂੰ ਪੈਸਾ ਬਣਾਉਣ ਜਾਂ ਪੈਸਾ ਅੱਗੇ ਬੱਚਿਆਂ ਨੂੰ ਦੇਣ ਦੀ ਹੋੜ ਹੁੰਦੀ ਹੋਈ ਨਾ ਤਾਂ ਇਹ ਸਾਰੇ ਕੰਮ ਇਥੇ ਹੋਣੇ ਹੀ ਨਹੀਂ ਸਨ। ਡੋਰਥੀ ਦੇ ਸਾਰੇ ਹੀ ਪਰਿਵਾਰ ਕੋਲ ਤਿੰਨ ਤਿੰਨ ਘਰ ਸਨ। ਉਹ ਛੇ ਮਹੀਨੇ ਬੀਸੀ ਰਹਿੰਦੇ ਸਨ, ਤਿੰਨ ਮਹੀਨੇ ਅਲਬਰਟਾ ਅਤੇ ਤਿੰਨ ਮਹੀਨੇ ਅਮਰੀਕਾ।
ਜਿਹੜੇ ਚੰਗੇ ਸੰਸਕਾਰੀ ਲੋਕ ਹਨ ਉਹ ਸਾਰੇ ਕਿਤੇ ਇੱਕੋ ਜਿਹੇ ਹੀ ਹਨ। ਚੰਗੇ ਗੋਰੇ ਗੋਰੀਆਂ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਕਿਉਂਕਿ ਮੈਂ ਕੋਈ ਜਾਤੀ ਸੂਚਕ ਸ਼ਬਦ ਵਰਤ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ..... ਜਿੱਦਾਂ ਸਾਡੇ ਪੰਜਾਬ ਦੇ ਵਿੱਚ ਚੰਗੇ ਸਰਦਾਰੀ ਘਰ ਹਨ.... ਖਾਨਦਾਨੀ ਘਰ ਹਨ... ਉਸੇ ਤਰ੍ਹਾਂ ਇਹ ਗੋਰੇ ਵੀ ਉਸੇ ਤਰ੍ਹਾਂ ਦੇ ਹੀ ਇਨਸਾਨ ਹਨ। ਪਹਿਲੀਆਂ ਦੇ ਵਿੱਚ ਸਾਡੇ ਬਜ਼ੁਰਗ ਖਾਨਦਾਨ ਦੇਖ ਕੇ ਰਿਸ਼ਤੇ ਤੈਅ ਕਰ ਦਿੰਦੇ ਸਨ। ਕਿਉਂਕਿ ਪਤਾ ਹੁੰਦਾ ਸੀ ਕਿ ਬੰਦਾ ਥਿੜਕ ਸਕਦਾ ਹੈ ਪਰ ਆਪਣੇ ਖਾਨਦਾਨ ਦੀ ਤਾਂ ਮਾੜੀ ਮੋਟੀ ਇੱਜਤ ਰੱਖੇਗਾ ਹੀ।
ਬਹੁਤੇ ਜਰਮਨ ਲੋਕ, ਇੰਗਲਿਸ਼ ਜਾਨੀ ਕਿ ਇੰਗਲੈਂਡ ਵਾਲੇ ਲੋਕ, ਸਕਾਟਿਸ਼ ਲੋਕ, ਇਟਾਲੀਅਨ ਲੋਕ.... ਬਹੁਤ ਹੀ ਜਿਆਦੇ ਆਪਣਾ ਮਾਣ ਸਤਿਕਾਰ ਬਣਾ ਕੇ ਰੱਖਣ ਵਾਲੇ ਲੋਕ ਹਨ। ਮੇਰੇ ਨਾਲ ਇੱਕ ਇਟਾਲੀਅਨ ਭੈਣ ਭਰਾ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀ.... ਉਸ ਮੁੰਡੇ ਨੇ ਸਾਡੇ ਹੀ ਕੰਮ ਦੇ ਉੱਤੇ ਇੱਕ ਗਰਲ ਫਰੈਂਡ ਬਣਾ ਲਈ.... ਅਤੇ ਉਸ ਦੀ ਭੈਣ ਨੇ ਕਿਹਾ ਕਿ ਮੇਰੇ ਮਾਂ ਪਿਓ ਨੇ ਇਹਨੂੰ ਸਖਤ ਹਦਾਇਤ ਕਰ ਦਿੱਤੀ ਹੈ ਕਿ ਇਹ ਤੇਰੀ ਪਹਿਲੀ ਤੇ ਆਖਰੀ ਗਰਲਫਰੈਂਡ ਹੋਵੇ..... ਬਹੁਤੇ ਚੰਗੇ ਖਾਨਦਾਨਾਂ ਦੇ ਵਿੱਚ ਹਮਸਫਰ ਬਦਲਣ ਦੀ ਇਜਾਜ਼ਤ ਨਹੀਂ ਹੈ.... ਮਾਂ ਪਿਓ ਆਪਣੇ ਬੱਚੇ ਦੇ ਹਮਸਫਰ ਨੂੰ ਚੰਗੀ ਤਰ੍ਹਾਂ ਟੋਹ ਕੇ ਦੇਖਦੇ ਹਨ.... ਕਈ ਬਾਗੀ ਹੋ ਕੇ ਨਿਕਲ ਜਾਂਦੇ ਹਨ..... ਪਰ ਉਹੀ ਬਾਗੀ ਲੋਕਾਂ ਨੂੰ ਅਸੀਂ ਮਸ਼ਹੂਰ ਕਰ ਦਿੱਤਾ ਹੈ। ਅਤੇ ਘਰਦਿਆਂ ਦੇ ਅਨੁਸਾਰ ਚੱਲਣ ਵਾਲੇ ਬੱਚਿਆਂ ਨੂੰ ਅਸੀਂ ਮਾਂ ਦੇ ਪੱਲੂ ਨਾਲ ਵੱਜੇ ਹੋਏ ਮੁੰਡਿਆਂ ਦੇ ਨਾਂ ਦੇ ਨਾਲ ਨਿਵਾਜ ਦਿੱਤਾ ਹੈ।
ਸਾਡੀ ਨੌਜਵਾਨ ਪੀੜੀ ਦਾ ਕਿੰਨਾ ਕ ਬੇੜਾ ਗਰਕ ਹੋਇਆ ਹੈ ਇਹ ਹੁਣ ਤੱਕ ਮੈਂ ਜਾਂ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਜਾਂ ਸੁਣਿਆ ਸੀ। ਪਰ ਪਿਛਲੇ ਹਫਤੇ ਹੀ ਮੈਨੂੰ ਇੱਕ ਅਜਿਹਾ ਪਰਿਵਾਰ ਦੇਖਣ ਨੂੰ ਮਿਲਿਆ.... ਕਿੱਡੇ ਕਿੱਡੇ ਹੌਸਲੇ ਹੋ ਗਏ ਹਨ ਕੁੜੀਆਂ ਦੇ.... ਹੈਰਾਨੀ ਆਉਂਦੀ ਹੈ. ਇਸ ਕੁੜੀ ਦੀ ਉਮਰ ਹਲੇ ਸਿਰਫ ਇੱਕ 21 ਸਾਲ ਹੈ ਅਤੇ ਇੰਡੀਆ ਤੋਂ ਆਈ ਨੂੰ ਦੋ ਸਾਲ ਹੋਏ ਹਨ। ਸਭ ਤੋਂ ਪਹਿਲਾਂ ਉਹਨੇ ਇੱਥੇ ਆ ਕੇ ਹਮਸਫਰ ਲੱਭਣ ਦਾ ਕੰਮ ਕੀਤਾ.... ਪੜ੍ਹਾਈ ਪੜੋਈ ਜਾਵੇ ਖੂਹ ਚ ਉਹ ਤਾਂ ਹੁੰਦੀ ਰਹਿਣੀ ਆ। ਪਹਿਲਾਂ ਤਾਂ ਮੈਨੂੰ ਇਹ ਨਾ ਸਮਝ ਆਵੇ ਕਿ ਘਰ ਚ ਚੱਲ ਕੀ ਰਿਹਾ ਹੈ..... ਉਹ ਕੁੜੀ ਨੂੰ ਸਾਲ ਹੋ ਗਿਆ ਸੀ ਉਸ ਮੁੰਡੇ ਦੇ ਨਾਲ ਰਹਿੰਦੀ ਨੂੰ.... ਤੇ ਹੁਣ ਮਾਂ ਪਿਓ ਨੇ ਸਮਾਜ ਦੇ ਮੂਹਰੇ ਪੜਦਾ ਪਾਉਣ ਦੇ ਮਾਰਿਆ ਨੇ ਉਹਨਾਂ ਦਾ ਰੋਕਾ ਕਰਨ ਦੀ ਸੋਚੀ..... ਮੁੰਡੇ ਦੀ ਮਾਂ ਆਈ ਹੋਈ ਸੀ ਘਰੇ ਤੇ ਕੁੜੀ ਦਾ ਪਿਓ ਅਤੇ ਬਾਕੀ ਰਿਸ਼ਤੇਦਾਰਾਂ ਨੇ ਰੋਕ ਕੇ ਤੇ ਅਗਲੇ ਦਿਨ ਆਉਣਾ ਸੀ। ਨਾ ਘਰੇ ਕੋਈ ਚਾਅ ਸੀ ਤੇ ਨਾ ਹੀ ਉਹਨਾਂ ਦੀਆਂ ਸ਼ਕਲਾਂ ਦੇ ਉੱਤੇ ਕੋਈ ਖੁਸ਼ੀ..... ਅਤੇ ਮੈਨੂੰ ਬਾਅਦ ਦੇ ਵਿੱਚੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸ਼ਕਲਾਂ ਇਦਾਂ ਹੋਣ ਦਾ ਕਾਰਨ ਤਾਂ ਸੀ ਕਿ ਬੱਚਿਆਂ ਨੇ ਧੱਕੇ ਨਾਲ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ ਸੀ। ਮਾਂ ਨੂੰ ਘਰ ਬਾਰ ਸਾਂਭਣ ਵਾਲੀ ਕੁੜੀ ਚਾਹੀਦੀ ਸੀ ਤੇ ਇਸ ਕੁੜੀ ਨੂੰ ਉੱਕਾ ਹੀ ਸਲੀਕੇ ਦਾ ਪਤਾ ਨਹੀਂ ਸੀ।
ਨਾ ਉੱਥੇ ਕੋਈ ਪਿਓ ਦੀ ਸ਼ਰਮ ਸੀ ਨਾ ਉੱਥੇ ਕੋਈ ਸੱਸ ਵਾਲੀ ਹੋਰ ਗੱਲ..... ਬਲਕਿ ਕੁੜੀ ਦਾ ਪਿਓ ਸ਼ਰਮਿੰਦਾ ਹੁੰਦਾ ਫਿਰਦਾ ਸੀ।
ਇਸੇ ਤਰ੍ਹਾਂ ਮੇਰੇ ਨਾਲ ਦੀ ਇੱਕ ਹੋਰ ਕੁੜੀ ਹੁਣ ਇੰਡੀਆ ਲੋਕਾਂ ਨੂੰ ਦਿਖਾਉਣ ਵਾਸਤੇ ਵਿਆਹ ਕਰਾਉਣ ਗਈ ਹੋਈ ਹੈ। ਜਦ ਕਿ ਮੁੰਡੇ ਨਾਲ ਰਹਿੰਦੀ ਨੂੰ ਤਾਂ ਚਾਰ ਸਾਲ ਹੋ ਗਏ....
ਬਸ ਹੁਣ ਉੱਥੇ ਜਾ ਕੇ ਉਹਨੇ ਇੱਕ ਲਹਿੰਗਾ ਪਾ ਕੇ ਗੇੜੇ ਹੀ ਕੱਢਣੇ ਸੀ....
ਮੁੰਡੇ ਤੇ ਕੁੜੀ ਦੀ ਸ਼ਕਲ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਇਹ ਕੋਈ ਹੁਣੇ ਹੁਣੇ ਇਕੱਠੇ ਹੋਏ ਹਮਸਫਰ ਨਹੀਂ ਹਨ.... ਉਹ ਇੱਕ ਦੂਜੇ ਤੋਂ ਅੱਕੇ ਪਏ ਹਨ।
ਹੈਰਾਨੀ ਤਾਂ ਉਦੋਂ ਆਉਂਦੀ ਹੈ ਜਦੋਂ ਪਤਾ ਲੱਗਦਾ ਆ ਕਿ ਇਹ ਛੋਟੇ ਛੋਟੇ ਪਿੰਡਾਂ ਦੀਆਂ ਕੁੜੀਆਂ ਹਨ... ਇਹ ਇਕੱਠੇ ਘਰਾਂ ਦੇ ਵਿੱਚੋਂ ਆਏ ਹੋਏ ਬੱਚਿਆਂ ਦਾ ਹਾਲ ਹੈ। ਇਹ ਕੋਈ ਵੱਡੇ ਸ਼ਹਿਰਾਂ ਦੀਆਂ ਕੁੜੀਆਂ ਨਹੀਂ ਹਨ ਕਿ ਜਿਨਾਂ ਨੂੰ ਕਿਸੇ ਰਿਸ਼ਤੇਦਾਰ ਜਾਂ ਮੈਂਬਰ ਦੀ ਲਿਹਾਜ਼ ਦਾ ਜਾਂ ਸ਼ਰਮ ਦਾ ਕੋਈ ਪਤਾ ਹੀ ਨਹੀਂ।
ਦੁੱਖ ਹੁੰਦਾ ਹੈ ਕਿ ਜੇ ਸਾਡੇ ਛੋਟੇ ਛੋਟੇ ਪਿੰਡਾਂ ਤੋਂ ਆਈਆਂ ਹੋਈਆਂ ਕੁੜੀਆਂ ਦਾ ਇਹ ਹਾਲ ਹੈ ਤਾਂ ਬਾਕੀ ਬੱਚਿਆਂ ਦਾ ਕੀ ਬਣੇਗਾ??
ਸੁਰਜੀਤ ਸਿੰਘ ਜੀ ਦੀ ਪੋਸਟ ਦੇ ਥੱਲੇ ਬਹੁਤੇ ਲੋਕਾਂ ਨੇ ਹੀ ਕਮੈਂਟ ਕੀਤਾ ਹੈ ਕਿ ਸਾਨੂੰ ਬੱਚਿਆਂ ਦੇ ਫਰੈਂਡ ਬਣ ਕੇ ਰਹਿਣਾ ਚਾਹੀਦਾ ਹੈ. ਫਰੈਂਡ ਤਾਂ ਬਣ ਜਾਦੇ ਆ ਤੇ ਬੱਚੇ ਦੱਸ ਵੀ ਦਿੰਦੇ ਨੇ ਕਿ ਮੈਂ ਫਲਾਣੇ ਨੂੰ ਪਸੰਦ ਕਰਦਾ ਹਾਂ.... ਪਰ ਉਦੋਂ ਕੀ ਕਰੀਏ ਜਦੋਂ ਸਾਨੂੰ ਮੂਹਰਲੇ ਬੱਚੇ ਦੀ ਪਹਿਲਾਂ ਹੀ ਨੀਤ ਦਿਖ ਰਹੀ ਹੁੰਦੀ.... ਤੇ ਬੱਚਿਆਂ ਦੀ ਅਕਲ ਦੇ ਉੱਤੇ ਪੜਦਾ ਪੈ ਗਿਆ ਹੁੰਦਾ ਹ ਤੇ ਕਹਿੰਦੇ ਨੇ ਕਿ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ। ਚੰਗੇ ਮਾਂ ਪਿਓ ਤਾਂ ਬੱਚੇ ਦੀ ਅੱਖ ਦੇਖ ਕੇ ਹੀ ਪਛਾਣ ਜਾਂਦੇ ਨੇ ਕਿ ਚੱਲ ਕੀ ਰਿਹਾ ਹੈ। ਪਰ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਉਦੋਂ ਸਮਝ ਆਉਂਦੀਆਂ ਨੇ ਜਦੋਂ ਉਹ ਆਪ ਮਾਪੇ ਬਣ ਜਾਂਦੇ ਹਨ। ਅਤੇ ਉਦੋਂ ਤੱਕ ਬਹੁਤ ਲੇਟ ਹੋ ਚੁੱਕਿਆ ਹੁੰਦਾ। ਅਸੀਂ ਆਪ ਬੱਚਿਆਂ ਨੂੰ ਸਿਖਾਉਦੇ ਆਂ ਕਿ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਨਾ.... ਪਰ ਵਿਆਹ ਤੇ ਆ ਕੇ ਗੱਲ ਅੜ ਜਾਂਦੀ ਹੈ ਕਿ ਉਹ ਕਿਸੇ ਹੋਰ ਧਰਮ ਦੇ ਵਿੱਚ ਜਾਂ ਕਿਸੇ ਹੋਰ ਮੂਲ ਦੇ ਹਮਸਫਰ ਨਾਲ ਵਿਆਹ ਕਿਉਂ ਨਹੀਂ ਕਰਾ ਸਕਦੇ??? ਇਸ ਸਵਾਲ ਦਾ ਸਾਡੇ ਕੋਲੇ ਕੋਈ ਜਵਾਬ ਨਹੀਂ ਹੁੰਦਾ।
ਬਹੁਤੀਆਂ ਫਿਲਪੀਨੋ ਕੁੜੀਆਂ ਨੇ ਵੀ ਇੱਥੇ ਗੋਰਿਆਂ ਨਾਲ ਵਿਆਹ ਕਰਾਏ ਹੋਏ ਹਨ।
ਉਨਾਂ ਦੇ ਵਿਆਹ ਤਾਂ ਹੀ ਜ਼ਿਆਦਾ ਨਿਭ ਰਹੇ ਹਨ ਕਿਉਂਕਿ ਦੋਨੇ ਧਿਰਾਂ ਹੀ ਕ੍ਰਿਸਚਨ ਹਨ
ਫਿਲਪੀਨੋ ਲੋਕ ਧਰਮ ਦੇ ਵਿੱਚ ਗੋਰਿਆਂ ਤੋਂ ਵੀ ਜਿਆਦਾ ਪੱਕੇ ਹਨ। ਮੈਂ ਇਹ ਨਹੀਂ ਕਹਿ ਰਹੀ ਕਿ ਸਾਡੇ ਧਰਮ ਤੋਂ ਬਾਹਰ ਵਾਲੇ ਵਿਆਹ ਨਿਭਦੇ ਨਹੀਂ ਹਨ ਪਰ ਕਿਤੇ ਨਾ ਕਿਤੇ ਦੋ ਪਾਸਿਆਂ ਦੀ ਦੌੜ ਦੇ ਵਿੱਚ ਭੱਜਦੇ ਹੋਏ ਸਾਡਾ ਬਹੁਤ ਕੁਝ ਪਿੱਛੇ ਛੁੱਟ ਜਾਂਦਾ ਹੈ।
ਤਾਂ ਇਹ ਸਾਰਾ ਕੁਛ ਮਾਰਕੀਟਿੰਗ ਦਾ ਹੀ ਤਾਂ ਕਮਾਲ ਸੀ..... ਇਹਨਾਂ ਦੇਸ਼ਾਂ ਦੇ ਵਿੱਚ ਹੋਰ ਕੁਝ ਵੀ ਨਹੀਂ ਸੀ ਤੇ ਇਹਨਾਂ ਨੇ ਸੋਚਿਆ ਕਿ ਸਾਰੀ ਦੁਨੀਆਂ ਦੇ ਵਿੱਚ ਇਹ ਝੰਡਾ ਚੱਕ ਦਿਓ ਕਿ ਕਨੇਡਾ ਅਮਰੀਕਾ ਦੇ ਮੁਕਾਬਲੇ ਦਾ ਹੋਰ ਕੁਝ ਨਹੀਂ ਹੈ ਦੁਨੀਆਂ ਤੇ.... ਤੇ ਸਾਰੀ ਦੁਨੀਆ ਇਧਰ ਨੂੰ ਹੋ ਤੁਰੀ.... ਤੇ ਹੁਣ ਜਦੋਂ ਜਦੋਂ ਸਾਡੇ ਭੁਲੇਖੇ ਟੁੱਟ ਰਹੇ ਹਨ ਉਦੋਂ ਹੀ ਅਸੀਂ ਇੱਕ ਦੂਜੇ ਨੂੰ ਪੁੱਛ ਰਹੇ ਆ ਵੀ ਅਸੀਂ ਇੱਥੇ ਕਰਨ ਕੀ ਆਏ ਸੀ?
ਇੱਕ ਦਿਨ ਅਸੀਂ ਬ੍ਰੇਕ ਦੇ ਉੱਤੇ ਚਾਰ ਨਰਸਾਂ ਬੈਠੀਆਂ ਤੇ ਚਾਰੇ ਹੀ ਅੱਡੋ ਅੱਡ ਮੂਲ ਦੀਆਂ ਸਾਂ..... ਹਾਸੇ ਹਾਸੇ ਦੇ ਵਿੱਚ ਸਾਡੀ ਇਹੀ ਗੱਲ ਛਿੜ ਪਈ ਕਿ ਸਾਨੂੰ ਇਸ ਗੌਰਮੈਂਟ ਦੇ ਉੱਤੇ ਕੇਸ ਕਰ ਦੇਣਾ ਚਾਹੀਦਾ ਹੈ ਕਿ ਇਹਨਾਂ ਨੇ ਸਾਨੂੰ ਝੂਠ ਬੋਲਿਆ ਤੇ ਇਹਨਾਂ ਦੇ ਝੂਠ ਸੁਣ ਸੁਣ ਕੇ ਹੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਗਏ ਆਂ ਤੇ ਹੁਣ ਅਸੀਂ ਇੱਥੇ ਦਿਹਾੜੀਆਂ ਲਾਉਂਦੇ ਫਿਰਦੇ ਆਂ। ਕੁਦਰਤੀ ਸੋਮਿਆਂ ਦੇ ਵਿੱਚ ਸਾਡੇ ਦੇਸ਼ ਇਹਨਾਂ ਨਾਲੋਂ ਕਿਤੇ ਅੱਗੇ ਹਨ, ਕੁਦਰਤ ਦੀ ਸੁੰਦਰਤਾ ਵੀ ਸਾਡੇ ਮੁਲਕਾਂ ਵਿੱਚ ਇਹਨਾਂ ਤੋਂ ਕਿਤੇ ਜਿਆਦਾ ਹੈ , ਸਾਡੇ ਸੰਸਕਾਰ ਸਾਡੇ ਹੀ ਭਾਸ਼ਾ ਸਾਡਾ ਸੱਭਿਆਚਾਰ ਇਹਨਾਂ ਦੇ ਨਾਲੋਂ ਕਿਤੇ ਵੱਧ ਤਕੜਾ ਹੈ.... ਤਾਂ ਫਿਰ ਅਸੀਂ ਕਰਨ ਕੀ ਆਏ ਸੀ..... ਕਿਉਂਕਿ ਕੁਛ ਸਾਡੀ ਰਾਜਨੀਤੀ ਗੰਦੀ ਸੀ ਤੇ ਕੁਝ ਸਾਡਾ ਸਮਾਜ ਜਿਆਦਾ ਗੰਧਲਾ ਹੋ ਚੁੱਕਿਆ ਸੀ ਤੇ ਅਸੀਂ ਇੱਥੇ ਆਏ ਸੀ ਆਪਣੇ ਸਮਾਜ ਨੂੰ ਸਾਫ ਕਰਨਾ ਜਦ ਕਿ ਸਮਾਜ ਦੀ ਸੋਚ ਤਾਂ ਉੱਥੇ ਹੀ ਖੜੀ ਹੈ.
ਇੱਕ ਵਾਰ ਇੱਕ ਵਾਈਟ ਰੋਕ ਦੀ ਪੇਂਟਰ ਗੋਰੀ ਮੈਨੂੰ ਮਿਲੀ.... ਉਹਨੂੰ ਸਟੇਜ ਫੋਰ ਕੈਂਸਰ ਸੀ. ਉਹਨੇ ਨਾ ਵਿਆਹ ਕਰਾਇਆ ਸੀ ਤੇ ਨਾ ਹੀ ਉਹਦੇ ਕੋਈ ਬੱਚਾ ਸੀ.... ਬਿਲਕੁਲ ਬੀਚ ਦੇ ਕਿਨਾਰੇ ਉਹਦਾ ਘਰ ਸੀ ਜੋ ਉਹਨੇ ਆਪਣੇ ਭਤੀਜੇ ਤੇ ਭਤੀਜੀ ਲਈ ਛੱਡ ਕੇ ਜਾਣਾ ਸੀ।
ਉਹਨੇ ਆਪਣਾ ਘਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਸ਼ਿੰਗਾਰਿਆ ਹੋਇਆ ਸੀ ਤੇ ਜਦੋਂ ਮੈਂ ਉਹਨੂੰ ਕਿਹਾ ਕਿ ਤੇਰਾ ਘਰ ਬਹੁਤ ਸੋਹਣਾ ਹੈ ਤਾਂ ਉਹਨੇ ਮੈਨੂੰ ਕਿਹਾ ਕਿ ਪੈਮ ਇਹ ਸਾਰੀ ਆਬਾਦੀ ਮਾਰਕੀਟਿੰਗ ਦਾ ਕਮਾਲ ਹੈ..... ਤੈਨੂੰ ਪਤਾ ਕਿ ਅੱਜ ਤੋਂ 60 70 ਸਾਲ ਪਹਿਲਾਂ ਜਦੋਂ ਮੈਂ ਇਹ ਘਰ ਲਿਆ ਸੀ ਉਦੋਂ ਸਾਰੇ ਲੋਕ ਮੈਨੂੰ ਬੇਵਕੂਫ ਆਖਦੇ ਸਨ.... ਉਹ ਆਖਦੇ ਸਨ ਕਿ ਕੋਈ ਪਾਣੀ ਦੇ ਕਿਨਾਰੇ ਵੀ ਰਹਿੰਦਾ ਹੈ ਕਦੇ..... ਅਤੇ ਹੁਣ ਦੇਖ ਇਹਨਾਂ ਲੋਕਾਂ ਨੇ ਇੱਕੋ ਗੱਲ ਦਾ ਵਾਜਾ ਬਜਾ ਬਜਾ ਕੇ ਸਾਰੀ ਦੁਨੀਆ ਦਾ ਸੁਪਨਾ ਬਣਾ ਦਿੱਤਾ ਹੈ ਕਿ ਅਸੀਂ ਬੀਚ ਦੇ ਉੱਪਰ ਰਹਿਣਾ ਹੈ।
ਤਾਂ ਮੁੱਕ ਦੀ ਗੱਲ ਇਹੀ ਆਖਾਂਗੀ ਕਿ ਭੈਣੋ ਤੇ ਭਾਈਓ ਕਿਸੇ ਵੀ ਚੀਜ਼ ਦੀ ਮਸ਼ਹੂਰੀ ਜਾਂ ਐਡਵਰਟਾਈਜਮੈਂਟ ਦੇ ਪ੍ਰਭਾਵ ਥੱਲੇ ਨਾ ਆਇਆ ਕਰੋ। ਆਪਣਾ ਦਿਮਾਗ ਵਰਤਿਆ ਕਰੋ.. ਤੇ ਆਪਣੇ ਹਾਲਾਤ ਵੇਖਿਆ ਕਰੋ.... ਤੁਸੀਂ ਜਿੱਥੇ ਵੀ ਬੈਠੇ ਹੋ ਆਪਣੀ ਦੁਨੀਆਂ ਦੇ ਰਾਜੇ ਹੋ
ਧੰਨਵਾਦ
ਪੁਨੀਤ ਕੌਰ
ਸਾਰੇ ਹੀ ਪਾਸੇ ਠੰਡ ਦਾ ਪ੍ਰਕੋਪ ਜਾਰੀ ਹੈ... ਜਿੱਥੇ ਦੇਖੋ ਸਾਰੇ ਕਿਤੇ ਇਹੀ ਪੋਸਟਾਂ ਦੇਖਣ ਨੂੰ ਮਿਲਦੀਆਂ ਹਨ ਕਿ ਦੁਨੀਆਂ ਦੇ ਕਿਹੜੇ ਖੂੰਜੇ ਵਿੱਚ ਕਿੰਨੀ ਜਿਆਦਾ ਬਰਫ ਜਾਂ ਠੰਡ ਪਈ ਹੈ। ਸਾਡੇ ਇੱਥੇ ਕਨੇਡਾ ਦੇ ਵਿੱਚ ਸਾਰੇ ਇੱਕ ਦੂਜੇ ਦਾ ਮਖੌਲ ਉਡਾਉਂਦੇ ਰਹਿੰਦੇ ਹਨ ਕਿ ਕਿੱਥੇ ਬਰਫ ਸਾਫ ਕਰਦੇ ਹਨ ਜਾਂ ਕਿੱਦਾਂ ਠੰਡ ਦੇ ਵਿੱਚ ਗੱਡੀਆਂ ਚਲਾਈਏ, ਗੱਡੀਆਂ ਦੇ ਐਕਸੀਡੈਂਟ ਕਿਸੇ ਵੀ ਬੰਦੇ ਦੀ ਗਲਤੀ ਜਾਂ ਬਿਨਾਂ ਗਲਤੀ ਤੋਂ ਵੀ ਹੋ ਸਕਦੇ ਹਨ। ਠੰਡ ਦੀਆਂ ਗੱਲਾਂ ਤਾਂ ਅਸੀਂ ਬਹੁਤ ਸੁਣ ਲਈਆਂ.... ਕਿ ਸਾਡੇ ਆਸੇ ਪਾਸੇ ਬਰਫ ਦੇ ਕਿੱਡੇ ਉੱਚੇ ਉੱਚੇ ਢੇਰ ਲੱਗੇ ਹੋਏ ਹਨ। ਪਰ ਹੁਣ ਇਸ ਤੋਂ ਅਗਲੀ ਗੱਲ ਕਰੀਏ ਕਿ ਅੱਗੇ ਹੁਣ ਗਰਮੀਆਂ ਦੀ ਰੁੱਤ ਆ ਜਾਣੀ ਹੈ..... ਇਹੀ ਪਾਣੀ ਜੰਮ ਕੇ ਜਿਹੜਾ ਬਰਫ ਦੀ ਰੂਪ ਵਿੱਚ ਸਾਡੇ ਮੂਹਰੇ ਪਿਆ ਹੈ ਇਹੀ ਕੱਲ ਨੂੰ ਖੁਰ ਕੇ ਸਾਡੀਆਂ ਨਦੀਆਂ ਝੀਲਾਂ ਤੇ ਸਮੁੰਦਰਾਂ ਦੇ ਵਿੱਚ ਵੀ ਹੋਏਗਾ। ਹਰ ਗਰਮੀਆਂ ਦੀ ਰੁੱਤ ਦੇ ਵਿੱਚ ਕਿੰਨੇ ਹੀ ਨਵੇਂ ਆਏ ਵਿਦਿਆਰਥੀਆਂ ਦੀਆਂ ਡੁੱਬ ਕੇ ਹੋ ਜਾਣ ਵਾਲੀਆਂ ਮੌਤਾਂ ਬਾਰੇ ਸੁਣਦੇ ਹਾਂ। ਸਾਡੇ ਇਸ ਗਰੁੱਪ ਦੇ ਵਿੱਚੋਂ ਵੀ ਕਿੰਨੇ ਹੀ ਮੈਂਬਰਾਂ ਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਆਏ ਹੋਏ ਹਨ। ਕਿਰਪਾ ਕਰਕੇ ਬੱਚਿਆਂ ਨਾਲ ਇਹ ਗੱਲ ਵੀ ਜਰੂਰ ਸਾਂਝੀ ਕਰੋ ਕਿ ਇਹ ਕੋਈ ਨਿੱਕਾ ਮੋਟਾ ਸੂਆ ਜਾਂ ਨਾਲਾ ਨਹੀਂ ਹੈ..... ਇਹ ਵੱਡੇ ਵਿਸ਼ਾਲ ਸਮੁੰਦਰ ਹਨ। ਜਿੱਥੋਂ ਬਹੁਤੀ ਵਾਰ ਤਾਂ ਡੁੱਬਣ ਵਾਲੇ ਦੀ ਲਾਸ਼ ਵੀ ਨਹੀਂ ਲੱਭਦੀ।
ਛੋਟੇ ਮੋਟੇ ਛੱਪੜਾਂ ਦੇ ਵਿੱਚੋਂ ਤਾਰੀਆਂ ਲਾ ਕੇ ਆਏ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਇੱਥੇ ਵੀ ਬਹੁਤ ਵਧੀਆ ਤਰੀਕੇ ਨਾਲ ਤੈਰ ਲੈਣਗੇ। ਗਰਮੀ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਪਾਣੀ ਹਰ ਵੇਲੇ ਇਨਾ ਠੰਡਾ ਰਹਿੰਦਾ ਹੈ ਕਿ ਪੈਰ ਪਾਉਣ ਸਾਰ ਸਾਹ ਚੜ ਜਾਂਦਾ ਹੈ। ਪਾਣੀ ਦੇ ਵਿੱਚ ਚੌੜ ਕਰਦੇ ਬੱਚਿਆਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਉਹਨਾਂ ਦਾ ਸਰੀਰ ਬਿਲਕੁਲ ਹੀ ਠਰ ਚੁੱਕਿਆ ਹੈ..... ਉਹਨਾਂ ਨੂੰ ਲੱਗਦਾ ਹੈ ਕਿ ਉਹ ਤੈਰ ਰਹੇ ਹਨ ਤੇ ਲੱਤਾਂ ਬਾਹਾਂ ਮਾਰ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਸਰੀਰ ਜੰਮ ਚੁੱਕਿਆ ਹੁੰਦਾ ਹੈ।
ਕਿਰਪਾ ਕਰਕੇ ਬੱਚਿਆਂ ਦੇ ਨਾਲ ਇਹਨਾਂ ਗੱਲਾਂ ਬਾਰੇ ਵੀ ਗੱਲ ਕਰਿਆ ਕਰੋ ਭਾਵੇਂ ਆਪਣੇ ਕੋਲ ਬਿਠਾ ਕੇ ਜਾਂ ਫੋਨ ਤੇ ਕਿ ਕੁਦਰਤ ਦੇ ਨਾਲ ਖਿਲਵਾੜ ਬਹੁਤ ਮਹਿੰਗਾ ਪੈ ਸਕਦਾ ਹੈ।
ਜੇ ਬੱਚਿਆਂ ਨੂੰ ਪਾਣੀ ਦੇ ਵਿੱਚ ਜਾਣ ਦਾ ਸ਼ੌਂਕ ਹੈ ਤਾਂ ਉਹਨਾਂ ਨੂੰ ਇਹ ਵੀ ਦੱਸੋ ਕਿ ਉਹ ਚੰਗੀ ਤਰ੍ਹਾਂ ਤਰਾਕੀ ਸਿੱਖ ਕੇ ਫਿਰ ਹੀ ਪਾਣੀ ਦੇ ਵਿੱਚ ਉਤਰਨ। ਲਾਈਫ ਜੈਕਟ ਪਾਉਣੀ ਵੀ ਬਹੁਤ ਜਰੂਰੀ ਹੈ। ਪਰਮਾਤਮਾ ਸਾਡੇ ਬੱਚਿਆਂ ਨੂੰ ਸਮੱਤ ਬਖਸ਼ੇ ਅਤੇ ਕਿਸੇ ਵੀ ਮਾਪੇ ਨੂੰ ਇਦਾਂ ਦੀ ਦੁੱਖਦਾਈ ਖਬਰ ਨਾ ਸੁਣਨੀ ਪਵੇ।
ਧੰਨਵਾਦ
ਪੁਨੀਤ ਕੌਰ
ਮੈਨੂੰ ਬੇਨਤੀ ਆਈ ਕਿ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਵੀ ਲਿਖਿਆ ਜਾਵੇ.... ਅਸਲ ਚ ਪੂਰੀ ਗੱਲ ਸੀ ਕਿ ਬੱਚਿਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਬਾਰੇ ਲਿਖਿਆ ਜਾਵੇ।
ਬੱਚੇ ਤਾਂ ਸਾਡੇ ਅੱਜ ਕੱਲ ਦੀ ਇਸ ਪੀੜੀ ਦੇ ਉਹ ਵਾਰਸ ਹਨ ਕਿ ਹਲੇ ਢਿੱਡ ਚ ਗਰਭ ਨੀ ਠਹਿਰਦਾ ਤੇ ਅਸੀਂ ਫੋਟੋ ਪਾ ਦਿੰਨੇ ਆਂ ਕਿ ਸਾਡੇ ਬੱਚਾ ਹੋਣ ਵਾਲਾ..... ਫੋਨਾਂ ਦੀ ਛਤਰ ਛਾਇਆ ਦੇ ਵਿੱਚ ਬੱਚਾ ਨੌ ਮਹੀਨੇ ਪੇਟ ਦੇ ਵਿੱਚ ਰਹਿੰਦਾ.... ਜਿੱਦੇ ਹਾਲੇ ਪਹਿਲੇ ਦਿਨ ਧਰਤੀ ਤੇ ਆ ਕੇ ਅੱਖ ਖੋਲਦਾ ਉਸ ਦਿਨ ਕੋਈ 100 ਫੋਟੋ ਹੋ ਜਾਂਦੀ ਹੈ.। ਇਕੱਲੇ ਕੱਲੇ ਜੀ ਦੇ ਨਾਲ ਉਹਦੀ ਵੀਡੀਓ ਕਾਲ ਕਰਾਈ ਜਾਂਦੀ ਹੈ.... ਇਧਰ ਮਾਂ ਦੇ ਇੱਕ ਹੱਥ ਵਿੱਚ ਨਿਆਣਾ ਹੁੰਦਾ ਤੇ ਦੂਜੇ ਹੱਥ ਵਿੱਚ ਫੋਨ..... ਤਾਂ ਇਕੱਲੇ ਬੱਚਿਆਂ ਦਾ ਕਸੂਰ ਨਹੀਂ ਹੈ ਨਾ।
"ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ".... ਵਾਲੇ ਅਖਾਣ ਵਾਂਗ ਬੱਚੇ ਜੋ ਦੇਖਦੇ ਹਨ ਉਹ ਕਰਦੇ ਹਨ। ਸਕੂਲਾਂ ਦੇ ਵਿੱਚ ਵੀ ਅੱਜ ਕੱਲ ਪੜ੍ਹਾਈਆਂ ਕੰਪਿਊਟਰ,ਲੈਪਟਾਪ ਅਤੇ ਟੈਬਲੇਟ ਦੇ ਉੱਤੇ ਚੱਲ ਪਈਆਂ ਹਨ ਤਾਂ ਇਹ ਤਾਂ ਸਾਡੇ ਸਮਾਰਟ ਬੱਚੇ.... ਸਮਾਰਟ ਯੁੱਗ ਦੇ ਵਿੱਚ ਪੈਦਾ ਹੋਏ ਹਨ..... ਇਹਨਾਂ ਦਾ ਨਤੀਜਾ ਕੀ ਹੋਏਗਾ ਸ਼ਾਇਦ ਉਹ ਦੇਖਣ ਵਾਸਤੇ ਅਸੀਂ ਇਸ ਧਰਤੀ ਤੇ ਨਾ ਹੋਈਏ।
ਪਰ ਹੈਰਾਨੀ ਤਾਂ ਉਸ ਪੀੜੀ ਤੇ ਆਉਂਦੀ ਹੈ ਜਿਨਾਂ ਨੇ ਕਦੇ ਸਾਰੇ ਪਰਿਵਾਰ ਦੇ ਨਾਲ ਬਹਿ ਕੇ ਟੀਵੀ ਵੀ ਨਹੀਂ ਸੀ ਦੇਖਿਆ। ਕਦੇ ਨੂੰਹ ਧੀ ਘਰ ਦੇ ਵਿੱਚ ਟੀਵੀ ਲਾ ਲੈਂਦੀ ਤਾਂ ਬੁੜਿਆਂ ਨੇ ਖੰਗੂਰੇ ਹੀ ਨਾ ਮਾਰਨ ਨੂੰ ਹਟਣਾ..... ਅਗਲੀਆਂ ਦਾ ਟੀਵੀ ਬੰਦ ਕਰਾ ਕੇ ਛੱਡਣਾ।
ਮੇਰਾ ਆਪਣਾ ਤਾਇਆ ਘਰੋਂ ਨਿਕਲ ਜਾਂਦਾ ਸੀ ਜਦੋਂ ਘਰੇ ਨੂੰਹਾਂ ਟੀਵੀ ਲਾ ਲੈਂਦੀਆਂ ਸਨ
ਹੈਰਾਨੀ ਤਾਂ ਇਸ ਪੀੜੀ ਤੇ ਹੋ ਰਹੀ ਹੈ ਕਿ ਇਹਨਾਂ ਨੇ ਇਕੱਲੇ ਕੱਲੇ ਨੇ ਜੇਬ ਦੇ ਵਿੱਚ ਫੋਨ ਪਾ ਲਿਆ ਹੈ ਤੇ ਕੋਈ ਆਸੇ ਪਾਸੇ ਦੀ ਸੁਰਤ ਹੀ ਨਹੀਂ ਹੈ
ਜਦੋਂ ਅਸੀਂ ਇਹਨਾਂ ਨੂੰ ਵਰਜਦੇ ਆਂ ਕਿ ਥੋੜਾ ਜਿਹਾ ਫੋਨ ਘਟਾਓ.... ਤਾਂ ਆਖਦੇ ਹਨ ਕਿ ਤੁਸੀਂ ਫੋਨ ਨਹੀਂ ਵਰਤਦੇ??? ਫੇਰ ਸਾਡੇ ਵਰਤਣ ਤੇ ਇੰਨਾ ਇਤਰਾਜ ਕਿਉਂ??
ਸਾਡੀਆਂ ਤਾਂ ਭਾਈ ਸੌ ਮਜਬੂਰੀਆਂ ਨੇ.... ਅਸੀਂ ਕੰਮਾਂ ਦੀਆਂ ਈਮੇਲਸ ਚੈੱਕ ਕਰਦੇ ਆਂ,
ਜਵਾਕਾਂ ਦੇ ਸਕੂਲੋਂ ਆਈਆਂ ਈਮੇਲ ਚੈੱਕ ਕਰਦੇ ਆਂ, ਕੰਮਾਂ ਦਾ ਸਾਰਾ ਸਕੈਜੂਅਲ ਅਤੇ ਕੈਲੰਡਰ ਕਿਸੇ ਐਪ ਦੇ ਉੱਪਰ ਖੋਲ ਕੇ ਚੈੱਕ ਕਰਦੇ ਆ, ਬੈਂਕਾਂ ਦਾ ਸਾਰਾ ਹਿਸਾਬ ਕਿਤਾਬ ਫੋਨ ਤੇ ਹੀ ਦੇਖਦੇ ਆ..... ਕਰਨਾ ਪੈਂਦਾ ਜਿਹਨੂੰ ਕਿਸੇ ਨੂੰ ਨਹੀਂ ਆਉਂਦਾ ਉਹਨੂੰ ਕੰਮ ਵਾਲੇ ਬੁਲਾ ਕੇ ਆਪ ਟ੍ਰੇਨਿੰਗ ਦਿੰਦੇ ਨੇ। ਜਦੋਂ ਪਹਿਲੀ ਵਾਰੀ ਸਾਨੂੰ ਇੱਥੇ ਸਮਾਰਟ ਫੋਨ ਹੋਸਪਿਟਲ ਵਾਲਿਆਂ ਨੇ ਦਿੱਤੇ ਤਾਂ ਪੁਰਾਣੀਆਂ ਨਰਸਾਂ ਨੇ ਬੜਾ ਰੌਲਾ ਪਾਇਆ ਕਿ ਅਸੀਂ ਕਾਗਜਾਂ ਤੇ ਹੀ ਠੀਕ ਹਾਂ ਸਾਡੇ ਤੋਂ ਨਹੀਂ ਫੋਨ ਦੇ ਬਟਨ ਦਬਾ ਹੁੰਦੇ..... ਪਰ ਇਹ ਇੱਕ ਦੌਰ ਸੀ ਜਿਹਦੇ ਵਿੱਚ ਸਾਨੂੰ ਵੀ ਪੈਰ ਧਰਨਾ ਪਿਆ।
ਕੈਲਗਰੀ ਆ ਕੇ ਮੈਂ ਪੰਜਾਬੀ ਕਮਿਊਨਿਟੀ ਦੇ ਨਾਲ ਸਿਰਫ ਇੱਕ ਹਫਤਾ ਕੰਮ ਕਰ ਸਕੀ.... ਜਿਹੜੇ ਘਰ ਚ ਜਾਂਦੀ ਸੀ ਉੱਥੇ ਬਜ਼ੁਰਗਾਂ ਦੇ ਹੱਥ ਚ ਫੋਨ ਹੁੰਦੇ ਸੀ.... ਇੰਡੀਆ ਵਾਲੀ ਨੰਬਰ ਦੇ ਉੱਤੇ ਵਟਸਐਪ ਇੱਥੇ ਚਲਾ ਲੈਂਦੇ ਹਨ ਅਤੇ ਉਹ ਗੱਲ ਕਿਹੜੀ ਆ ਜਿਹੜੀ ਉੱਥੇ ਨਹੀਂ ਪਹੁੰਚਾਈ ਜਾਂਦੀ...... ਮੈਂ ਹਲੇ ਘਰੇ ਪੈਰ ਨਹੀਂ ਸੀ ਪਾਉਂਦੀ ਕਿ ਨਾਲ ਹੀ ਕੋਈ ਨਾ ਕੋਈ ਫੋਟੋ ਕੱਢ ਲੈਣੀ ਆਹ ਮੇਰੀ ਦੋਤ ਨੂੰਹ ਹੈ ਆਹ ਮੇਰੀ ਪੋਤ ਨੂੰਹ ਹੈ.... ਅਤੇ ਮੈਂ ਬਹਾਨਾ ਬਣਾ ਕੇ ਆਪਣਾ ਕੰਮ ਵਾਲਾ ਏਰੀਆ ਚੇਂਜ ਕਰਾ ਲਿਆ ਸੀ।
ਪਹਿਲਾਂ ਸਿਰਫ ਬਜ਼ੁਰਗ ਚੁਗਲੀਆਂ ਕਰਦੇ ਸਨ ਅਤੇ ਅੱਜ ਕੱਲ ਸਿੱਧੀ ਵੀਡੀਓ ਕਾਲ।
ਅਗਲੇ ਦੇ ਘਰ ਦਾ ਜਾਂ ਬਾਥਰੂਮ ਦਾ ਸਾਰਾ ਹਾਲ ਸਾਰੀ ਵੀਡੀਓ ਬਣਾ ਕੇ ਠਾਹ ਇੰਡੀਆ ਪਹੁੰਚਾ ਦਿੰਦੀਆਂ ਹਨ...... ਜਿਮੇ ਇੰਡੀਆ ਵਾਲਿਆਂ ਨੇ ਸਾਨੂੰ ਇੱਥੇ ਕੰਮ ਵਾਲੀ ਭੇਜਣੀ ਹੁੰਦੀ ਆ!!!
ਨਵੇਂ ਵਿਆਹੇ ਬੱਚਿਆਂ ਨੂੰ ਠਾਹ ਵੀਡੀਓ ਕਾਲ.... ਅੱਗੇ ਬੁੜੀਆਂ ਠਾਹ ਕਰਕੇ ਦਰਵਾਜ਼ਾ ਖੋਲ ਕੇ ਅੰਦਰ ਆ ਜਾਂਦੀਆਂ ਸੀ। ਪਤਾ ਨਹੀਂ ਉਹ ਇਹੋ ਜਿਹਾ ਕੀ ਦੇਖਣਾ ਮੰਗਦੇ ਨੇ.... ਹੁਣ ਉਨਾਂ ਚਿਰ ਫੋਨ ਨੂੰ ਫੋਨ ਨਹੀਂ ਮੰਨਦੇ ਜਿੰਨਾ ਚਿਰ ਮੋਹਰਲਾ ਬੰਦਾ ਵੀਡੀਓ ਕਾਲ ਨਹੀਂ ਚੱਕਦਾ..... ਅਗਲਾ ਲੱਖ ਕਹੀ ਜਾਵੇ ਮੈਂ ਬਾਥਰੂਮ ਚ ਆ ਜਾਂ ਮੈਂ ਹਾਲੇ ਮੂੰਹ ਵੀ ਨਹੀਂ ਧੋਤਾ......
ਧੰਨ ਸੀ ਉਹ ਪਹਿਲਾਂ ਵਾਲੀਆਂ ਬੁੜੀਆਂ ਜਿਹੜੀਆਂ ਆਪਣੇ ਬੰਦਿਆਂ ਨੂੰ ਪ੍ਰਦੇਸ਼ ਤੋਰ ਦਿੰਦੀਆਂ ਸੀ.... ਤੇ ਪਿੱਛੋਂ ਇਕੱਲਾਪਨ ਵੀ ਬੜੇ ਹੌਂਸਲੇ ਨਾਲ ਕੱਟ ਲੈਂਦੀਆਂ ਸੀ.... ਸ਼ਕਲਾਂ ਬਦਲ ਜਾਂਦੀਆਂ ਸੀ ਪਰ ਨੀਤਾਂ ਨਹੀਂ ਸੀ ਬਦਲਦੀਆਂ।
ਅੱਛਾ ਬੰਦੇ ਨੇ ਸਾਡੇ..... ਉਹ ਦੋ ਦੋ ਘੰਟੇ ਲੈਟਰੀਨ ਚੋਂ ਹੀ ਨਹੀਂ ਨਿਕਲਦੇ..... ਅੰਦਰ ਬੈਠਿਆਂ ਨੂੰ ਫੋਨ ਤੇ ਬੈਠਿਆਂ ਨੂੰ ਭੁੱਲ ਹੀ ਜਾਂਦਾ ਕਿ ਅਸੀਂ ਕਰਨ ਕੀ ਆਏ ਸੀ???
ਜੇ ਧੱਕੇ ਨਾਲ ਕਿਸੇ ਦੇ ਘਰੇ ਜਾਂ ਕਿਸੇ ਵਿਆਹ ਸ਼ਾਦੀ ਫੰਕਸ਼ਨ ਤੇ ਲੈ ਜਾਈਦਾ ਉੱਥੇ ਜਾ ਕੇ ਪਹਿਲਾਂ ਤਾਂ ਉਦਾਸਿਆ ਜਾਂ ਮੂੰਹ ਕਰਕੇ ਬੈਠੇ ਰਹਿੰਦੇ ਹਨ...... ਮੁੜ ਕੇ 15 ਮਿੰਟ ਨਹੀਂ ਪੈਣ ਦਿੰਦੇ ਕਿ ਕਿਸੇ ਨਾਲ ਕੋਈ ਨਾ ਕੋਈ ਐਸੀ ਗੱਲ ਚਲਾ ਲੈਂਦੇ ਨੇ ਕਿ ਤੈ ਫਲਾਂ ਵੀਡੀਓ ਦੇਖੀ ਹੈ ਜਾਂ ਤੇਰੇ ਕੋਲੇ ਫਲਾਣੇ ਕਿਸੇ ਮਿਸਤਰੀ ਦਾ ਨੰਬਰ ਹੈ.... ਚਲੋ ਜੀ, ਇਨੀ ਗੱਲ ਆਖਣ ਦੀ ਦੇਰ ਹੁੰਦੀ ਹੈ ਕਿ ਸਾਰੇ ਜਾਣੇ ਆਪੋ ਆਪਣੇ ਫੋਨ ਕੱਢ ਕੇ ਇਦਾਂ ਮੇਜ ਤੇ ਰੱਖ ਲੈਂਦੇ ਨੇ ਜੇ ਮੈਂ ਮਾੜੇ ਗੈਂਗ ਦੇ ਮੈਂਬਰ ਆਪੋ ਆਪਣਾ ਅਸਲਾ ਕੱਢ ਕੇ ਰੱਖ ਲੈਂਦੇ ਨੇ..... ਅੱਧੇ ਘੰਟੇ ਬਾਅਦ ਉਸ ਕਮਰੇ ਵਿੱਚ ਜਾਓ ਤਾਂ ਉੱਥੇ ਹਾਸੇ ਗੂੰਜਦੇ ਨੇ ਠਹਾਕੇ ਲੱਗਦੇ ਨੇ ਉਹ ਵੀ ਮੋਬਾਇਲ ਤੇ ਵੀਡੀਓ ਦੇਖ ਕੇ। ਸਾਡੇ ਕੋਲੇ ਆਪਸ ਚ ਕਰਨ ਨੂੰ ਕੋਈ ਗੱਲ ਵੀ ਨਹੀਂ ਬਚੀ।
ਮੇਰੇ ਆਪਣੇ ਹਸਬੈਂਡ ਜਦੋਂ ਛੋਟਾ ਬੇਟਾ ਹੋਇਆ ਤੇ ਮੇਰਾ ਸੀ ਸੈਕਸ਼ਨ ਹੋਇਆ ਸੀ ਤੇ ਮੇਰੇ ਸਿਰਾਣੇ ਬੈਠੇ ਫੋਨ ਤੇ ਵੀਡੀਓ ਹੀ ਦੇਖੀ ਗਏ.... ਮੈਂ ਕਿਹਾ ਰੱਬ ਦਾ ਵਾਸਤਾ ਅੱਜ ਤਾਂ ਬਖਸ਼ ਦਓ... ਇਦੋਂ ਤਾਂ ਉੱਠ ਕੇ ਘਰ ਚਲੇ ਜਾਓ..... ਇੱਕ ਤਾਂ ਟਾਂਕਿਆਂ ਦੀ ਤਕਲੀਫ, ਤੇ ਉੱਪਰੋਂ ਉਹ ਜਿਹੜੀਆਂ ਉਹ ਬੇਤੁਕੀਆਂ ਵੀਡੀਓਜ ਦੀ ਆਵਾਜ਼ ਤੁਹਾਡੇ ਕੰਨਾਂ ਚ ਪੈਂਦੀ ਹੈ।
ਉਦਾਂ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਵਾਕ ਸਾਂਭਣ ਦੀ ਜਿੰਮੇਵਾਰੀ ਇਕੱਲੀ ਮਾਂ ਦੀ ਹੀ ਹੈ.... ਪਿਓ ਬੱਸ ਦਿਹਾੜੀ ਲਾ ਕੇ ਆ ਜਾਂਦੇ ਹਨ ਤੇ ਰੋਟੀ ਖਾ ਕੇ ਸੌ ਜਾਂਦੇ ਹਨ.... ਮਾਫ ਕਰਨਾ ਨਾਲ ਨਾਲ ਫੋਨ ਵੀ ਚੱਲਦਾ ਹੈ.... ਤੇ ਜੇ ਕਿਸੇ ਦਿਨ ਉਹਨਾਂ ਨੂੰ ਫੂਕ ਛਕਾ ਕੇ ਭੇਜ ਵੀ ਦਿੰਨੇ ਆ ਕਿ ਜਾਓ ਬੱਚੇ ਨੂੰ ਸੈਰ ਕਰਾ ਲਿਆਓ,ਜਾਓ ਬੱਚੇ ਦੇ ਨਾਲ ਸਾਈਕਲ ਚਲਾ ਲਿਆਓ ਤਾਂ ਉਹਨਾਂ ਨੇ ਆਪਣੇ ਕੰਨ ਦੇ ਵਿੱਚ ਫੋਨ ਵਾਲੀਆਂ ਟੂਟੀਆਂ ਲਾ ਲੈਣੀਆਂ ਨੇ ਤੇ ਨਿਆਣੇ ਉੱਥੇ ਪਾਰਕਾਂ ਚ ਜੋ ਮਰਜ਼ੀ ਕਰੀ ਜਾਣ।
ਸਿਰਫ ਤੇ ਸਿਰਫ ਸਾਡੀ ਇੱਕ ਪੰਜਾਬੀ ਕਮਿਊਨਿਟੀ ਮੈਂ ਵੇਖੀ ਆ ਜਿਨਾਂ ਦਾ 24 ਘੰਟੇ ਫੋਨ ਚੱਲਦਾ..... ਕਿਸੇ ਗੱਡੀ ਦੇ ਵਿੱਚ ਡਰਾਈਵਰ ਤੇ ਝਾਤੀ ਮਾਰ ਲਓ.... ਕਿਸੇ ਤੁਰੇ ਜਾਂਦੇ ਸਟੂਡੈਂਟ ਨੂੰ ਵੇਖ ਲਓ..... ਕਿਸੇ ਨੂੰ ਪਾਰਕਾਂ ਦੇ ਵਿੱਚ ਜਵਾਕ ਖਡਾਉਂਦੇ ਨੂੰ ਵੇਖ ਲਓ.... ਕਿਸੇ ਨੂੰ ਸੈਰ ਤੇ ਜਾਂਦੇ ਨੂੰ ਵੇਖ ਲਓ..... ਸਾਰਾ ਦਿਨ ਜਾਭਾਂ ਦਾ ਭੇੜ ਚੱਲਦਾ ਹੈ..... ਮੈਨੂੰ ਲੱਗਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਫੋਨ ਦੀਆਂ ਕੰਪਨੀਆਂ ਚੱਲੀਆਂ ਹੀ ਸਾਡੇ ਸਿਰ ਤੇ ਆਉਂਦੀਆਂ ਹਨ। ਟਰੱਕਾਂ ਵਾਲੇ ਵੀਰਾਂ ਅਤੇ ਟੈਕਸੀ ਵਾਲੇ ਭਾਈਆਂ ਕੋਲ ਤਾਂ ਬਹਾਨਾ ਆ ਕਿ ਅਸੀਂ ਟਾਈਮ ਕੱਢਣਾ ਹੁੰਦਾ..... ਪਰ ਤੁਸੀਂ ਕਿਸੇ ਵੀ ਵਰਗ ਦੇ ਨਿਆਣੇ ਤੋਂ ਲੈ ਕੇ ਸਿਆਣੇ ਨੂੰ ਵੇਖ ਸਕਦੇ ਹੋ ਕਿਸੇ ਨੂੰ ਵੀ ਫੋਨ ਤੋਂ ਬਿਨਾਂ ਨਹੀਂ ਵੇਖੋਗੇ......
ਤਾਂ ਭਾਈ ਹਾਲੇ ਦੁੱਧ ਦੇ ਵਿੱਚ ਖੱਟੇ ਦੀ ਬੂੰਦ ਨਹੀਂ ਡਿੱਗੀ..... ਹੁਣ ਤਾਂ ਪੂਰਾ ਦਹੀਂ ਜੰਮ ਚੁੱਕਿਆ ਹੈ..... ਅਸੀਂ ਇਸ ਚੱਕਰ ਵਿਊ ਦੇ ਵਿੱਚ ਫਸ ਚੁੱਕੇ ਆਂ ਤੇ ਸਿੱਖਣਾ ਹੁਣ ਅਸੀਂ ਇਹ ਹੈ ਕਿ ਅਸੀਂ ਨਿਕਲਣਾ ਕਿੱਦਾਂ ਹੈ।
ਹੋਰ ਨਹੀਂ ਤਾਂ ਕਿਸੇ ਆਏ ਗਏ ਦੇ ਸਾਹਮਣੇ ਆਪਣੇ ਫੋਨ ਨੂੰ ਬਾਰ-ਬਾਰ ਦੇਖਣਾ ਬੰਦ ਕਰੋ... ਅਗਲੇ ਨੂੰ ਇਹ ਅਹਿਸਾਸ ਕਰਾਉਣਾ ਕਿ ਤੁਸੀਂ ਪਤਾ ਨਹੀਂ ਕਿੰਨੇ ਕੁ ਬਿਜ਼ੀ ਹੋ.... ਅਤੇ ਅਗਲੇ ਦੇ ਆਏ ਕਰਕੇ ਤੁਹਾਡੇ ਕਿੰਨੇ ਕੁ ਜਰੂਰੀ ਕੰਮ ਰਹਿ ਗਏ....
ਕੋਸ਼ਿਸ਼ ਕਰੋ ਕਿ ਜਦੋਂ ਬੱਚਿਆਂ ਦੇ ਨਾਲ ਖੇਡਦੇ ਹੋ ਉਹਨਾਂ ਦੀਆਂ ਖੇਡਾਂ ਦੇ ਨਾਲ ਹੀ ਖੇਡੋ ਤੇ ਆਪਣੇ ਫੋਨ ਨੂੰ ਕਮਰੇ ਦੇ ਵਿੱਚ ਹੀ ਰੱਖ ਜਾਵੋ..... ਨਹੀਂ ਤਾਂ ਫੋਨ ਵਰਤਣਾ ਬੱਚਿਆਂ ਦੀ ਆਦਤ ਨਹੀਂ ਹੈ ਨਾ ਉਹ ਤਾਂ ਸਿਰਫ ਉਹ ਕਰ ਰਹੇ ਨੇ ਜੋ ਤੁਹਾਨੂੰ ਕਰਦੇ ਦੇਖ ਰਹੇ ਹਨ।
ਪਹਿਲਾਂ ਅਸੀਂ ਆਪਣੇ ਵੱਡੇ ਸਮਝਾ ਕੇ ਵੇਖ ਲਈਏ।
ਧੰਨਵਾਦ
ਪੁਨੀਤ ਕੌਰ
ਕੈਲਗਰੀ
ਗੱਲ ਚੋਂ ਗੱਲ
ਕਈ ਵਾਰੀ ਗੱਲ ਚੋਂ ਗੱਲ ਨਿਕਲ ਆਉਂਦੀ ਹੈ।
ਕੋਈ ਨਿੱਕੀ ਜਿਹੀ ਘਟਨਾ ਸਾਨੂੰ ਜ਼ਿੰਦਗੀ ਦੇ ਕਿੰਨੇ ਹੀ ਸਾਲ ਪਿੱਛੇ ਲੈ ਜਾਂਦੀ ਹੈ। ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖੀ... ਥੋੜੀ ਹਾਸ ਰਸ ਸੀ.... ਹੋਇਆ ਕੀ ਕਿ ਅੱਜ ਕੱਲ ਸਮਾਰਟ ਚੀਜ਼ਾਂ ਦਾ ਜਮਾਨਾ ਹੈ। ਅੱਜ ਕੱਲ ਦੀ ਨਵੀਂ ਪੀੜੀ ਜਾਨੀ ਕਿ ਸਾਡੇ ਬੱਚੇ ਇਹ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਚਲਾਉਣਾ ਸਿੱਖ ਜਾਂਦੇ ਹਨ। ਪਰ ਬਜ਼ੁਰਗਾਂ ਲਈ ਇਹ ਚੀਜ਼ਾਂ ਕਿਸੇ ਅਚੰਭੇ ਤੋਂ ਘੱਟ ਨਹੀਂ ਹਨ। ਯੂਕੇ ਦੀ ਇਹ ਬੀਬੀ.... ਕੱਪੜਿਆਂ ਦੇ ਸਟੋਰ ਦੇ ਵਿੱਚ.. ਬਿੱਲ ਭਰਨ ਵਾਸਤੇ ਲਾਈਨ ਦੇ ਵਿੱਚ ਲੱਗੀ ਹੋਈ ਸੀ। ਇਸ ਤੋਂ ਅੱਗੇ ਵਾਲੇ ਯੰਗ ਉਮਰ ਦੇ ਮੁੰਡੇ ਨੇ ਆਪਣੀ ਘੜੀ ਨੂੰ ਹੀ ਬਿੱਲ ਵਾਲੀ ਮਸ਼ੀਨ ਦੇ ਨਾਲ ਲਗਾ ਕੇ, ਬਿੱਲ ਅਦਾ ਕਰ ਦਿੱਤਾ..... ਹੁਣ ਇਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ.... ਕਿ ਇਦਾਂ ਕਿੱਦਾਂ ਕੋਈ ਬੰਦਾ ਘੜੀ ਤੋਂ ਹੀ ਆਪਣਾ ਬਿੱਲ ਭਰ ਸਕਦਾ ਹੈ..... ਹਾਲਾਂਕਿ ਜਾਣ ਦੀ ਤਾਂ ਉਹ ਸਭ ਕੁਝ ਹੈ ਪਰ ਉਹਨੇ ਇਸ ਘਟਨਾ ਨੂੰ ਇਨਾ ਵਧੀਆ ਆਪਣੇ ਸ਼ਬਦਾਂ ਦੇ ਵਿੱਚ ਪਰੋਇਆ... ਕਿ ਉਹ ਬਾਰ ਬਾਰ ਦੁਕਾਨਦਾਰ ਨੂੰ ਪੁੱਛ ਰਹੀ ਹੈ ਕਿ ਜੇ ਮੈਂ ਇਹ ਘੜੀ ਲੈ ਲਵਾਂ ਤਾਂ ਇਹਦੇ ਨਾਲ ਕੁਝ ਵੀ ਖਰੀਦ ਸਕਦੀ ਆਂ.... ਤੇ ਦੁਕਾਨਦਾਰ ਅੱਗੋਂ ਕਹਿ ਰਿਹਾ ਹਾਂ ਹਾਂ ਕੁਝ ਵੀ ਲੈ ਸਕਦੇ ਹੋ। ਤਾਂ ਉਹ ਬੀਬੀ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਆਪਾਂ ਔਖੀਆਂ ਸੌਖੀਆਂ ਹੋ ਕੇ ਇਹ ਘੜੀ ਲਈਏ..... ਭਾਵੇਂ ਆਪਾਂ ਨੂੰ ਅੱਧੋ ਅੱਧ ਪੈਸੇ ਪਾਉਣੇ ਪੈ ਜਾਣ ਪਰ ਸਾਰੀ ਜ਼ਿੰਦਗੀ ਦਾ ਸਿਆਪਾ ਮੁੱਕ ਜੂਗਾ।
ਹਾਸੇ ਦੀ ਗੱਲ ਦੱਸਦੀ ਆਂ ਕਿ ਜਦੋਂ ਮੈਂ ਪਹਿਲੀ ਵਾਰੀ ਕਿਸੇ ਨੂੰ ਇਸ ਤਰ੍ਹਾਂ ਆਪਣੀ ਘੜੀ ਤੋਂ ਬਿੱਲ ਪੇ ਕਰ ਦੇਖਿਆ ਸੀ ਮੇਰੀ ਵੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਰਹੀ.... ਮੈਂ ਹੁਣ ਵੀ ਆਪਣੇ ਫੋਨ ਵਾਲੇ ਬਟੂਏ ਦੇ ਵਿੱਚੋਂ ਆਪਣਾ ਕ੍ਰੈਡਿਟ ਕਾਰਡ ਕੱਢ ਕੇ ਹੀ ਬਿੱਲ ਅਦਾ ਕਰਨਾ ਪਸੰਦ ਕਰਦੀ ਆਂ.... ਘੜੀ ਮੈਂ ਚਾਹੇ ਲੈ ਲਈ ਹ ਪਰ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਘੜੀ ਤੋਂ ਵੀ ਪੇ ਕਰ ਸਕਦੀ ਆਂ।
ਇਸੇ ਨਾਲ ਰਲਦੀ ਮਲਦੀ ਇੱਕ ਘਟਨਾ ਦੱਸਦੀ ਆਂ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬੀਬੀ ਘੱਟੋ ਘੱਟ 20 ਸਾਲ ਪਹਿਲਾਂ ਵਿਜਿਟਰ ਵੀਜ਼ੇ ਦੇ ਉੱਤੇ ਕਨੇਡਾ ਆਈ। ਬੀਬੀ ਕੋਰੀ ਹੀ ਅਨਪੜ ਸੀ ਤੇ ਕਦੇ ਵੀ ਆਪਣੇ ਪਿੰਡ ਤੋਂ ਗਾਹਾਂ ਨਹੀਂ ਸੀ ਗਈ.... ਤੇ ਹੁਣ ਜਦੋਂ ਆਈ ਸੀ ਤਾਂ ਸਿੱਧਾ ਕਨੇਡਾ। ਉਦੋਂ ਇੰਡੀਆ ਵਿੱਚ ਤਾਂ ਸਭ ਤਰ੍ਹਾਂ ਦਾ ਭੁਗਤਾਨ ਅਸੀਂ ਕੈਸ਼ ਪੈਸਿਆਂ ਨਾਲ ਹੀ ਕਰਦੇ ਸੀ। ਕਰੈਡਿਟ ਕਾਰਡ ਜਾਂ ਬੈਂਕ ਵਾਲੇ ਕਾਰਡ ਦਾ ਜਮਾਨਾ ਉਦੋਂ ਨਹੀਂ ਸੀ.
ਬੀਬੀ ਨੇ ਜਦੋਂ ਇੱਥੇ ਆਪਣੇ ਨੂੰਹ ਪੁੱਤ ਦੇ ਨਾਲ ਕਿਸੇ ਵੀ ਸਟੋਰ ਦੇ ਉੱਤੇ ਜਾਣਾ.....
ਤਾਂ ਉਹਨੂੰ ਕਦੇ ਵੀ ਕੈਸ਼ ਪੈਸਿਆਂ ਦੇ ਇਧਰ ਆ ਕੇ ਦਰਸ਼ਨ ਨਹੀਂ ਸੀ ਹੋਏ।
ਉਹ ਦੇਖਦੀ ਸੀ ਕਿ ਉਹਦੇ ਨੂੰ ਪੁੱਤ ਪਰਸ ਦੇ ਵਿੱਚੋਂ ਇੱਕ ਪੱਤਾ ਜਿਹਾ ਕੱਢ ਕੇ ਮਸ਼ੀਨ ਦੇ ਨਾਲ ਲਾ ਦਿੰਦੇ ਹਨ। ਬੀਬੀ ਬਹੁਤ ਹੀ ਖੁਸ਼ ਹੋਈ ਕਿ ਕਨੇਡਾ ਤਾਂ ਮੁਫਤੋ ਮੁਫਤੀ ਬੱਚਿਆਂ ਨੂੰ ਸਾਂਭੀ ਜਾ ਰਿਹਾ। ਜਦ ਬੀਬੀ ਵਾਪਸ ਇੰਡੀਆ ਗਈ ਤਾਂ ਅਸੀਂ ਵੀ ਬੀਬੀ ਨੂੰ ਮਿਲਣ ਗਏ।
ਚੰਗੀ ਪੰਚਾਇਤ ਜਿੰਨਾ ਇਕੱਠ ਹੋ ਜਾਇਆ ਕਰੇ ਬੀਬੀ ਨੂੰ ਮਿਲਣ ਆਏ ਲੋਕਾਂ ਦਾ..... ਅਤੇ ਬੀਬੀ ਸਾਰਿਆਂ ਨੂੰ ਹੁਬ ਹੁਬ ਕੇ ਇਹੀ ਦੱਸਿਆ ਕਰੇ ਕਿ ਉੱਥੇ ਕੋਈ ਪੈਸਾ ਨਹੀਂ ਲੱਗਦਾ। ਬਸ ਸਿਰਫ ਕਨੇਡਾ ਜਾਣ ਦਾ ਹੀ ਖਰਚਾ ਹੈ। ਸਾਡੇ ਵੀ ਕੋਈ ਗੱਲ ਸਮਝ ਨਾ ਪਵੇ ਅਸੀਂ ਵੀ ਹੈਰਾਨ ਸੀ ਕਿ ਇੱਕ ਪਾਸੇ ਤਾਂ ਕਨੇਡਾ ਵਾਲੇ ਰੋਂਦੇ ਹਨ ਕਿ ਸਾਡੇ ਖਰਚੇ ਨਹੀਂ ਪੂਰੇ ਹੁੰਦੇ..... ਤਾਂ ਬੀਬੀ ਨੇ ਆਪਣੀ ਗੱਲ ਤੇ ਜ਼ੋਰ ਪਾਉਂਦੀ ਨੇ ਕਿਹਾ " ਕਿ ਮੈਂ ਕੋਈ ਕਮਲੀ ਥੋੜੇ ਆਂ..... ਉਹਨੇ ਹੱਥ ਤੇ ਹੱਥ ਧਰ ਕੇ ਇਸ਼ਾਰਾ ਕਰਦੀ ਨੇ ਦੱਸਿਆ ਕਿ ਬਸ ਐਡੀ ਕੁ ਡੀਟੀ ਜਿਹੀ ਹੈ.... ਉਹਨੂੰ ਜਿੱਥੇ ਮਰਜ਼ੀ ਲਾ ਦਿੰਦੇ ਨੇ ਤੇ ਬਿੱਲ ਭਰਿਆ ਜਾਂਦਾ "
ਜਦੋਂ ਬਾਅਦ ਚੋਂ ਸਾਨੂੰ ਸਮਝ ਆਈ ਕਿ ਬੀਬੀ ਬੈਂਕ ਵਾਲੇ ਕਾਰਡ ਦੀ ਗੱਲ ਕਰ ਰਹੀ ਹੈ ਤਾਂ ਅਸੀਂ ਹੱਸ ਹੱਸ ਦੂਹਰੇ ਹੋ ਗਏ..... ਨਾ ਤਾਂ ਬੀਬੀ ਨੂੰ ਸਮਝ ਆਵੇ ਕਿ ਇਹ ਉਹੀ ਪੈਸੇ ਹਨ ਜੋ ਅਸੀਂ ਕਮਾ ਕੇ ਬੈਂਕ ਦੇ ਵਿੱਚ ਰੱਖੇ ਹੁੰਦੇ ਹਨ, ਜਾਂ ਅਸੀਂ ਪਹਿਲਾਂ ਕਰਜ਼ਾ ਚੱਕ ਲੈਦੇ ਆਂ ਤੇ ਮਹੀਨੇ ਬਾਅਦ ਚੈੱਕ ਆਏ ਤੇ ਉਹਨੂੰ ਅਦਾ ਕਰ ਦਿੰਨੇ ਆਂ।
ਪਰ ਬੀਬੀ ਪੂਰੇ ਸਬਰ ਸੰਤੋਖ ਦੇ ਵਿੱਚ ਸੀ।
ਧੰਨਵਾਦ
ਪੁਨੀਤ ਕੌਰ
ਅੱਛਾ ਤਾਈ ਸਾਡੀ ਦੇ ਕਿੰਨੇ ਹੀ ਭਾਂਡੇ ਸਾਡੇ ਘਰੇ ਆਏ ਪਏ ਸੀ.... ਸੋਚਿਆ ਕਿ ਤਾਈ ਦੇ ਭਾਂਡੇ ਮੋੜ ਆਵਾਂ... ਤਾਈ ਸਾਡੀ ਨੂੰ ਆਦਤ ਸੀ ਭਾਵੇਂ ਕੋਈ ਚੀਜ਼ ਬਣਾਵੇ ਉਹਨੇ ਹਰ ਇੱਕ ਨਾਲ ਵੰਡਣੀ ਹੀ ਵੰਡਣੀ ਹੈ. ਬੀਜੀ ਦੱਸਦੇ ਸੀ ਕਿ ਤਾਈ ਦਾ ਵਿਆਹ ਨਿੱਕੀ ਉਮਰੇ ਹੋਇਆ ਸੀ ਅਤੇ ਜਦੋਂ ਤਾਈ ਨਵੀਂ ਨਵੀਂ ਵਿਆਹੀ ਆਈ ਸੀ ਤਾਂ ਤਾਈ ਨੂੰ ਕੋਈ ਬਾਲੀ ਰਸੋਈ ਸਾਂਭਣੀ ਨਹੀਂ ਸੀ ਆਉਂਦੀ... ਪਰ ਹੌਲੀ ਹੌਲੀ ਤਾਈ ਸਾਰੇ ਕੰਮਾਂ ਦੇ ਵਿੱਚ ਸਹੁੰਨਰੀ ਹੁੰਦੀ ਗਈ ਅਤੇ ਹੁਣ ਉਹ ਸਾਰੇ ਟੱਬਰ ਦਾ ਮੁੱਢ ਬਣ ਗਈ ਸੀ। ਤਾਈ ਪਿੱਛੋਂ ਵੱਡੇ ਪਰਿਵਾਰ ਵਿੱਚੋਂ ਆਈ ਸੀ ਅਤੇ ਵੱਡੇ ਪਰਿਵਾਰਾਂ ਦੇ ਕਈ ਬੱਚੇ ਲਾਡਲੇ ਹੀ ਰਹਿ ਜਾਂਦੇ ਨੇ ਤੇ ਉਨਾਂ ਨੂੰ ਅੱਗੇ ਵਾਲੇ ਘਰ ਪਰਿਵਾਰ ਦਾ ਕੋਈ ਬਾਲਾ ਕੰਮ ਨਹੀਂ ਸਾਂਭਣਾ ਆਉਂਦਾ ਹੁੰਦਾ.
ਪਰ ਹੁਣ ਤਾਈ ਆਪਣੀ ਸਾਰੀ ਜਿੰਮੇਵਾਰੀ ਕਿਉਂਟ ਕੇ ਵਿਹਲੀ ਹੋ ਚੁੱਕੀ ਸੀ.... ਤਾਈ ਦਾ ਮੁੰਡਾ ਵਿਆਹ ਕਰਵਾ ਕੇ ਅਮਰੀਕਾ ਜਾ ਚੁੱਕਿਆ ਸੀ ਅਤੇ ਤਾਈ ਦੀ ਕੁੜੀ ਉਹ ਵੀ ਆਪਣੇ ਘਰੇ ਕਦੋਂ ਦੀ ਸੁਖੀ ਸੁਖੀ ਵਸ ਰਹੀ ਸੀ..... ਤਾਈ ਦਾ ਸੁਭਾਅ ਹੁਣ ਫਕੀਰਾਂ ਵਾਲਾ ਹੋ ਚੁੱਕਿਆ ਸੀ.... ਕਦੇ ਗਲੀ ਦੇ ਅਵਾਰਾ ਕੁੱਤਿਆਂ ਨੂੰ ਰੋਟੀ ਜਾਂ ਦੁੱਧ ਪਾ ਦਿੰਦੀ
ਕਦੇ ਕਿਸੇ ਵੀ ਮੰਗਤੇ ਜਾਂ ਗਰੀਬ ਘਰ ਦੇ ਬੱਚੇ ਨੂੰ ਸੱਦ ਕੇ ਰੋਟੀ ਖਵਾਉਣ ਲੱਗ ਜਾਂਦੀ.... ਕਦੇ ਕਿਸੇ ਦੇ ਹੱਥ ਤੇ ਕੁਝ ਧਰ ਦੇਣਾ ਕਦੇ ਕੁਛ। ਤਾਈ ਦੇ ਕੋਲੇ ਆਉਣ ਵਾਲਾ ਹਰੇਕ ਬੰਦਾ ਖੁਸ਼ ਹੋ ਕੇ ਹੀ ਜਾਂਦਾ ਸੀ। ਤਾਈ ਦੇ ਮੂੰਹ ਤੋਂ ਵੀ ਹੁਣ ਉਹਦੇ ਅੰਦਰਲੀ ਚੰਗਿਆਈ ਝਲਕਣ ਲੱਗ ਪਈ ਸੀ। ਜੇ ਉਹਨੂੰ ਕੋਈ ਬੁਲਾ ਲੈਂਦਾ ਤਾਂ ਅਸੀਸਾਂ ਦੀ ਝੜੀ ਲਾ ਦਿੰਦੀ.... ਨਹੀਂ ਉਹ ਬਾਲਾ ਕਿਸੇ ਦੇ ਆਉਣ ਜਾਣ ਦੀ ਸ਼ੌਕੀਨ ਨਹੀਂ ਸੀ। ਉਹਨੇ ਜੋ ਸਵੇਰ ਤੋਂ ਸ਼ੁਰੂ ਹੋਣਾ ਪਤਾ ਨਹੀਂ ਰਸੋਈ ਦੇ ਵਿੱਚ ਕੀ ਕਰਦੀ ਰਹਿੰਦੀ ਸੀ। ਕਦੇ ਕਦੇ ਸਾਡਾ ਤਾਇਆ ਖਿੱਝ ਜਾਂਦਾ ਸੀ ਕਿ ਦੋ ਆਪਾਂ ਜੀ ਆਂ ਤੂੰ ਕਰਦੀ ਕੀ ਹੈ??
ਜਦ ਮੈਂ ਭਾਂਡੇ ਮੋੜਨ ਤਾਈ ਦੇ ਵਿਹੜੇ ਚ ਪਹੁੰਚੀ..... ਤਾਂ ਦੇਖਿਆ ਤਾਏ ਦਾ ਚਿਹਰਾ ਲੋਹਾ ਲਾਖਾ ਹੋਇਆ ਪਿਆ ਸੀ ਤੇ ਉਧਰ ਤਾਈ ਵੀ ਬੁੜਬੁੜ ਕਰਦੀ ਫਿਰਦੀ ਸੀ। ਇਹ ਤਾਂ ਇੱਕ ਅਣਹੋਣੀ ਸੀ ਨਾ. ਤਾਈ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਸੀ ਬੋਲਦੀ..... ਹਾਂ ਜੇ ਕਦੇ ਕੋਈ ਜਿਆਦੇ ਹੱਦਾਂ ਬੰਨੇ ਟੱਪੇ.... ਫੇਰ ਤਾਈ ਤਸੱਲੀ ਵੀ ਕਰਾ ਦਿੰਦੀ ਸੀ। ਮੈਂ ਸਹਿਜ ਸੁਭਾ ਇਹੀ ਪੁੱਛ ਲਿਆ.... ਕੇ "ਤਾਇਆ ਜੀ ਸੁੱਖ ਤਾਂ ਹੈ..... ਅੱਜ ਤਾਂ ਤਾਈ ਨੇ ਸੇਵਾ ਕੀਤੀ ਲੱਗਦੀ "
ਤਾਇਆ ਕੁਝ ਨਹੀਂ ਬੋਲਿਆ.... ਪਰ ਤਾਈ ਨੂੰ ਜਿਵੇਂ ਸ਼ੁਰੂ ਹੋਣ ਲਈ ਬਹਾਨਾ ਚਾਹੀਦਾ ਸੀ
ਕਹਿੰਦੀ ਹੋਣਾ ਕੀ ਹ ਪੁੱਤ..... ਤੇਰਾ ਤਾਇਆ ਮੈਨੂੰ ਬੁਜਲੀਆਂ ਕਰਾਉਣ ਨੂੰ ਫਿਰਦਾ??
ਮੇਰੇ ਗੱਲ ਸਮਝ ਚ ਨਹੀਂ ਆਈ..... ਪਰ ਤਾਈ ਜੀ ਤੁਸੀਂ ਬੁਜਲੀਆਂ ਪਾ ਕੇ ਜਾਣਾ ਕਿੱਥੇ ਆ ?? ਲੈ ਦੇਖ ਲਾ.... ਤਾਈ ਨੇ ਤਾਏ ਵੱਲ ਹੱਥ ਕਰਦੀ ਨੇ ਕਿਹਾ..... ਆਹ ਭੋਰਾ ਭਰ ਛੋਕਰੀ ਨੂੰ ਇਹ ਗੱਲ ਸਮਝ ਆ ਗਈ ਕਿ ਮੈਂ ਆਹ ਉਮਰੇ ਬੁਜਲੀਆਂ ਪਾ ਕੇ ਜਾਣਾ ਕਿੱਥੇ ਹ ਪਰ ਤੇਰੇ ਚਿੱਟੀ ਦਾੜੀ ਆਲੇ ਤਾਏ ਨੂੰ ਨਹੀਂ ਇਹ ਗੱਲ ਸਮਝ ਨੀ ਆਈ।
ਹੁਣ ਤਾਇਆ ਵੀ ਰੋਂਅ ਦੇ ਵਿੱਚ ਸੀ..... ਭਾਈ ਸੀਪੇ..... ਸਾਰੀ ਉਮਰ ਤੇਰੀ ਤਾਈ ਮੇਰੇ ਨਾਲ ਲੜਦੀ ਰਹੀ ਕਿ ਮੈਂ ਕੁਛ ਲੈ ਕੇ ਨਹੀਂ ਦਿੰਦਾ..... ਹੁਣ ਕੁਛ ਟੁੱਟਿਆ ਭੱਜਿਆ ਪੁਰਾਣਾ ਸੋਨਾ ਪਿਆ ਸੀ ਮੈਂ ਇਹਨੂੰ ਕਿਹਾ ਕਿ ਇਹਨੂੰ ਸਾਰੇ ਨੂੰ ਵੇਚ ਵੱਟ ਕੇ ਤੂੰ ਆਪਣੇ ਲਈ ਕੋਈ ਟੂਮ ਕਰਾ ਲਾ.... ਬਸ ਇਥੋਂ ਤੇਰੀ ਤਾਈ ਅੱਗ ਫੜ ਗਈ।
ਮੈਂ ਉੱਚੀ ਦੇਣੇ ਤਾੜੀ ਮਾਰ ਕੇ ਹੱਸ ਪਈ..... ਤਾਈ ਜੀ ਤੁਸੀਂ ਤਾਂ ਬਾਹਲੇ ਭੋਲੇ ਆ...... ਤਾਇਆ ਤੁਹਾਨੂੰ ਆਪਣਾ ਵੀ ਸੋਨਾ ਦੇਣ ਨੂੰ ਫਿਰਦਾ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਕਰਨਾ ਕੀ ਹੈ
ਮੈਨੂੰ ਕਹੇ ਤਾਂ ਕੋਈ ਮੈਂ ਤਾਂ ਚੀਜ਼ਾਂ ਦੀ ਝੜੀ ਲਾ ਦਿਆਂ......
ਤਾਈ ਮੇਰੇ ਕੋਲੇ ਆਈ ਤੇ ਮੇਰਾ ਸਿਰ ਪਲੋਸ ਕੇ ਕਹਿੰਦੀ..... ਹਾਂ, ਆਹੀ ਗੱਲ ਮੈਂ ਕਹਿਨੀ ਆ ਪੁੱਤ.... ਕਿ ਇਹਨਾਂ ਚੀਜ਼ਾਂ ਦੀ ਵੀ ਇੱਕ ਉਮਰ ਹੁੰਦੀ ਆ.... ਜਦੋਂ ਮੈਂ ਵਿਆਹੀ ਇਸ ਟੱਬਰ ਦੇ ਵਿੱਚ ਆਈ.... ਤਾਂ ਆਪਦੇ ਟੱਬਰ ਵੱਲੋਂ ਪਾਏ ਹੋਏ ਗਹਿਣੇ ਵੀ ਇਹਦੀ ਮਾਂ ਕੋਲੋਂ ਦਿਨ ਤਿਉਹਾਰ ਤੇ ਮੰਗ ਕੇ ਲੈਣੇ..... ਅਤੇ ਆ ਕੇ ਫੇਰ ਜਮਾ ਕਰਾ ਦੇਣੇ.... ਉਦੋਂ ਮੇਰੇ ਤਾਏ ਚਾਚੇ ਦੀਆਂ ਕੁੜੀਆਂ ਮੇਰੀਆਂ ਸਕੀਆਂ ਭੈਣਾਂ ਮੇਰੀਆਂ ਰਿਸ਼ਤੇਦਾਰੀ ਦੇ ਵਿੱਚੋਂ ਮਾਮੇ ਮਾਸੀਆਂ ਦੀਆਂ ਕੁੜੀਆਂ..... ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੀਆਂ ਹੀ ਚੰਗੇ ਘਰਾਂ ਦੇ ਵਿੱਚ ਵਿਆਹੀਆਂ ਗਈਆਂ ਸੀ। ਉਦੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਪੁੱਤ ਚਾਅ ਹੁੰਦਾ ਹੀ ਹ ਇੱਕ ਦੂਜੇ ਨੂੰ ਆਪਣੇ ਸਹੁਰਿਆਂ ਦੀ ਟੌਰ ਬਣਾ ਕੇ ਦਿਖਾਉਣ ਦਾ.... ਉਦੋਂ ਕਿਸੇ ਨੇ ਨਾ ਇਹ ਗੱਲਾਂ ਸਮਝੀਆਂ। ਸਮਾਂ ਤੇ ਇਹਨਾਂ ਦੇ ਦਿਲ ਚ ਇਹੀ ਧੁੜਕੂ ਰਹਿੰਦਾ ਕਿ ਕਿਤੇ ਪੇਕਿਆਂ ਦਾ ਸੋਨਾ ਪੇਕਿਆਂ ਨੂੰ ਹੀ ਨਾ ਛੱਡ ਆਵੇ.... ਜਾਂ ਮੈਂ ਕਿਤੇ ਭੱਜ ਹੀ ਨਾ ਜਾਵਾਂ.....
ਹੁਣ ਪੁੱਤ ਨਾ ਮੇਰੀਆਂ ਭੈਣਾਂ ਰਹੀਆਂ ਨੇ..... ਅਤੇ ਨਾ ਹੀ ਉਹ ਰਿਸ਼ਤੇਦਾਰੀਆਂ....
ਜਵਾਕ ਆਪੋ ਆਪਣੇ ਘਰੇ ਸੈੱਟ ਨੇ... ਅੱਧਾ ਕੀ ਹੁਣ ਤਾਂ ਸਾਰਾ ਸਿਰ ਚਿੱਟਾ ਹੋ ਗਿਆ.... ਜਦੋਂ ਦੇ ਮੇਰੇ ਮਾਂ ਪਿਓ ਪੂਰੇ ਹੋਏ ਨੇ... ਉਦੋਂ ਦਾ ਮੈਂ ਆਪਦੇ ਸਹੁਰਿਆਂ ਦਾ ਰੋਬ ਜਾ ਰੁਤਬਾ ਕਿਹਨੂੰ ਵਿਖਾਉਣ ਜਾਣਾ...... ਮਾਂ ਪਿਓ ਨੂੰ ਹੀ ਚਾਅ ਹੁੰਦਾ ਪੁੱਤ ਕਿ ਕੁੜੀਆਂ ਸਹੁਰਿਆਂ ਤੋਂ ਹੱਸਦੀਆਂ ਆਉਣ..... ਮੈਂ ਆਪਣੀ ਸਾਰੀ ਜਿੰਮੇਵਾਰੀ ਕਿਉਂਟ ਲਈ ਹੁਣ ਮੈਂ ਪਿੱਪਲ ਪੱਤੀਆਂ ਪਾ ਕੇ ਕਿਹਨੂੰ ਦਿਖਾਉਣੀਆਂ ਨੇ?
ਹੁਣ ਮੇਰੇ ਹਾਸੇ ਕਿਧਰੇ ਹੀ ਉੱਡ ਪੁੱਡ ਗਏ ਸੀ.... ਬਲਕਿ ਮੇਰੇ ਅੱਖਾਂ ਦੇ ਵਿੱਚ ਹੰਝੂ ਸਨ।
ਕੁੜੀਆਂ ਭਾਵੇਂ ਕਿਸੇ ਵੀ ਜਮਾਨੇ ਦੀਆਂ ਹੋਣ..... ਪਰ ਸਹੁਰੇ ਸਾਰੇ ਇੱਕੋ ਹੀ ਰੱਸੀ ਨਾਲ ਬੰਨੇ ਹੋਏ ਹਨ। ਨੂੰਹ ਨੂੰ ਕਿਸੇ ਦਿਨ ਤਿਉਹਾਰ ਤੇ ਨਹੀਂ ਜਾਣ ਦੇਣਾ..... ਕਦੇ ਕੋਈ ਦਿਨ ਸੁਧ ਆ ਜਾਵੇ ਤਾਂ ਨਵਾਂ ਸੂਟ ਬਣਾਉਣ ਪਿੱਛੇ ਵੀ ਘਰ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਜਾਂਦਾ।
ਸਾਰੀ ਉਮਰ ਬੇਗਾਨੀ ਧੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ। ਘਰੋਂ ਕੋਈ ਚੀਜ਼ ਗਾਇਬ ਹੋ ਜਾਵੇ ਤਾਂ ਹੁੰਦਾ ਕਿਤੈ ਨੂੰਹ ਨੇ ਆਪਣੇ ਪੇਕਿਆਂ ਨੂੰ ਨਾ ਦੇ ਦਿੱਤੀ ਹੋਵੇ।
ਸੋ ਭਾਈ.... ਇਸ ਸਾਰੀ ਵਾਰਤਾ ਨੂੰ ਲਿਖਣ ਦਾ ਮਕਸਦ ਇਹੀ ਸੀ.... ਕਿ ਸਭ ਕੁਝ ਪਾਉਣ ਹੰਡਾਉਣ ਦੀ ਵੀ ਇੱਕ ਉਮਰ ਹੁੰਦੀ ਹੈ.... ਤਾਂ ਕੁੜੀਆਂ ਨੂੰ ਆਪਣੇ ਚਾਅ ਲਾਡ ਪੂਰੇ ਕਰ ਲੈਂਣ ਦਿਆ ਕਰੋ। ਨਹੀਂ ਤਾਂ ਬੁੱਢੀ ਉਮਰੇ ਤੁਸੀਂ ਕਹਿੰਦੇ ਰਹਿ ਜਾਓਗੇ ਕਿ ਕੁਝ ਲੈ ਲਾ
ਅਤੇ ਉਹਨੇ ਕਹਿਣਾ ਹੁਣ ਮੈਂ ਕੀ ਕਰਨਾ???
ਧੰਨਵਾਦ
ਪੁਨੀਤ ਕੌਰ
ਬੜਾ ਹੀ ਦੁੱਖ ਹੁੰਦਾ ਹੈ ਜਦੋਂ ਵਿਆਹੀਆਂ ਅਤੇ ਦੁਖੀ ਧੀਆਂ ਦੀਆਂ ਪੋਸਟਾਂ ਪੜਨ ਨੂੰ ਮਿਲਦੀਆਂ ਹਨ। ਕੋਈ ਵੀ ਧੀ ਜਾਂ ਕੋਈ ਵੀ ਮਾਪਾ ਨਹੀਂ ਚਾਹੇਗਾ ਕਿ ਉਹਨਾਂ ਦੀ ਧੀ ਇਦਾਂ ਦੇ ਹਾਲਾਤਾਂ ਵਿੱਚ ਦੀ ਲੰਘੇ। ਜਦੋਂ ਅਸੀਂ ਆਪਣੇ ਬੱਚੇ ਲਈ ਹਮਸਫਰ ਲੱਭਣ ਬਾਹਰ ਦੁਨੀਆ ਚ ਤੁਰਦੇ ਹਾਂ ਤਾਂ ਅਸੀਂ ਸਭ ਤੋਂ ਬੇਹਤਰੀਨ ਹੀ ਲੱਭ ਕੇ ਲੈ ਕੇ ਆਉਦੇ ਹਾਂ। ਕਈ ਵਾਰ ਰਿਸ਼ਤੇਦਾਰੀਆਂ ਦੇ ਵਿੱਚ ਕੀਤੇ ਹੋਏ ਵਿਆਹ ਵੀ ਨਹੀਂ ਨਿਭਦੇ.... ਦੋਸਤੀ ਦੇ ਵਿੱਚ ਕੀਤੇ ਹੋਏ ਵਿਆਹ ਵੀ ਨਹੀਂ ਨਿਭਦੇ ਅਤੇ ਕਈ ਵਾਰ ਅਣਜਾਨ ਲੋਕ ਵੀ ਰੱਬ ਹੋ ਨਿਬੜਦੇ ਹਨ।
ਜਦੋਂ ਵੀ ਇੱਥੇ ਕਦੇ ਕੋਈ ਧੀ ਇੱਕ ਪੋਸਟ ਪਾਉਂਦੀ ਹੈ ਜਾਂ ਕੋਈ ਮਾਂ ਆਪਣੀ ਧੀ ਦਾ ਦਰਦ ਲਿਖਣ ਦੀ ਕੋਸ਼ਿਸ਼ ਕਰਦੀ ਹੈ.... ਜਾਂ ਇੱਕ ਮਾਂ ਆਪਣੇ ਜਵਾਨੀ ਪਹਿਰੇ ਦੀਆਂ ਸੰਘਰਸ਼ ਦੀਆਂ ਗੱਲਾਂ ਸੁਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੱਤਾਂ ਦੇਣ ਨੂੰ ਬਹੁਤ ਸਿਆਣੇ ਸਿਆਣੇ ਵਿਦਵਾਨ ਤੁਰ ਪੈਂਦੇ ਹਨ। ਕਮੈਂਟਾਂ ਦੀ ਝੜੀ ਲੱਗ ਜਾਂਦੀ ਹੈ ਕਿ ਤੁਸੀਂ ਇਦਾਂ ਕਰ ਲੈਣਾ ਸੀ, ਜੇ ਤੁਸੀਂ ਇਦਾਂ ਕਰ ਲੈਂਦੇ,ਜੇ ਇਦਾਂ ਹੁੰਦਾ ਹੀ ਨਾ..... ਪਰ ਸਾਡੇ ਸਮਾਜ ਦੇ ਵਿੱਚ ਇਹ ਕਾਰੋਬਾਰ ਇਦਾਂ ਦਾ ਹੈ ਜਿਹਦੇ ਵਿੱਚ ਕਦੇ ਵੀ ਤੁਹਾਡੀ ਕੋਈ ਸਿਆਣਪ ਨਹੀਂ ਚੱਲਦੀ।
ਇਹ ਉਹ ਸੱਚ ਹੁੰਦਾ ਜਿਹਦੇ ਬਾਰੇ ਤੁਹਾਨੂੰ ਬੋਲਣ ਲੱਗਿਆ ਜਾਂ ਲਿਖਣ ਲੱਗਿਆਂ ਬਹੁਤ ਵੱਡਾ ਜੇਰਾ ਚਾਹੀਦਾ ਹੈ।
ਜਦੋਂ ਅਸੀਂ ਪੈਦਾ ਹੁੰਦੇ ਆਂ ਤਾਂ ਰੱਬ ਸਾਡੇ ਨਾਲ ਕੋਈ ਇੰਸਟਰਕਸ਼ਨ ਕਾਰਡ ਨਹੀਂ ਭੇਜਦਾ.... ਕਿ ਜੇ ਤੁਸੀਂ ਇਦਾਂ ਚੱਲੋਗੇ ਤਾਂ ਤੁਹਾਡੇ ਨਾਲ ਇਦਾਂ ਹੋਏਗਾ ਜੇ ਤੁਸੀਂ ਇਦਾਂ ਚਲੋਗੇ ਤਾਂ ਆਹ ਨਹੀਂ ਹੋਏਗਾ.... ਇਹ ਅਸੀਂ ਆਪ ਸਿੱਖਦੇ ਹਾਂ। ਕਨੇਡਾ ਦੇ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਕਿਤੇ ਤਾਂ ਜਵਾਨ ਬੱਚੀਆਂ ਸਾਰਾ ਕੰਮ ਆਪ ਕਰਦੀਆਂ ਹਨ.... ਅਤੇ ਕਿਤੇ ਮਾਵਾਂ ਬੱਚੇ ਨੂੰ ਕੱਪ ਵੀ ਨਹੀਂ ਚੱਕਣ ਦਿੰਦੀਆਂ ਉਹ ਕਹਿੰਦੀਆਂ ਹਨ ਕਿ ਸਾਡੇ ਤੇ ਬਹੁਤ ਜਵਾਨੀ ਪਹਿਰੇ ਜਿੰਮੇਵਾਰੀਆਂ ਪੈ ਗਈਆਂ ਸੀ ਮੈਂ ਚਾਹੁੰਦੀ ਆ ਕਿ ਹੁਣ ਮੇਰੀ ਧੀ ਮੇਰੇ ਸਿਰ ਤੇ ਐਸ਼ ਕਰੇ। ਜਿਸ ਨੂੰ ਜੋ ਠੀਕ ਲੱਗਦਾ ਹੈ ਉਹ ਕਰ ਲਵੇ।
ਜਦੋਂ ਮੈਂ ਕਾਲਜ ਦੇ ਵਿੱਚ ਪੜਦੀ ਸੀ ਤਾਂ ਇੱਕ ਦਿਨ ਲੈਕਚਰ ਦੇ ਦੌਰਾਨ ਸਾਡੀ ਇੱਕ ਮੈਡਮ ਦੀਆਂ ਅੱਖਾਂ ਭਰ ਆਈਆਂ..... ਹੰਜੂ ਖੁਸ਼ੀ ਦੇ ਵੀ ਸੀ ਅਤੇ ਦੁੱਖ ਦੇ ਵੀ.... ਜਦੋਂ ਮੈਡਮ ਨੇ ਲੈਕਚਰ ਖਤਮ ਕੀਤਾ ਤਾਂ ਕੁੜੀਆਂ ਵੱਖ-ਵੱਖ ਸਵਾਲ ਪੁੱਛ ਰਹੀਆਂ ਸਨ.... ਮੈਡਮ ਨੂੰ ਦੇਖ ਕੇ ਖੁਸ਼ੀ ਇਹ ਹੋਈ ਕਿ ਕੁੜੀਆਂ ਦੇ ਵਿੱਚ ਪੜ੍ਹਨ ਦੀ ਕਿੰਨੀ ਲਾਲਸਾ ਹੈ... ਕਿ ਹਾਲੇ ਇਹ ਭਵਿੱਖ ਤੋਂ ਅਣਜਾਣ ਹਨ... ਪਰ ਇਹ ਚੰਗੇ ਭਵਿੱਖ ਦੀ ਆਸ ਦੇ ਵਿੱਚ ਪੈਰਾਂ ਭਾਰ ਹੋਈਆਂ ਖੜੀਆਂ ਹਨ.... ਅਤੇ ਦੁੱਖ ਇਸ ਗੱਲ ਦਾ ਸੀ ਕਿ ਕਈ ਅਨਪੜ ਲੋਕਾਂ ਨੇ ਇਹ ਲੱਖਾਂ ਰੁਪਏ ਖਰਚ ਕੇ ਲਈਆਂ ਹੋਈਆਂ ਡਿਗਰੀਆਂ ਨੂੰ ਕੂੜੇ ਦੇ ਭਾ ਵੇਚ ਦੇਣਾ ਹੈ। ਮੈਡਮ ਨੇ ਆਪ ਦੱਸਿਆ ਸੀ ਕਿ ਉਹਨਾਂ ਨੇ ਬੜੇ ਚਾਅ ਦੇ ਨਾਲ ਆਪਣੀ ਬੇਟੀ ਨੂੰ ਡਾਕਟਰ ਬਣਾਇਆ ਸੀ।
ਪਰ ਬੇਗਾਨੇ ਕਹਿੰਦੇ ਕਿ ਅਸੀਂ ਡਾਕਟਰੀ ਨਹੀਂ ਖਾਣੀ ਅਸੀਂ ਤਾਂ ਰੋਟੀ ਖਾਣੀ ਹੈ..... ਸਾਨੂੰ ਰੋਟੀ ਪਾਣੀ ਕਰਨ ਵਾਲੀ ਕੁੜੀ ਚਾਹੀਦੀ ਹੈ।
ਇਸੇ ਤਰ੍ਹਾਂ ਹੀ ਮੈਂ ਇੱਕ ਹੋਰ ਕੁੜੀ ਨੂੰ ਜਾਣਦੀ ਹਾਂ ਜਿਹਦਾ ਵਿਆਹ ਇੱਕ ਅੰਮ੍ਰਿਤਧਾਰੀ ਪ੍ਰੋਫੈਸਰ ਦੇ ਨਾਲ ਹੋਇਆ ਸੀ। ਜਿਹੜਾ ਵੀ ਉਹਨਾਂ ਦੀ ਜੋੜੀ ਨੂੰ ਦੇਖਦਾ ਸੀ ਉਹ ਵਾਹ ਵਾਹ ਕਰ ਉੱਠਦਾ ਸੀ। ਮੁੰਡਾ ਵਿਆਹ ਤੋਂ ਥੋੜਾ ਚਿਰ ਪਹਿਲਾਂ ਪ੍ਰੋਫੈਸਰ ਲੱਗ ਚੁੱਕਿਆ ਸੀ.... ਅਤੇ ਕੁੜੀ ਗੋਲਡ ਮੈਡਲਿਸਟ ਪੀਐਚਡੀ ਹੋਲਡਰ ਸੀ..... ਵਿਆਹ ਤੋਂ ਬਾਅਦ ਉਹੀ ਡਰਾਮਾ ਫਿਰ ਸ਼ੁਰੂ ਹੋ ਗਿਆ ਜੀ ਅਸੀਂ ਕੁੜੀ ਕੰਮ ਤੇ ਨਹੀਂ ਲੱਗਣ ਦੇਣੀ.... ਅਸੀਂ ਚਾਹੁੰਦੇ ਆਂ ਕਿ ਇਹ ਮਾਂ ਪਿਓ ਦੀ ਸੇਵਾ ਕਰੇ। ਉਹ ਕੁੜੀ ਬਾਅਦ ਵਿੱਚ ਕਾਫੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਤੇ ਇੱਕ ਵਾਰ ਆਤਮ ਹੱਤਿਆ ਦੀ ਵੀ ਕੋਸ਼ਿਸ਼ ਕੀਤੀ। ਉਹਨੇ ਦੱਸਿਆ ਕਿ ਹੁਣ ਪੀਐਚਡੀ ਦੇ ਸਟੂਡੈਂਟ ਉਹਦੇ ਘਰੇ ਆਉਂਦੇ ਹਨ ਖਾਸ ਕਰਕੇ ਕੁੜੀਆਂ..... ਕਿਉਂਕਿ ਅੰਮ੍ਰਿਤਧਾਰੀ ਬੰਦਾ ਸੀ ਤਾਂ ਕੁੜੀਆਂ ਛੇਤੀ ਧਿਜ ਜਾਂਦੀਆਂ ਸੀ..... ਕਹਿੰਦੀ ਉਹਨਾਂ ਦੇ ਸ਼ਬਦ ਵਾਰ ਵਾਰ ਮੇਰੇ ਸਿਰ ਚ ਹਥੌੜਿਆਂ ਵਾਂਗ ਵੱਜਦੇ ਹਨ ਜਦੋਂ ਉਹ ਕਹਿੰਦੀਆਂ ਨੇ ਕਿ ਸਰ ਬਹੁਤ ਚੰਗੇ ਹਨ..... ਅਤੇ ਸਰ ਵਰਗਾ ਘਰ ਵਾਲਾ ਹਰੇਕ ਨੂੰ ਮਿਲੇ ਤੇ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕਿਸੇ ਦੁਸ਼ਮਣ ਨੂੰ ਵੀ ਨਾ ਮਿਲੇ। ਇਹ ਹੈ ਸਾਡਾ ਦੋਗਲਾ ਸਮਾਜ। ਬਾਹਰਲੇ ਲੋਕਾਂ ਨੂੰ ਅਸੀਂ ਚੰਗੇ ਬਣ ਬਣ ਦਿਖਾਉਦੇ ਆ.... ਅਤੇ ਘਰਦਿਆਂ ਦੇ ਅਸੀਂ ਗਿਣ ਗਿਣ ਬਦਲੇ ਲੈਂਦੇ ਹਾਂ।
ਇਹ ਹੈ ਸਾਡੇ ਮਰਦ ਪ੍ਰਧਾਨ ਸਮਾਜ ਦੀ ਹਉਮੈ..... ਕਿ ਜਾਂ ਤਾਂ ਅਸੀਂ ਅਗਲੀ ਨੂੰ ਬਰਾਬਰ ਖੜਨ ਹੀ ਨਹੀਂ ਦੇਣਾ ਜੇ ਉਹ ਖੜ ਵੀ ਗਈ ਤਾਂ ਉਹਦੇ ਹੱਥੋਂ ਸਭ ਕੁਝ ਲੈ ਲਵਾਂਗੇ ਕਿ ਉਹ 20 50 ਰੁਪਆ ਪਿੱਛੇ ਵੀ ਸਾਡੇ ਅੱਗੇ ਹੱਥ ਅੱਡਦੀ ਫਿਰੇ।
ਚਲੋ ਹੁਣ ਆਈਲੈਟਸ ਵਾਲਾ ਜਮਾਨਾ ਚੱਲ ਪਿਆ ਹੈ... ਬੜੀ ਚਰਚਾ ਚੱਲ ਪਈ ਹੈ ਇਸ ਵਿਸ਼ੇ ਤੇ ਕਿ ਕਿੱਦਾਂ ਧੀਆਂ ਦੇ ਸੌਦੇ ਹੁੰਦੇ ਹਨ ਬਲਕਿ ਹੁਣ ਤਾਂ ਕਲਯੁਗ ਹੈ ਮੁੰਡਿਆਂ ਦੇ ਸੌਦੇ ਵੀ ਹੁੰਦੇ ਹਨ। ਪਰ ਧੀਆਂ ਦੇ ਸੌਦੇ ਹੁੰਦੇ ਕਦੋਂ ਨਹੀਂ ਸੀ??? ਜਦੋਂ 16 17 ਸਾਲਾਂ ਦੀਆਂ ਕੁੜੀਆਂ ਵੱਡੀ ਉਮਰ ਲਿਖਾ ਕੇ ਬੁੜਿਆਂ ਨਾਲ ਵਿਆਹ ਕੇ ਇੰਗਲੈਂਡ ਤੋਰ ਦਿੱਤੀਆਂ ਜਾਂਦੀਆਂ ਸਨ?? ਜਾਂ ਜਦੋਂ ਕਨੇਡਾ ਅਮਰੀਕਾ ਲਈ ਵੱਟੇ -ਸੱਟੇ ਦੇ ਵਿਆਹ ਹੁੰਦੇ ਸਨ??
ਕਹਿੰਦੇ ਮੇਰਾ ਭਾਰਤ ਤਾਂ ਇੰਨਾ ਮਹਾਨ ਹੈ ਕਿ ਕੁੜੀ ਨੂੰ ਕਿਸੇ ਅਣਜਾਣ ਮੁੰਡੇ ਨਾਲ ਗੱਲ ਨਹੀਂ ਕਰਨ ਦਿੱਤੀ ਜਾਂਦੀ.... ਪਰ ਵਿਆਹ ਜਰੂਰ ਕਰ ਦਿੱਤਾ ਜਾਂਦਾ।
ਬਾਕੀ ਤਾਂ ਸਭ ਦੀ ਆਪੋ ਆਪਣੀ ਕਿਸਮਤ ਹੈ ਪਰ ਜਿੰਨੀ ਕੁ ਗੱਲ ਖੋਲ ਸਕਦੇ ਹੋ ਉਨੀ ਕ ਜਿਆਦਾ ਤੋਂ ਜਿਆਦਾ ਗੱਲ ਖੋਲ ਕੇ ਕਰਿਆ ਕਰੋ.। ਆਪਣੇ ਬੱਚੇ ਨੂੰ ਪੈਸੇ ਧੇਲੇ ਪੱਖੋਂ ਆਤਮ ਨਿਰਭਰ ਹੋਣਾ ਸਿਖਾਓ। ਹਾਲੇ ਮੰਗਣਾ ਹੁੰਦਾ ਨਹੀਂ ਕਿ ਬੈਂਕ ਅਕਾਊਂਟ ਪਹਿਲਾਂ ਸਾਂਝੇ ਹੋ ਜਾਂਦੇ ਨੇ..... ਕਿੰਨੀਆਂ ਹੀ ਟੀਚਰ ਕੁੜੀਆਂ ਅਤੇ ਮੇਰੇ ਨਾਲ ਦੀਆਂ ਨਰਸਾਂ ਕੁੜੀਆਂ... ਦੱਸਦੀਆਂ ਨੇ ਕਿ ਉਹ ਇੰਡੀਆ ਕੰਮ ਤਾਂ ਕਰਦੀਆਂ ਸਨ ਪਰ ਤਨਖਾਹ ਤਾਂ ਸਹੁਰਿਆਂ ਦੇ ਖਾਤੇ ਚ ਹੀ ਆ ਜਾਂਦੀ ਸੀ.... ਤੇ ਮੁੜ ਕੇ ਬੱਸਾਂ ਦਾ ਕਰਾਇਆ ਜਾਂ ਕੰਮ ਤੇ ਜੇ ਕੋਈ ਪਾਰਟੀ ਕਰਨੀ ਹੁੰਦੀ ਸੀ ਜਾਂ ਕੁਝ ਹੋਰ ਤਾਂ ਅਗਲੇ ਮੂਹਰੇ ਹੱਥ ਅੱਡ ਕੇ ਪੈਸੇ ਮੰਗਣੇ ਪੈਂਦੇ ਸਨ।
ਆਪਣੀਆਂ ਧੀਆਂ ਦੇ ਨਾਲ ਆਪਣੇ ਪੁੱਤਾਂ ਨੂੰ ਵੀ ਇਹ ਗੱਲ ਸਮਝਾਓ...... ਕਿ ਜੇ ਕਦੇ ਧੀ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਵੇ ਤਾਂ ਭਾਈਆਂ ਨੇ ਬਰਾਬਰ ਖੜਨਾ ਹੈ.... ਕਿਉਂਕਿ ਤੁਸੀਂ ਧੀ ਵਿਆਹੀ ਹੈ,ਬੇਦਖਲ ਨਹੀਂ ਕੀਤੀ। ਬੇਗਾਨੀਆਂ ਧੀਆਂ ਦਾ ਤਾਂ ਨਾ ਹੀ ਬਦਨਾਮ ਹੈ ਕੇ ਜੀ ਭਾਬੀ ਨੇ ਨਨਾਣ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ..... ਜਾਂ ਦੁਰਾਣੀਆਂ ਜਠਾਣੀਆਂ ਦੇ ਹੱਥਾਂ ਤੇ ਚੜ ਕੇ ਸਕੇ ਭਰਾ ਲੜ ਪਏ। ਇਹੋ ਜਿਹੇ ਭਰਾਵਾਂ ਦੀ ਬਣਦੀ ਤਾਂ ਪਹਿਲਾਂ ਵੀ ਨਹੀਂ ਹੁੰਦੀ..... ਆਂਡ ਗੁਆਂਢ ਨੂੰ ਪੁੱਛ ਕੇ ਵੇਖ ਲਓ ਨਿੱਤ ਜੁੰਡੋ ਜੂੰਡੀ ਹੁੰਦੇ ਸੀ ਪਰ ਹੁਣ ਸਾਨੂੰ ਇਲਜ਼ਾਮ ਰੱਖਣ ਨੂੰ ਇੱਕ ਜੀ ਮਿਲ ਗਿਆ ਤਾਂ ਉਹ ਅਸੀਂ ਬੇਗਾਨੀਆਂ ਧੀਆਂ ਸਿਰ ਮੜ ਦਿੰਨੇ ਆ। ਮੈਂ ਅਕਸਰ ਦੇਖਿਆ ਹੈ ਭਰਜਾਈਆਂ ਦੇ ਨਾਲੋਂ ਪਹਿਲਾਂ ਭਰਾ ਭੱਜ ਲੈਂਦੇ ਹਨ ਕਿ ਜੇ ਇਹਦਾ ਆਪਣੇ ਘਰ ਵਾਲੇ ਦੇ ਨਾਲੋਂ ਛੱਡ ਛਡਈਆ ਹੋ ਗਿਆ ਤਾਂ ਇਹ ਸਾਨੂੰ ਹੀ ਸਾਂਭਣੀ ਪੈਣੀ ਹੈ।
ਬਹੁਤੇ ਲੋਕ ਸਲਾਹ ਦਿੰਦੇ ਹਨ ਕਿ ਕੁੜੀਆਂ ਨੂੰ ਕੋਈ ਨਾ ਕੋਈ ਕੰਮ ਆਉਣਾ ਚਾਹੀਦਾ ਹੈ..... ਮੈਂ ਇਥੇ ਕਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਡਾਕਟਰ ਕੁੜੀਆਂ ਖੂਨ ਦੇ ਹੰਜੂ ਰੋਂਦੀਆਂ ਵੇਖੀਆਂ ਹਨ। ਪਰਮਾਤਮਾ ਸਾਡੇ ਲੋਕਾਂ ਨੂੰ ਸਮੱਤ ਬਖਸ਼ੇ..... ਅਤੇ ਬੇਗਾਨੀ ਧੀ ਨੂੰ ਗਲੇ ਲਾਉਣ ਦਾ ਸਬਰ ਦਵੇ।
ਹੁਣ ਫੇਸਬੁਕ ਤੇ ਮੈਂ ਖਾਲਸਾ ਕਾਲਜ ਫਾਰ ਵੁਮਨ ਨਾਂ ਦਾ ਪੇਜ ਵੀ ਚਲਾਉਂਦੀਆਂ.... ਅਤੇ ਕਿੰਨੇ ਹੀ ਟੀਚਰਾਂ ਨਾਲ ਦੁਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ.... ਮੈਂ ਅਕਸਰ ਉਹਨਾਂ ਨੂੰ ਕਹਿੰਦੀ ਹਾਂ ਕਿ ਮੈਡਮ ਅਸੀਂ ਤੁਹਾਡੇ ਮੂੰਹ ਤੇ ਕਦੇ ਕੋਈ ਸ਼ਿਕਨ ਨਹੀਂ ਸੀ ਵੇਖਿਆ... ਅਸੀਂ ਤਾਂ ਤੁਹਾਨੂੰ ਹਮੇਸ਼ਾ ਰੰਗ ਬਰੰਗੇ ਸੂਟ ਪਾ ਕੇ ਹੱਸਦਿਆਂ ਨੂੰ ਹੀ ਵੇਖਿਆ... ਕੀ ਉਦੋਂ ਸਭ ਕੁਝ ਠੀਕ ਹੁੰਦਾ ਸੀ ਜਾਂ ਸਾਡੇ ਵੇਲੇ ਹੀ ਬੇੜਾ ਕੁਝ ਜਿਆਦੇ ਗਰਕ ਗਿਆ ਹੈ??? ਉਹਨਾਂ ਨੇ ਹੱਸ ਕੇ ਕਿਹਾ ਕਿ ਇਹ ਜ਼ਿੰਦਗੀ ਦਾ ਉਹ ਪਹਿਲੂ ਹੁੰਦਾ ਜਿਹਦੇ ਵਿੱਚ ਪੈਰ ਪਾ ਕੇ ਹੀ ਤੁਹਾਨੂੰ ਪਤਾ ਲੱਗਦਾ ਹੈ.... ਉਦੋਂ ਤੁਸੀਂ ਵੀ ਕਿੱਥੇ ਕੋਈ ਗੱਲ ਸੁਣਨ ਨੂੰ ਤਿਆਰ ਸੀ।
ਅੱਛਾ, ਨਾ ਹੀ ਇਹਦੇ ਵਿੱਚ ਕੋਈ ਪੜ੍ਹੇ ਲਿਖੇ ਜਾਂ ਪੇਂਡੂ ਜਾਂ ਸ਼ਹਿਰੀ ਹੋਣ ਦਾ ਕੋਈ ਲੈਣਾ ਦੇਣਾ ਹੈ..... ਕਈ ਬਿਲਕੁਲ ਆਮ ਜਿਹੇ ਮਰਦ,ਬਿਲਕੁਲ ਆਮ ਜਿਹੀਆਂ ਕੁੜੀਆਂ ਮੈਂ ਐਸ਼ ਕਰਦੀਆਂ ਵੇਖੀਆਂ ਹਨ.... ਤੇ ਕਈ ਕਹਿੰਦੇ ਕਹਾਉਂਦੇ ਨਾਢੂ ਖਾਨ.... ਆਪਣੀ ਫੋਕੀ ਆਕੜ ਦੇ ਵਿੱਚ.... ਕਹਿੰਦੀਆਂ ਕਹਾਉਂਦੀਆਂ ਕੁੜੀਆਂ ਨੂੰ ਰੋਲ ਦਿੰਦੇ ਹਨ
ਕਿਉਂਕਿ ਕਿਤਾਬਾਂ ਵਰਗੀਆਂ ਕੁੜੀਆਂ ਅਨਪੜਾਂ ਦੇ ਪੱਲੇ ਜੋ ਪੈ ਜਾਂਦੀਆਂ ਹਨ
ਧੰਨਵਾਦ
ਪੁਨੀਤ ਕੌਰ
Click here to claim your Sponsored Listing.
Videos (show all)
Category
Contact the university
Website
Address
Ghumaar Mandi, Civil Lines
Ludhiana
141001
3002, Phase II, Urban Estate, Dugri
Ludhiana, 141003
"Edu Crux is an Institute of Commerce, Math, Science, English and Olympiad.
Baddowal, Ferozpur Road
Ludhiana, 142021
Established in 1999, approved by AICTE & affiliated to IKGPTU Ph: 0161-2888-500 / [email protected]
Punjab College Of Technical Education Baddowal, Ferozepur Road
Ludhiana, 142021
PCTE is an established choice by the foreign students in the Northern region of India. PCTE has stud
Amity Information Center 41 Fifth Floor, Feroze Gandhi Market Titan Building
Ludhiana, 141001
Amity information Center Ludhiana
4178, Street No. 5 Road, Near Dee Kay Electronics
Ludhiana, 141110
Education. All subjects relating to Commerce.
#9, Goodwill Complex, Near Yes Bank, Ferozpur Road
Ludhiana, 141001
Provides information about English grammer and IELTS tips and tricks